'ਕਸ਼ਮੀਰ ਪਾਕਿ ਨੂੰ ਦੇਣਾ ਚਾਹੁੰਦੇ ਸਨ ਪਟੇਲ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸ ਨੇ ਕੀਤਾ ਸੋਜ਼ ਦੇ ਬਿਆਨ ਤੋਂ ਕਿਨਾਰਾ, ਹੋਵੇਗੀ ਕਾਰਵਾਈ....

Safudin Soz

ਨਵੀਂ ਦਿੱਲੀ, ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਸੈਫ਼ੂਦੀਨ ਸੋਜ਼ ਵਲੋਂ ਕਸ਼ਮੀਰ ਬਾਰੇ ਨਿੱਤ ਵਿਵਾਦਤ ਬਿਆਨ ਦੇਣ ਦਾ ਸਿਲਸਿਲਾ ਜਾਰੀ ਹੈ। ਭਾਰਤ ਅਤੇ ਪਾਕਿਸਤਾਨ ਵਿਚਕਾਰ ਅਮਨ-ਚੈਨ ਕਿਸ ਤਰ੍ਹਾਂ ਕਾਇਮ ਹੋਵੇ, ਇਸ ਸਵਾਲ ਦੇ ਜਵਾਬ 'ਚ ਕਾਂਗਰਸ ਦੇ ਸੀਨੀਅਰ ਆਗੂ ਸੈਫ਼ੂਦੀਨ ਸੋਜ਼ ਨੇ ਕਿਹਾ ਕਿ ਸ਼ਾਂਤੀ ਲਈ ਸਰਹੱਦ ਨਹੀਂ ਬਦਲੀ ਜਾਣੀ ਚਾਹੀਦੀ ਅਤੇ ਦੋਹਾਂ ਦੇਸ਼ਾਂ ਵਿਚਕਾਰ ਗੱਲਬਾਤ ਤੋਂ ਇਲਾਵਾ ਦੂਜਾ ਕੋਈ ਚਾਰਾ ਨਹੀਂ ਹੈ।

ਇਕ ਟੀ.ਵੀ. ਚੈਨਲ ਨਾਲ ਗੱਲਬਾਤ 'ਚ ਉਨ੍ਹਾਂ ਕਿਹਾ ਕਿ ਸਰਦਾਰ ਪਟੇਲ ਕਸ਼ਮੀਰ ਪਾਕਿਸਤਾਨ ਨੂੰ ਦੇਣਾ ਚਾਹੁੰਦੇ ਸਨ, ਜਦਕਿ ਜਵਾਹਰ ਲਾਲ ਨਹਿਰੂ ਇਸ ਦੇ ਹੱਕ 'ਚ ਨਹੀਂ ਸਨ।ਭਾਰਤ ਅਤੇ ਪਾਕਿਸਤਾਨ ਵਿਚਕਾਰ ਅਮਨ-ਚੈਨ ਕਿਸ ਤਰ੍ਹਾਂ ਕਾਇਮ ਹੋਵੇ, ਇਸ ਦੇ ਜਵਾਬ 'ਚ ਸੋਜ਼ ਨੇ ਕਿਹਾ ਕਿ ਸ਼ਾਂਤੀ ਲਈ ਸਰਹੱਦ ਨਹੀਂ ਬਦਲੀ ਜਾਣੀ ਚਾਹੀਦੀ ਅਤੇ ਦੋਹਾਂ ਦੇਸ਼ਾਂ ਵਿਚਕਾਰ ਗੱਲਬਾਤ ਤੋਂ ਇਲਾਵਾ ਦੂਜਾ ਕੋਈ ਚਾਰਾ ਨਹੀਂ ਹੈ।

ਕਸ਼ਮੀਰ 'ਤੇ ਉਨ੍ਹਾਂ ਦੀ ਆਉਣ ਵਾਲੀ ਕਿਤਾਬ 'ਤੇ ਹੋਏ ਵਿਵਾਦ 'ਤੇ ਸੋਜ਼ ਨੇ ਕਿਹਾ ਕਿ ਕਿਤਾਬ 'ਚ ਕੋਈ ਅਜਿਹੀ ਗੱਲ ਨਹੀਂ, ਜਿਸ ਨਾਲ ਕਾਂਗਰਸ ਨਾਰਾਜ਼ ਹੋਵੇ। ਸੋਜ਼ ਕਹਿੰਦੇ ਹਨ, ''ਮੈਂ ਕਿਤਾਬ 'ਚ ਲਿਖਿਆ ਹੈ ਕਿ ਸਰਦਾਰ ਪਟੇਲ ਚਾਹੁੰਦੇ ਸਨ ਕਿ ਕਸ਼ਮੀਰ ਪਾਕਿਸਤਾਨ ਨੂੰ ਦੇ ਦਿਤਾ ਜਾਵੇ, ਪਰ ਨਹਿਰੂ ਕਸ਼ਮੀਰ ਨੂੰ ਭਾਰਤ 'ਚ ਰੱਖਣ ਦੇ ਹੱਕ 'ਚ ਸਨ। ਆਖ਼ਰੀ ਦਮ ਤਕ ਪਟੇਲ ਚਾਹੁੰਦੇ ਸਨ ਕਿ ਕਸ਼ਮੀਰ ਪਾਕਿਸਤਾਨ ਨੂੰ ਦਿਤਾ ਜਾਵੇ।''

ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਬਲ ਪ੍ਰਯੋਗ ਨਾਲ ਕਸ਼ਮੀਰ ਮੁੱਦੇ ਦਾ ਨਿਪਟਾਰਾ ਨਹੀਂ ਹੋ ਸਕਦਾ। ਬਲਕਿ ਗੱਲਬਾਤ ਨਾਲ ਹੀ ਕੋਈ ਰਸਤਾ ਨਿਕਲੇਗਾ। ਸੋਜ਼ ਦੇ ਇਸ ਤੋਂ ਪਹਿਲਾਂ ਵਾਲੇ ਬਿਆਨ 'ਤੇ ਬੀ.ਜੇ.ਪੀ. ਨੇ ਸ਼ਖਤ ਇਤਰਾਜ਼ ਪ੍ਰਗਟਾਇਆ, ਪਾਰਟੀ ਬੁਲਾਰੇ ਰਵੀ ਸ਼ੰਕਰ ਪ੍ਰਸਾਦ ਨੇ ਸੋਜ਼ ਉਨ੍ਹਾਂ ਦੇ ਬਿਆਨ ਦਾ ਜ਼ਿਕਰ ਕੀਤਾ ਜਿਸ 'ਚ ਉਨ੍ਹਾਂ ਕਿਹਾ ਕਿ ਕਸ਼ਮੀਰ ਦੇ ਲੋਕ ਆਜ਼ਾਦੀ ਨੂੰ ਤਰਜੀਹ ਦੇਣਗੇ ਅਤੇ ਪੁਛਿਆ ਕਿ ਰਾਹੁਲ ਗਾਂਧੀ ਆਜ਼ਾਦ ਅਤੇ ਸੋਜ਼ ਵਿਰੁਧ ਕਾਰਵਾਈ ਕਰਨਗੇ।

ਉਧਰ, ਸੋਜ਼ ਦੀ ਆਉਣ ਵਾਲੀ ਕਿਤਾਬ 'ਚ ਕਸ਼ਮੀਰ ਬਾਰੇ ਕੀਤੀ ਗਈ ਗੱਲ ਨੂੰ ਖ਼ਾਰਜ ਕਰਦਿਆਂ ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸਿੰਘ ਸੂਰਜੇਵਾਲਾ ਨੇ ਕਿਹਾ ਕਿ ਕਿਤਾਬ ਵੇਚਣ ਲਈ ਸੋਜ਼ ਦੇ ਸਸਤੇ ਹਥਕੰਡੇ ਅਪਨਾਉਣ ਤੋਂ ਇਹ ਸੱਚ ਨਹੀਂ ਬਦਲਣ ਵਾਲਾ ਕਿ ਜੰਮੂ-ਕਸ਼ਮੀਰ ਭਾਰਤ ਦਾ ਅਨਿੱਖੜਵਾਂ ਹਿੱਸਾ ਹੈ। ਸੂਰਜੇਵਾਲਾ ਨੇ ਕਿਹਾ ਕਿ ਕਾਂਗਰਸ ਦੀ ਜੰਮੂ-ਕਸ਼ਮੀਰ ਇਕਾਈ ਸੋਜ਼ ਵਿਰੁਧ ਜ਼ਰੂਰੀ ਕਾਰਵਾਈ ਕਰੇਗੀ।  
(ਏਜੰਸੀਆਂ)