ਸਿਰਸਾ ਨੇ ਕੇਜਰੀਵਾਲ ਨੂੰ ਸਵਾਲਾਂ ਦੇ ਘੇਰੇ 'ਚ ਰੱਖਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੂੰ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਆਖਿਆ ਹੈ ਕਿ ਉਹ.....

Manjinder Singh Sirsa

ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੂੰ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਆਖਿਆ ਹੈ ਕਿ ਉਹ ਦਿੱਲੀ ਦੇ ਲੋਕਾਂ ਨੂੰ ਦੱਸਣ ਕਿ ਜਦੋਂ ਉਨ੍ਹਾਂ ਦੇ ਦਾਅਵੇ ਅਨੁਸਾਰ ਦਿੱਲੀ ਵਿਚ 'ਵਿਸ਼ਵ ਪੱਧਰੀ' ਮੁਹੱਲਾ ਕਲੀਨਿਕ ਮੌਜੂਦ ਹਨ ਤਾਂ ਫਿਰ ਉਹ ਆਪਣਾ ਇਲਾਜ ਬੰਗਲੌਰ ਤੋਂ ਕਿਉਂ ਕਰਵਾ ਰਹੇ ਹਨ ? ਸ. ਸਿਰਸਾ ਨੇ ਕਿਹਾ ਦਿੱਲੀ ਦੇ ਲੋਕ ਕੇਜਰੀਵਾਲ ਤੋਂ ਇਹ ਜਵਾਬ ਮੰਗ ਰਹੇ ਹਨ ਕਿ ਜਦੋਂ ਉਹ ਦਿੱਲੀ ਵਿਚ ਵਿਸ਼ਵ ਪੱਧਰੀ ਸਿਹਤ ਸਹੂਲਤਾਂ ਖਾਸ ਤੌਰ 'ਤੇ ਮੁਹੱਲਾ ਕਲੀਨਿਕਾਂ  ਰਾਹੀਂ ਪ੍ਰਦਾਨ ਕਰਨ ਦੇ ਵੱਡੇ-ਵੱਡੇ ਦਾਅਵੇ ਕਰ ਰਹੇ ਸਨ

ਤਾਂ ਫਿਰ ਉਹ ਆਪਣਾ ਇਲਾਜ ਬੰਗਲੌਰ ਤੋਂ ਕਰਵਾਉਣ ਨੂੰ ਕਿਉਂ ਤਰਜੀਹ ਦੇ ਰਹੇ ਹਨ? ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਇਲਾਜ ਕਰਵਾਉਣ ਦੇ ਫੈਸਲੇ ਨੇ ਉਨ੍ਹਾਂ ਦੇ ਵੱਡੇ-ਵੱਡੇ ਦਾਅਵਿਆਂ ਦੀ ਪੋਲ ਖ੍ਹੋਲ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦਿੱਲੀ ਦੇ ਲੋਕਾਂ ਨੂੰ ਦੱਸਣ ਕਿ 9 ਦਿਨਾਂ ਦੇ ਉਨ੍ਹਾਂ ਦੇ ਧਰਨੇ ਦਾ ਦਿੱਲੀ ਅਤੇ ਦਿੱਲੀ ਵਾਸੀਆਂ ਨੂੰ ਕੀ ਲਾਭ ਮਿਲਿਆ ? ਉਨ੍ਹਾਂ ਕਿਹਾ ਕਿ ਸਭ ਤੋਂ ਵੱਡੇ ਡਰਾਮੇਬਾਜ਼ ਕਾਰਨ ਅੱਜ ਦਿੱਲੀ ਦੇ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ. ਸਿਰਸਾ ਨੇ

ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਉਪਰਾਜਪਾਲ ਦੇ ਦਫਤਰ ਵਿਚ ਏਅਰ ਕੰਡੀਸ਼ਨਡ ਕਮਰੇ ਵਿਚ ਧਰਨੇ 'ਤੇ ਬੈਠੇ ਮੁੱਖ ਮੰਤਰੀ ਬਿਮਾਰ ਹੋ ਗਏ ਜਦਕਿ ਸਿਖਰ ਦੁਪਹਿਰੇ ਮਜ਼ਦੂਰੀ ਕਰਨ ਵਾਲਾ ਮਜ਼ਦੂਰ ਕਦੇ ਬਿਮਾਰ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਕੇਜਰੀਵਾਲ ਤੇ ਉਨ੍ਹਾਂ ਦੀ ਟੀਮ ਦਿੱਲੀ ਦੇ ਲੋਕਾਂ ਦੀ ਬੇਹਤਰੀ ਵਾਸਤੇ ਕੰਮ ਕਰਨ ਵਿਚ ਕੋਈ ਦਿਲਚਸਪੀ ਨਹੀਂ ਰੱਖਦੀ ਤੇ ਉਨ੍ਹਾਂ ਦਾ ਇਕ ਨੁਕਾਤੀ ਏਜੰਡਾ ਪੈਸਾ ਕਮਾਉਣਾ ਤੇ ਸੱਤਾ ਦੀ ਦੁਰਵਰਤੋਂ ਕਰਨਾ ਹੈ।