ਡਾ. ਮਨਮੋਹਨ ਸਿੰਘ ਵਲੋਂ ਮੋਦੀ ਨੂੰ 'ਸੋਚ ਕੇ ਬੋਲਣ' ਦੀ ਸਲਾਹ ਮਗਰੋਂ ਕਾਂਗਰਸ-BJP ਸਿਆਸੀ ਜੰਗ ਹੋਈ..

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ, ਫ਼ੌਜੀਆਂ ਦੇ ਬਲੀਦਾਨ ਲਈ ਨਿਆਂ ਯਕੀਨੀ ਬਣਾਵੇ ਸਰਕਾਰ

Dr Manmohan Singh With Modi

ਨਵੀਂ ਦਿੱਲੀ, 22 ਜੂਨ : ਭਾਰਤ-ਚੀਨ ਦੇ ਰਿਸ਼ਤਿਆਂ 'ਚ ਆਈ ਤਰੇੜ ਬਾਰੇ ਹੁਣ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਚਿੱਠੀ ਲਿਖੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੀ ਇਸ ਚਿੱਠੀ 'ਚ ਡਾ.ਮਨਮੋਹਨ ਸਿੰਘ ਨੇ ਕਿਹਾ ਕਿ ਭਾਰਤ-ਚੀਨ ਸਬੰਧਾਂ 'ਚ ਫ਼ੈਸਲਾਕੁਨ ਮੋੜ 'ਤੇ ਪਹੁੰਚ ਚੁੱਕੇ ਹਾਂ। ਅਜਿਹੇ 'ਚ ਸਰਕਾਰ ਨੂੰ ਬਹੁਤ ਸੰਭਲ ਕੇ ਕਦਮ ਰਖਣਾ ਚਾਹੀਦਾ ਹੈ। ਮੌਜੂਦਾ ਸਰਕਾਰ ਦਾ ਰੁਖ਼ ਹੀ ਤੈਅ ਕਰੇਗਾ ਕਿ ਅੱਗੇ ਦੋਵਾਂ ਦੇਸ਼ਾਂ ਦੇ ਰਿਸ਼ਤੇ ਕਿਵੇਂ ਦੇ ਰਹਿਣਗੇ। ਨਾਲ ਹੀ ਡਾ. ਮਨਮੋਹਨ ਸਿੰਘ ਨੇ 15 ਤੇ 16 ਜੂਨ ਦੀ ਰਾਤ ਨੂੰ ਚੀਨ ਸਰਹੱਦ 'ਤੇ ਸ਼ਹੀਦ ਹੋਏ 20 ਭਾਰਤੀ ਫ਼ੌਜੀਆਂ ਦੀ ਸ਼ਹਾਦਤ ਨੂੰ ਵੀ ਯਾਦ ਕੀਤਾ।

ਭਾਰਤ-ਚੀਨ ਸਰਹੱਦ 'ਤੇ ਤਣਾਅ ਸਬੰਧੀ ਉਨ੍ਹਾਂ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਤੇ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਹ ਇਸ ਮੌਕੇ 'ਤੇ ਨਾਲ ਆਵੇ ਤੇ ਕਰਨਲ ਸੰਤੋਸ਼ ਬਾਬੂ ਤੇ ਸਾਡੇ ਜਵਾਨਾਂ ਦੇ ਬਲੀਦਾਨ ਲਈ ਨਿਆਂ ਯਕੀਨੀ ਬਣਾਏ। ਇਨ੍ਹਾਂ ਨੇ ਸਾਡੀ ਖੇਤਰੀ ਅਖੰਡਤਾ ਦੀ ਰਖਿਆ ਲਈ ਬਲੀਦਾਨ ਦਿਤਾ ਹੈ। ਡਾ. ਮਨਮੋਹਨ ਸਿੰਘ ਨੇ ਲਿਖਿਆ ਕਿ ਪ੍ਰਧਾਨ ਮੰਤਰੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਨਾਜ਼ੁਕ ਦੌਰ 'ਚ ਉਨ੍ਹਾਂ ਦੀਆਂ ਗੱਲਾਂ ਦਾ ਕਿਸ ਪੱਧਰ ਤਕ ਅਸਰ ਹੋ ਸਕਦਾ ਹੈ। ਉਨ੍ਹਾਂ ਦੀ ਹਰ ਕਹੀ ਗੱਲ ਦਾ ਸਬੰਧ ਦੇਸ਼ ਦੀ ਸੁਰੱਖਿਆ ਨਾਲ ਹੈ। ਚੀਨ ਗਲਵਾਨ ਘਾਟੀ 'ਚ ਗ਼ੈਰ ਕਾਨੂੰਨੀ ਰੂਪ 'ਚ ਅਪਣਾ ਹੱਕ ਪ੍ਰਗਟਾ ਰਿਹਾ ਹੈ। ਅਸੀਂ ਅਜਿਹਾ ਕਦੇ ਨਹੀਂ ਹੋਣ ਦੇਵਾਂਗੇ। ਇਸ ਮੁਸ਼ਕਲ ਸਮੇਂ 'ਚ ਅਸੀਂ ਸਾਰੇ ਨਾਲ ਖੜੇ ਹਾਂ।            (ਏਜੰਸੀ)

ਮਨਮੋਹਨ ਸਿੰਘ 'ਤੇ ਭਾਜਪਾ ਦਾ ਪਲਟਵਾਰ ਕਿਹਾ, ਕਾਂਗਰਸ ਨੇ ਚੀਨ ਨੂੰ ਦਿਤੀ ਸੀ ਜ਼ਮੀਨ
ਨਵੀਂ ਦਿੱਲੀ, 22 ਜੂਨ : ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਬਿਆਨ 'ਤੇ ਹਮਲਾ ਕੀਤਾ ਹੈ। ਮਨਮੋਹਨ ਸਿੰਘ ਨੇ ਪ੍ਰਧਾਨ ਮੰਤਰੀ 'ਤੇ ਹਮਲਾ ਕਰਦੇ ਹੋਏ ਕਿਹਾ ਸੀ ਕਿ ਉਨ੍ਹਾਂ ਨੂੰ ਗੁਮਰਾਹ ਕਰਨ ਵਾਲੀਆਂ ਖ਼ਬਰਾਂ ਫੈਲਾਉਣ ਦੀ ਜਗ੍ਹਾ ਚੀਨ ਨੂੰ ਜਵਾਬ ਦੇਣਾ ਚਾਹੀਦਾ ਹੈ। ਨੱਢਾ ਨੇ ਉਨ੍ਹਾਂ ਦੇ ਇਸ ਬਿਆਨ 'ਤੇ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਤੁਸੀਂ ਉਸੇ ਪਾਰਟੀ ਨਾਲ ਤਾਲੁਕ ਰਖਦੇ ਹੋ, ਜਿਸ ਨੇ ਚੀਨ ਨੂੰ ਭਾਰਤੀ ਜ਼ਮੀਨ ਸਰੰਡਰ ਕਰ ਦਿਤੀ ਸੀ।

ਜ਼ਿਕਰਯੋਗ ਹੈ ਕਿ ਮਨਮੋਹਨ ਸਿੰਘ ਨੇ ਸਿੱਧੇ ਟਿੱਪਣੀ ਕਰਦੇ ਹੋਏ ਕਿਹਾ ਸੀ ਕਿ ਪ੍ਰਧਾਨ ਮੰਤਰੀ ਨੂੰ ਗੁਮਰਾਹ ਕਰਨ ਵਾਲੀਆਂ ਖ਼ਬਰਾਂ ਫੈਲਾਉਣ ਦੀ ਜਗ੍ਹਾ ਚੀਨ ਨੂੰ ਉਚਿਤ ਜਵਾਬ ਦੇਣਾ ਚਾਹੀਦਾ। ਉਨ੍ਹਾਂ ਦੇ ਇਸ ਬਿਆਨ 'ਤੇ ਨੱਢਾ ਨੇ ਸਾਬਕਾ ਪ੍ਰਧਾਨ ਮੰਤਰੀ ਨੂੰ ਕਈ ਟਵੀਟ ਕਰਦੇ ਹੋਏ ਕਿਹਾ ਸੀ ਕਿ ਇਹ ਸਿਰਫ਼ ਸ਼ਬਦਾਂ ਦਾ ਖੇਡ ਹੈ ਅਤੇ ਗੱਲ 'ਤੇ ਕੋਈ ਭਾਰਤੀ ਯਕੀਨ ਨਹੀਂ ਕਰੇਗਾ। ਤੁਸੀਂ ਉਸੇ ਪਾਰਟੀ ਦੇ ਮੈਂਬਰ ਹੋ। ਜਿਸ ਦੀ ਸਰਕਾਰ 'ਚ ਚੀਨ ਨੇ ਭਾਰਤ ਦੀ 43000 ਕਿਲੋਮੀਟਰ ਜ਼ਮੀਨ 'ਤੇ ਕਬਜ਼ਾ ਕੀਤਾ ਸੀ।

ਉਨ੍ਹਾਂ ਕਿਹਾ ਕਿ ਉਹ ਉਸੇ ਪਾਰਟੀ ਦਾ ਹਿੱਸਾ ਹਨ, ਜਿਸ ਨੇ ਹਮੇਸ਼ਾ ਸੁਰੱਖਿਆ ਫ਼ੋਰਸਾਂ 'ਤੇ ਸਵਾਲ ਖੜ੍ਹੇ ਕੀਤੇ ਹਨ ਅਤੇ ਉਨ੍ਹਾਂ ਦਾ ਮਨੋਬਲ ਘੱਟ ਕੀਤਾ ਹੈ। ਨੱਢਾ ਨੇ ਕਿਹਾ ਕਿ ਦੇਸ਼ ਦੇ 130 ਕਰੋੜ ਭਾਰਤੀ ਪੂਰੀ ਤਰ੍ਹਾਂ ਨਾਲ ਪ੍ਰਧਾਨ ਮੰਤਰੀ ਦੀ ਅਗਵਾਈ 'ਤੇ ਵਿਸ਼ਵਾਸ ਕਰਦੇ ਹਨ ਅਤੇ ਉਨ੍ਹਾਂ ਨੇ ਅਜੀਬ ਹਾਲਾਤ 'ਚ ਪ੍ਰਧਾਨ ਮੰਤਰੀ ਦੀ ਅਗਵਾਈ ਨੂੰ ਦੇਖਿਆ ਹੈ। (ਏਜੰਸੀ)

ਰਾਸ਼ਟਰੀ ਸੁਰੱਖਿਆ ਨਾਲ ਸਮਝੌਤਾ ਕਰਨਾ ਬੰਦ ਕਰੇ ਭਾਜਪਾ : ਕਾਂਗਰਸ
ਨਵੀਂ ਦਿੱਲੀ, 22 ਜੂਨ : ਕਾਂਗਰਸ ਨੇ ਭਾਜਪਾ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਵਲੋਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ 'ਤੇ ਨਿਸ਼ਾਨਾ ਵਿਨ੍ਹੇ ਜਾਣ ਤੋਂ ਬਾਅਦ ਜਵਾਬੀ ਹਮਲਾ ਕਰਦੇ ਹੋਏ ਸੋਮਵਾਰ ਨੂੰ ਕਿਹਾ ਕਿ ਕੇਂਦਰ ਦੀ ਸੱਤਾਧਾਰੀ ਪਾਰਟੀ ਨੂੰ ਰਾਸ਼ਟਰੀ ਸੁਰੱਖਿਆ ਅਤੇ ਦੇਸ਼ ਦੀ ਖੇਤਰੀ ਅਖੰਡਤਾ ਨਾਲ ਸਮਝੌਤਾ ਬੰਦ ਕਰਨਾ ਚਾਹੀਦਾ ਹੈ।

ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਇਹ ਵੀ ਕਿਹਾ ਕਿ ਭਾਜਪਾ ਸਰਕਾਰ ਮੌਜੂਦਾ ਚੁਣੌਤੀ ਨਾਲ ਨਜਿੱਠਣ ਦੀ ਹਿੰਮਤ ਪੈਦਾ ਕਰੇ ਅਤੇ ਇਸ ਤੋਂ ਬਾਅਦ ਕਾਂਗਰਸ ਉਸ ਦਾ ਪੂਰਾ ਸਾਥ ਦੇਵੇਗੀ। ਭਾਜਪਾ ਪ੍ਰਧਾਨ 'ਤੇ ਜਵਾਬੀ ਹਮਲਾ ਕਰਦੇ ਹੋਏ ਸੁਰਜੇਵਾਲਾ ਨੇ ਟਵੀਟ ਕੀਤਾ,''ਨੱਢਾ ਜੀ ਅਤੇ ਭਾਜਪਾ ਰਾਸ਼ਟਰੀ ਸੁਰੱਖਿਆ ਅਤੇ ਭਾਰਤ ਦੀ ਖੇਤਰੀ ਅਖੰਡਤਾ 'ਤੇ ਸਮਝੌਤਾ ਕਰਨਾ ਬੰਦ ਕਰੋ। ਇਹ ਸਾਡੇ ਰਖਿਆ ਬਲਾਂ ਅਤੇ 20 ਸ਼ਹੀਦਾਂ ਲਈ ਸੱਭ ਤੋਂ ਵੱਡਾ ਨੁਕਸਾਨ ਹੈ।''      (ਪੀਟੀਆਈ)

ਭਾਰਤ ਦੀ ਭਲਾਈ ਲਈ ਮਨਮੋਹਨ ਸਿੰਘ ਦੀ ਸਲਾਹ ਮੰਨਣ ਮੋਦੀ : ਰਾਹੁਲ
ਨਵੀਂ ਦਿੱਲੀ, 22 ਜੂਨ : ਭਾਰਤ ਅਤੇ ਚੀਨ ਦਰਮਿਆਨ ਲੱਦਾਖ਼ ਕੋਲ ਜਾਰੀ ਵਿਵਾਦ 'ਤੇ ਹੁਣ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਬਿਆਨ ਆਇਆ ਹੈ। ਮਨਮੋਹਨ ਸਿੰਘ ਨੇ ਇਸ ਨਾਜ਼ੁਕ ਸਮੇਂ 'ਚ ਇਕਜੁਟ ਹੋਣ ਦੀ ਸਲਾਹ ਦਿਤੀ ਹੈ, ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਵੀ ਸਾਧਿਆ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀ ਮਨਮੋਹਨ ਸਿੰਘ ਦਾ ਬਿਆਨ ਟਵੀਟ ਕਰਦੇ ਹੋਏ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ ਹੈ।

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਲਿਖਿਆ ਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਮਹੱਤਵਪੂਰਨ ਸਲਾਹ ਹੈ, ਭਾਰਤ ਦੀ ਭਲਾਈ ਲਈ, ਮੈਂ ਆਸ ਕਰਦਾ ਹਾਂ ਕਿ ਪ੍ਰਧਾਨ ਮੰਤਰੀ ਉਨ੍ਹਾਂ ਦੀ ਗੱਲ ਨਿਮਰਤਾ ਨਾਲ ਮੰਨਣਗੇ। ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਲਗਾਤਾਰ ਕੇਂਦਰ ਸਰਕਾਰ 'ਤੇ ਹਮਲਾਵਰ ਹਨ ਅਤੇ ਚੀਨ ਦੇ ਮਸਲੇ 'ਤੇ ਸਵਾਲ ਖੜੇ ਕਰ ਰਹੇ ਹਨ।

ਰਾਹੁਲ ਦਾ ਕਹਿਣਾ ਹੈ ਕਿ ਚੀਨ ਨੇ ਸਾਡੀ ਜ਼ਮੀਨ 'ਤੇ ਕਬਜ਼ਾ ਕਰ ਲਿਆ ਹੈ ਅਤੇ ਭਾਰਤ ਸਰਕਾਰ ਦੇਸ਼ ਨਾਲ ਝੂਠ ਬੋਲ ਰਹੀ ਹੈ। ਜੇਕਰ ਮਨਮੋਹਨ ਸਿੰਘ ਦੀ ਗੱਲ ਕਰੀਏ ਤਾਂ ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਅਪਣੇ ਬਿਆਨ ਨਾਲ ਸਾਜ਼ਸ਼ੀ ਰਵਈਏ ਨੂੰ ਬਲ ਨਹੀਂ ਦੇਣਾ ਚਾਹੀਦਾ। ਨਾਲ ਹੀ ਇਹ ਯਕੀਨੀ ਕਰਨਾ ਚਾਹੀਦਾ ਹੈ ਕਿ ਸਰਕਾਰ ਦੇ ਸਾਰੇ ਅੰਗ ਇਸ ਖ਼ਤਰੇ ਦਾ ਸਾਹਮਣਾ ਕਰਨ ਅਤੇ ਸਥਿਤੀ ਨੂੰ ਹੋਰ ਵੱਧ ਗੰਭੀਰ ਹੋਣ ਤੋਂ ਰੋਕਣ ਲਈ ਆਪਸੀ ਸਹਿਮਤੀ ਨਾਲ ਕੰਮ ਕਰਨ।