ਜੇਡੀਐਸ ਨਾਲ ਨਾ ਹੁੰਦਾ ਗਠਜੋੜ ਤਾਂ ਕਾਂਗਰਸ ਜਿੱਤਦੀ ਸਭ ਤੋਂ ਜ਼ਿਆਦਾ ਸੀਟਾਂ: ਮੋਇਲੀ

ਏਜੰਸੀ

ਖ਼ਬਰਾਂ, ਰਾਜਨੀਤੀ

ਮੋਇਲੀ ਚਿੱਕਾਬਲਾਪੁਰ ਤੋਂ ਲੋਕ ਸਭਾ ਚੋਣਾਂ ਹਾਰੇ ਹਨ।

Veerappa Moily on congress JDS alliance in karnataka

ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਆਗੂ ਵੀਰਅੱਪਾ ਮੋਇਲੀ ਨੇ ਲੋਕ ਸਭਾ ਚੋਣਾਂ 2019 ਵਿਚ ਕਰਨਾਟਕ ਵਿਚ ਕਾਂਗਰਸ ਦੇ ਖਰਾਬ ਪ੍ਰਦਰਸ਼ਨ ਦਾ ਜ਼ਿੰਮਾ ਜੇਡੀਐਸ ਦੇ ਸਿਰ ’ਤੇ ਸੁੱਟਿਆ ਹੈ। ਮੋਇਲੀ ਨੇ ਕਿਹਾ ਹੈ ਕਿ ਜੇ ਕਾਂਗਰਸ ਦਾ ਜੇਡੀਐਸ ਨਾਲ ਗਠਜੋੜ ਨਾ ਹੁੰਦਾ ਤਾਂ ਪਾਰਟੀ ਨੂੰ ਕਰਨਾਟਕ ਦੀਆਂ 15-16 ਲੋਕ ਸਭਾ ਸੀਟਾਂ ਮਿਲ ਜਾਂਦੀਆਂ। ਉਹਨਾਂ ਨੇ ਇਹ ਗੱਲ 22 ਜੂਨ ਨੂੰ ਇਕ ਸਵਾਲ ਦੇ ਜਵਾਬ ਵਿਚ ਕਹੀ ਸੀ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੇਡੀਐਸ ਨਾਲ ਗਠਜੋੜ ’ਤੇ ਭਰੋਸਾ ਕਰਨਾ ਇਕ ਵੱਡੀ ਗ਼ਲਤੀ ਸੀ।

ਮੋਇਲੀ ਨੇ ਕਿਹਾ ਕਿ ਉਹ ਭਾਵੇਂ ਹੀ ਚਿੱਕਾਬਲਾਪੁਰ ਤੋਂ ਹਾਰ ਗਏ ਹਨ ਪਰ ਉਹਨਾਂ ਨੂੰ ਇੱਥੋਂ ਦੀ ਜਨਤਾ ’ਤੇ ਹੁਣ ਵੀ ਭਰੋਸਾ ਹੈ। ਉਹਨਾਂ ਨੇ ਕਿਹਾ ਕਿ ਉਹ ਚੋਣ ਮੈਦਾਨ ਵਿਚ ਦੁਬਾਰਾ ਉਤਰਨ ਇਹ ਅਜੇ ਤੈਅ ਨਹੀਂ ਹੋਇਆ ਕਿਉਂਕਿ ਹੁਣ ਉਹਨਾਂ ਦੀ ਚੋਣ ਮੈਦਾਨ ਵਿਚ ਉਤਰਨ ਦੀ ਇੱਛਾ ਨਹੀਂ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਜੇਡੀਐਸ ਨਾਲ ਮਿਲ ਕੇ ਉਹਨਾਂ ਨੂੰ ਕੇਵਲ ਹਾਰ ਹੀ ਮਿਲੀ ਹੈ।

ਇਕ ਵਾਰ ਇਹ ਖ਼ਰਾਬ ਅਨੁਭਵ ਹੋ ਚੁੱਕਿਆ ਹੈ। ਇਹ ਦੁਬਾਰਾ ਨਹੀਂ ਹੋਣਾ ਚਾਹੀਦਾ। ਅਪਣੀ ਪਾਰਟੀ ਨੂੰ ਫਿਰ ਤੋਂ ਗਠਿਤ ਕਰਨ ਲਈ ਚੋਣਾਂ ਵਿਚ ਉਤਰਨਾ ਚਾਹੀਦਾ ਹੈ। ਉਹਨਾਂ ਨੇ ਕਰਨਾਟਕ ਦੀ ਸਰਕਾਰ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਜੋ ਸੱਤਾ ਵਿਚ ਹਨ ਉਹਨਾਂ ਨੂੰ ਸਰਕਾਰ ਬਚਾਉਣ ਤੋਂ ਇਲਾਵਾ ਜਨਤਾ ਦੀਆਂ ਜ਼ਰੂਰਤਾਂ ’ਤੇ ਵੀ ਧਿਆਨ ਦੇਣਾ ਚਾਹੀਦਾ ਹੈ।

ਮੋਇਲੀ ਲੋਕ ਸਭਾ ਚੋਣਾਂ ਵਿਚ 182110 ਵੋਟਾਂ ਨਾਲ ਹਾਰੇ ਸਨ। ਇਹਨਾਂ ਚੋਣਾਂ ਵਿਚ ਕਾਂਗਰਸ ਅਤੇ ਜੇਡੀਐਸ ਨੂੰ ਕਰਨਾਟਕ ਦੀਆਂ 28 ਸੀਟਾਂ ਤੋਂ ਸਿਰਫ 1-1 ਸੀਟ ਮਿਲੀ ਹੈ ਜਦਕਿ ਭਾਜਪਾ ਨੂੰ 25 ਸੀਟਾਂ ਮਿਲੀਆਂ ਹਨ।