ਦੇਸ਼ ਦੇ ਰਖਿਆ ਬਜਟ ਤੋਂ ਡੇਢ ਗੁਣਾ ਰਕਮ ਸਵਦੇਸ਼ ਭੇਜਦੇ ਹਨ ਪ੍ਰਵਾਸੀ ਭਾਰਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੁਨੀਆ ਵਿਚ ਜਿਵੇਂ ਵੀ ਆਰਥਿਕ ਹਾਲਾਤ ਹੋਣ, ਪ੍ਰਵਾਸੀ ਭਾਰਤੀ ਅਪਣੀ ਦੀ ਕਮਾਈ ਦਾ ਵੱਡਾ ਹਿੱਸਾ ਸਵਦੇਸ਼ ਭੇਜਣਾ ਨਹੀਂ ਭੁੱਲਦੇ। ਵਿਸ਼ਵ ਬੈਂਕ ਦੀ ਰਿਪੋਰਟ ਕਹਿੰਦੀ ...

Budget

ਨਵੀਂ ਦਿੱਲੀ, ਦੁਨੀਆ ਵਿਚ ਜਿਵੇਂ ਵੀ ਆਰਥਿਕ ਹਾਲਾਤ ਹੋਣ, ਪ੍ਰਵਾਸੀ ਭਾਰਤੀ ਅਪਣੀ ਦੀ ਕਮਾਈ ਦਾ ਵੱਡਾ ਹਿੱਸਾ ਸਵਦੇਸ਼ ਭੇਜਣਾ ਨਹੀਂ ਭੁੱਲਦੇ। ਵਿਸ਼ਵ ਬੈਂਕ ਦੀ ਰਿਪੋਰਟ ਕਹਿੰਦੀ ਹੈ ਕਿ 2017 ਵਿਚ ਪ੍ਰਵਾਸੀ ਭਾਰਤੀਆਂ ਨੇ 69 ਅਰਬ ਡਾਲਰ ਦੀ ਵੱਡੀ ਰਕਮ ਸਵਦੇਸ਼ ਭੇਜੀ। ਇਹ ਰਕਮ ਭਾਰਤ ਦੇ ਰੱਖਿਆ ਬਜਟ ਦਾ ਡੇਢ ਗੁਣਾ ਹੈ। ਉਥੇ ਸਾਲ 2016 ਦੇ ਮੁਕਾਬਲੇ 2017 ਵਿਚ ਭਾਰਤੀ ਪ੍ਰਵਾਸੀਆਂ ਦੁਆਰਾ ਸਵਦੇਸ਼ ਭੇਜੀ ਗਈ ਰਕਮ ਵਿਚ 9.5 ਫ਼ੀਸਦੀ ਵਾਧਾ ਵੀ ਹੋਇਆ ਹੈ। 

ਰਿਪੋਰਟ ਮੁਤਾਬਕ ਸਾਲ 1991 ਤੋਂ 2017 ਦੇ ਵਿਚਕਾਰ ਵਿਦੇਸ਼ਾਂ ਤੋਂ ਭਾਰਤੀਆਂ ਦੁਆਰਾ ਭੇਜੀ ਜਾਣ ਵਾਲੀ ਰਕਮ 22 ਗੁਣਾ ਵਧੀ ਹੈ। ਭਾਰਤੀ 1991 ਵਿਚ ਮਹਿਜ਼ 3 ਅਰਬ ਡਾਲਰ ਸਵਦੇਸ਼ ਭੇਜਦੇ ਸਨ ਜੋ 2017 ਵਿਚ ਵਧ ਕੇ 69 ਅਰਬ ਡਾਲਰ ਹੋ ਗਿਆ ਹੈ। ਉਥੇ ਸੰਸਾਰਕ ਪੱਧਰ 'ਤੇ ਪ੍ਰਵਾਸੀਆਂ ਵਲੋਂ ਸਵਦੇਸ਼ ਭੇਜੀ ਜਾਣ ਵਾਲੀ ਰਕਮ 613 ਅਰਬ ਡਾਲਰ ਹੋ ਗਈ ਹੈ। ਭਾਰਤ ਤੋਂ ਬਾਅਦ ਕ੍ਰਮਵਾਰ ਚੀਨ, ਫਿਲੀਪੀਨਸ, ਮੈਕਸੀਕੋ, ਨਾਈਜ਼ੀਰੀਆ ਅਤੇ ਮਿਸ਼ਰ ਰਹੇ, ਜਿਨ੍ਹਾਂ ਨੂੰ ਪ੍ਰਵਾਸੀਆਂ ਵਲੋਂ ਸਭ ਤੋਂ ਜ਼ਿਆਦਾ ਪੈਸਾ ਭੇਜਿਆ ਗਿਆ।  

ਪ੍ਰਵਾਸੀ ਭਾਰਤੀਆਂ ਵਲੋਂ ਸਵਦੇਸ਼ ਭੇਜੀ ਜਾਣ ਵਾਲੀ ਰਕਮ ਵਿਚ ਸਭ ਤੋਂ ਵੱਡੀ ਹਿੱਸੇਦਾਰੀ ਕੇਰਲ ਦੀ ਰਹੀ। ਇੰਡੀਆ ਸਪੈਂਡ ਦੀ ਰਿਪੋਰਟ 2016 ਮੁਤਾਬਕ ਕੇਰਲ ਦੀ ਹਿੱਸੇਦਾਰੀ 40 ਫ਼ੀਸਦੀ ਰਹੀ। ਇਸ ਤੋਂ ਬਾਅਦ 12.7 ਫ਼ੀਸਦੀ ਦੇ ਨਾਲ ਪੰਜਾਬ ਦੂਜੇ ਨੰਬਰ, 12.4 ਫ਼ੀਸਦੀ ਨਾਲ ਤਾਮਿਲਨਾਡੂ ਤੀਜੇ, 7.7 ਫ਼ੀਸਦੀ ਨਾਲ ਆਂਧਰਾ ਪ੍ਰਦੇਸ਼ ਚੌਥੇ ਅਤੇ 5.4 ਫ਼ੀਸਦੀ ਨਾਲ ਉਤਰ ਪ੍ਰਦੇਸ਼ ਪੰਜਵੇਂ ਨੰਬਰ 'ਤੇ ਰਹੇ।

ਮੌਜੂਦਾ ਸਮੇਂ ਵਿਚ 3 ਕਰੋੜ ਤੋਂ ਜ਼ਿਆਦਾ ਭਾਰਤੀ ਵਿਦੇਸ਼ਾਂ ਵਿਚ ਰਹਿ ਰਹੇ ਹਨ। ਇਨ੍ਹਾਂ ਵਿਚੋਂ ਸਭ ਤੋਂ ਜ਼ਿਆਦਾ ਅਮਰੀਕਾ, ਸਾਊਦੀ ਅਰਬ, ਕੈਨੇਡਾ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਵਿਚ ਹਨ। ਵਿਕਾਸਸ਼ੀਲ ਦੇਸ਼ਾਂ ਨੂੰ 2015 ਤੋਂ ਲੈ ਕੇ 2030 ਤਕ ਕਰੀਬ 6.5 ਖ਼ਰਬ ਡਾਲਰ ਦੀ ਧਨਰਾਸ਼ੀ ਪ੍ਰਵਾਸੀਆਂ ਤੋਂ ਮਿਲੇਗੀ। ਵਿਦੇਸ਼ਾਂ ਤੋਂ ਭੇਜੀ ਗਈ ਰਕਮ ਵਿਚੋਂ ਅੱਧੀ ਤੋਂ ਜ਼ਿਆਦਾ ਪੇਂਡੂ ਇਲਾਕਿਆਂ ਵਿਚ ਜਾਵੇਗੀ, ਜਿੱਥੇ ਗ਼ਰੀਬੀ ਜ਼ਿਆਦਾ ਹੈ। 

ਪ੍ਰਵਾਸੀ ਲੋਕਾਂ ਦੇ ਜ਼ਰੀਏ ਵਿਦੇਸ਼ਾਂ ਤੋਂ ਭੇਜਿਆ ਗਿਆ ਪੈਸਾ ਕਿੰਨਾ ਮਹੱਤਵਪੂਰਨ ਹੈ, ਇਸ ਦਾ ਅੰਦਾਜ਼ਾ ਇਸੇ ਤੋਂ ਲਗਾਇਆ ਜਾ ਸਕਦਾ ਹੈ ਕਿ ਇਹ ਵਿਦੇਸ਼ੀ ਨਿਵੇਸ਼ ਤੋਂ ਜ਼ਿਆਦਾ ਸੁਰੱਖਿਅਤ ਅਤੇ ਸਥਾਈ ਵੀ ਹੁੰਦਾ ਹੈ। ਇਹ ਧਨ ਵਿਕਾਸਸ਼ੀਲ ਦੇਸ਼ਾਂ ਵਿਚ ਗ਼ਰੀਬੀ ਹਟਾਉਣ ਅਤੇ ਖ਼ੁਸ਼ਹਾਲੀ ਵਧਾਉਣ ਦਾ ਕੰਮ ਕਰਦਾ ਹੈ।  (ਏਜੰਸੀ)