ਅੰਬ ਤੋੜਨ ਗਏ 10 ਸਾਲਾ ਬੱਚੇ ਦੀ ਸਿਰ 'ਚ ਗੋਲੀ ਮਾਰ ਕੇ ਹੱਤਿਆ
ਜ਼ਿਲ੍ਹੇ ਦੇ ਇਕ ਪਿੰਡ ਵਿਚ ਬਗੀਚੇ ਵਿਚ ਅੰਬ ਤੋੜਨ ਗਏ ਇਕ 10 ਸਾਲਾਂ ਦੇ ਬੱਚੇ ਦੀ ਗੋਲੀ ਮਾਰ ਕੇ ਹੱਤਿਆ ਕਰਨ ਦਾ ਮਾਮਲਾ...
ਖਗੜੀਆ (ਬਿਹਾਰ) : ਜ਼ਿਲ੍ਹੇ ਦੇ ਇਕ ਪਿੰਡ ਵਿਚ ਬਗੀਚੇ ਵਿਚ ਅੰਬ ਤੋੜਨ ਗਏ ਇਕ 10 ਸਾਲਾਂ ਦੇ ਬੱਚੇ ਦੀ ਗੋਲੀ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਰਿਪੋਰਟ ਮੁਤਾਬਕ ਬਗੀਚੇ ਦੀ ਰਖਵਾਲੀ ਕਰ ਰਹੇ ਇਕ ਵਿਅਕਤੀ ਨੇ ਗੁੱਸੇ ਵਿਚ ਆ ਕੇ ਬੱਚੇ ਦੇ ਸਿਰ ਵਿਚ ਗੋਲੀ ਮਾਰ ਦਿਤੀ। ਮਾਸੂਮ ਬੱਚੇ ਨੇ ਮੌਕੇ 'ਤੇ ਹੀ ਦਮ ਤੋੜ ਦਿਤਾ। ਘਟਨਾ ਗੋਗਰੀ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਸ਼ੇਰਗੜ੍ਹ ਦੀ ਹੈ। ਘਟਨਾ ਦੇ ਬਾਅਦ ਤੋਂ ਦੋਸ਼ੀ ਰਮਾ ਯਾਦਵ ਪਰਵਾਰ ਸਮੇਤ ਫ਼ਰਾਰ ਹੈ।
ਜਾਣਕਾਰੀ ਮੁਤਾਬਕ ਸ਼ੇਰਗੜ੍ਹ ਪਿੰਡ ਦੇ ਰਹਿਣ ਵਾਲੇ ਮਕੁਨੀ ਯਾਦਵ ਦਾ ਬੇਟਾ ਸੱਤਿਅਮ ਵੀਰਵਾਰ ਸਵੇਰੇ 9 ਵਜੇ ਬਗ਼ੀਚੇ ਵਿਚ ਅੰਬ ਤੋੜਨ ਲਈ ਗਿਆ ਸੀ। ਇਸੇ ਦੌਰਾਨ ਬਾਗ਼ ਦੀ ਰਖਵਾਲੀ ਕਰਨ ਵਾਲੇ ਰਮਾ ਯਾਦਵ ਨੇ ਬੱਚੇ 'ਤੇ ਗੋਲੀ ਚਲਾ ਦਿਤੀ ਜੋ ਉਸ ਦੇ ਸਿਰ ਵਿਚ ਜਾ ਲੱਗੀ। ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਪਿੰਡ ਵਾਲੇ ਵੀ ਮੌਕੇ 'ਤੇ ਪਹੁੰਚ ਗਏ ਪਰ ਉਦੋਂ ਤਕ ਬੱਚੇ ਦੀ ਮੌਤ ਹੋ ਗਈ ਸੀ।ਪਿੰਡ ਵਾਲਿਆਂ ਨੇ ਦੋਸ਼ੀ ਨੂੰ ਫੜਨ ਦੀ ਕੋਸ਼ਿਸ਼ ਕੀਤੀ
ਪਰ ਉਹ ਮੌਕੇ ਤੋਂ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਿਆ। ਪੁਲਿਸ ਦੋਸ਼ੀ ਦੀ ਭਾਲ ਵਿਚ ਜੁਟੀ ਹੈ। ਦਸਿਆ ਜਾ ਰਿਹਾ ਹੈ ਕਿ ਬਗ਼ੀਚਾ ਬਾੜੋ ਯਾਦਵ ਦੇ ਨਾਂਅ ਦੇ ਵਿਅਕਤੀ ਦਾ ਹੈ ਅਤੇ ਰਮਾ ਯਾਦਵ ਉਸ ਦੀ ਰਖ਼ਵਾਲੀ ਕਰਦਾ ਸੀ। ਇਸ ਤੋਂ ਪਹਿਲਾਂ ਵੀ ਗੋਗਰੀ ਥਾਣਾ ਖੇਤਰ ਵਿਚ ਕਈ ਘਟਨਾਵਾਂ ਬਗ਼ੀਚਾ ਵਿਵਾਦ ਕਾਰਨ ਹੋ ਚੁੱਕੀਆਂ ਹਨ। 17 ਮਈ 2015 ਨੂੰ ਗੋਗਰੀ ਥਾਣਾ ਖੇਤਰ ਦੇ ਗੌਰੈਈਆ ਬਥਾ ਪਿੰਡ ਵਿਚ ਬਾਗ਼ ਦੇ ਵਿਵਾਦ ਕਾਰਨ ਇਕ ਵਿਅਕਤੀ ਨੂੰ ਗੋਲੀ ਮਾਰ ਦਿਤੀ ਗਈ ਸੀ।
ਇਸ ਮਾਮਲੇ ਵਿਚ ਗੋਰੈਈਆ ਬਥਾਨ ਦੇ ਜਨਾਰਦਨ ਯਾਦਵ ਅਤੇ ਅਜੈ ਯਾਦਵ ਦੇ ਵਿਚਕਾਰ ਕਬਜ਼ੇ ਦੀ ਲੜਾਈ ਚੱਲ ਰਹੀ ਸੀ। ਗੋਲੀਬਾਰੀ ਦੀ ਘਟਨਾ ਵਿਚ ਉਸੇ ਪਿੰਡ ਦੇ ਅਜੈ ਯਾਦਵ ਅਤੇ ਉਸ ਦੇ ਪੁੱਤਰ ਨੇ ਗੋਲੀ ਚਲਾਈ ਸੀ।ਘਟਨਾ ਵਿਚ ਜਨਾਰਦਨ ਯਾਦਵ ਜ਼ਖ਼ਮੀ ਹੋ ਗਏ ਸਨ। ਉਥੇ 15 ਮਈ 2017 ਨੂੰ ਗੋਗਰੀ ਦੇ ਮੁਸ਼ਕੀਪੁਰ ਪਿੰਡ ਸਥਿਤ ਜਮਾਲਬਾਗ਼ ਦੇ ਕੋਲ ਸਥਿਤ ਬਗ਼ੀਚੇ ਦੀ ਲੜਾਈ ਵਿਚ ਇਕ ਪੱਖ ਵਲੋਂ ਗੋਲੀਬਾਰੀ ਕੀਤੀ ਗਈ ਸੀ, ਜਿਸ ਦੌਰਾਨ ਕਈ ਲੋਕ ਜ਼ਖ਼ਮੀ ਹੋ ਗਏ ਸਨ ਅਤੇ ਹੁਣ ਇਹ ਘਟਨਾ ਵਾਪਰੀ ਹੈ, ਜਿਸ ਵਿਚ ਬੱਚੇ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ।