ਐਮੇਜ਼ਾਨ ਦੇ ਸੰਸਥਾਪਕ ਜੇਫ਼ ਬੇਜੋਸ ਬਣੇ ਦੁਨੀਆ ਦੇ ਸੱਭ ਤੋਂ ਅਮੀਰ ਸ਼ਖ਼ਸ
ਐਮੇਜ਼ਾਨ ਦੇ ਸੰਸਥਾਪਕ ਅਤੇ ਸੀਈ.ਓ. ਜੇਫ਼ ਬੇਜੋਸ ਦੁਨੀਆ ਦੇ ਸੱਭ ਤੋਂ ਅਮੀਰ ਸ਼ਖ਼ਸ ਬਣ ਗਏ ਹਨ.......
ਨਵੀਂ ਦਿੱਲੀ: ਐਮੇਜ਼ਾਨ ਦੇ ਸੰਸਥਾਪਕ ਅਤੇ ਸੀਈ.ਓ. ਜੇਫ਼ ਬੇਜੋਸ ਦੁਨੀਆ ਦੇ ਸੱਭ ਤੋਂ ਅਮੀਰ ਸ਼ਖ਼ਸ ਬਣ ਗਏ ਹਨ। ਜੇਫ਼ ਬੇਜੋਸ ਕੋਲ 141.9 ਅਰਬ ਡਾਲਰ ਦੀ ਕੁਲ ਜਾਇਦਾਦ ਹੈ, ਜਿਸ ਦੇ ਆਧਾਰ 'ਤੇ ਉਹ ਦੁਨੀਆ ਦੇ ਸੱਭ ਤੋਂ ਅਮੀਰ ਲੋਕਾਂ ਦੀ ਸੂਚੀ 'ਚ ਪਹਿਲੇ ਸਥਾਨ 'ਤੇ ਆ ਗਏ ਹਨ। ਫ਼ੋਰਬਸ ਨੇ ਦੁਨੀਆ ਦੇ ਅਰਬਪਤੀਆਂ ਦੀ ਸੂਚੀ ਕੱਢੀ ਹੈ, ਜਿਸ 'ਚ ਇਹ ਗੱਲ ਸਾਹਮਣੇ ਆਈ ਹੈ।
1 ਜੂਨ 2018 ਤੋਂ ਜੇਫ਼ ਬੇਜੋਸ ਦੀ ਜਾਇਦਾਦ 'ਚ 5 ਅਰਬ ਡਾਲਰ ਦਾ ਇਜ਼ਾਫ਼ਾ ਹੋਇਆ ਅਤੇ ਇਸ ਦੇ ਨਾਲ ਜੇਫ਼ ਬੇਜੋਸ ਨੇ ਮਾਈਕ੍ਰੋਸਾਫ਼ਟ ਦੇ ਸੰਸਥਾਪਕ ਬਿਲ ਗੇਟਸ ਨੂੰ ਦੂਜੇ ਸਥਾਨ 'ਤੇ ਛੱਡ ਦਿਤਾ ਹੈ। ਬਿਲ ਗੇਟਸ ਦੀ ਕੁਲ ਜਾਇਦਾਦ 92.9 ਅਰਬ ਡਾਲਰ ਹੈ। ਦੁਨੀਆ ਦੇ ਸੱਭ ਤੋਂ ਅਮੀਰ ਲੋਕਾਂ ਦੀ ਲਿਸਟ 'ਚ ਤੀਜੇ ਸਥਾਨ 'ਤੇ ਦੁਨੀਆ ਦੇ ਸੱਭ ਤੋਂ ਸਫ਼ਲ ਨਿਵੇਸ਼ਕ ਵਾਰੇਨ ਬਫ਼ੇਟ ਆਏ ਹਨ, ਜਿਸ ਦੀ ਕੁਲ ਜਾਇਦਾਦ 82.2 ਅਰਬ ਡਾਲਰ 'ਤੇ ਆਈ ਹੈ।
ਇਸ ਸਾਲ ਦੀ ਸ਼ੁਰੂਆਤ 'ਚ ਵੀ ਜੇਫ਼ ਬੇਜੋਸ ਦੁਨੀਆ ਦੇ ਸੱਭ ਤੋਂ ਅਮੀਰ ਵਿਅਕਤੀ ਬਣੇ ਸਨ ਅਤੇ ਉਨ੍ਹਾਂ ਦੀ ਆਨਲਾਈਨ ਰਿਟੇਲ ਕੰਪਨੀ ਐਮੇਜ਼ਾਨ ਦੁਨੀਆ 'ਚ ਦੂਜੀ ਸੱਭ ਤੋਂ ਵੱਡੀ ਕੰਪਨੀ ਬਣ ਗਈ ਸੀ। ਵਿਸ਼ਵ ਦੀਆਂ ਸੱਭ ਤੋਂ ਵੱਡੀਆਂ ਕੰਪਨੀਆਂ 'ਚ ਪਹਿਲੇ ਸਥਾਨ 'ਤੇ ਐਪਲ ਨੇ ਕਬਜ਼ਾ ਜਮਾਇਆ ਹੈ। (ਏਜੰਸੀ)