ਸੋਨੀਪਤ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, ਜ਼ਿੰਦਾ ਸੜੇ MBBS ਦੇ 3 ਵਿਦਿਆਰਥੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤਿੰਨ ਵਿਦਿਆਰਥੀ ਗੰਭੀਰ ਰੂਪ ਵਿਚ ਜ਼ਖਮੀ

Tragic road accident in Sonipat

 

ਸੋਨੀਪਤ: ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਵਿੱਚ ਇੱਕ ਵਾਰ ਫਿਰ ਤੇਜ਼ ਰਫ਼ਤਾਰ ਦਾ ਕਹਿਰ ਦੇਖਣ ਨੂੰ ਮਿਲਿਆ। ਸੋਨੀਪਤ ਤੋਂ ਲੰਘਦੇ ਮੇਰਠ ਝੱਜਰ ਰਾਸ਼ਟਰੀ ਰਾਜਮਾਰਗ 'ਤੇ ਦੇਰ ਰਾਤ ਇਕ ਤੇਜ਼ ਰਫਤਾਰ ਕਾਰ ਪੱਥਰਾਂ ਦੇ ਬੈਰੀਕੇਡਾਂ 'ਚ ਜਾ ਟਕਰਾਈ। ਟੱਕਰ ਤੋਂ ਬਾਅਦ ਆਈ-20 ਕਾਰ 'ਚ ਭਿਆਨਕ ਅੱਗ ਲੱਗ ਗਈ। ਕਾਰ 'ਚ ਸਵਾਰ 3 ਨੌਜਵਾਨਾਂ ਦੀ ਮੌਤ ਹੋ ਗਈ। ਉਥੇ ਤਿੰਨ ਗੰਭੀਰ ਜ਼ਖਮੀ ਹੋ ਗਏ। ਤਿੰਨੇ ਮ੍ਰਿਤਕ ਰੋਹਤਕ ਪੀਜੀਆਈ ਐਮਬੀਬੀਐਸ ਦੇ ਵਿਦਿਆਰਥੀ ਦੱਸੇ ਜਾਂਦੇ ਹਨ। ਇਸ ਦੇ ਨਾਲ ਹੀ ਹਾਦਸੇ ਵਿੱਚ ਜ਼ਖਮੀਆਂ ਨੂੰ ਰੋਹਤਕ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ।

 

ਜਾਣਕਾਰੀ ਮੁਤਾਬਕ ਕਾਰ ਸਵਾਰ ਸਾਰੇ ਨੌਜਵਾਨ ਹਰਿਦੁਆਰ ਤੋਂ ਰੋਹਤਕ ਲਈ ਰਵਾਨਾ ਹੋਏ ਸਨ। ਪੁਲਿਸ ਨੇ ਤਿੰਨਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸੋਨੀਪਤ ਭੇਜ ਦਿੱਤਾ ਹੈ। ਸੋਨੀਪਤ ਪੁਲਿ ਸ ਹਾਦਸੇ ਦੀ ਜਾਂਚ ਕਰ ਰਹੀ ਹੈ। ਹਾਦਸੇ ਵਿੱਚ ਮਰਨ ਵਾਲੇ ਤਿੰਨ ਨੌਜਵਾਨਾਂ ਦੀ ਪਛਾਣ ਪੁਲਕਿਤ ਵਾਸੀ ਨਾਰਨੌਲ, ਸੰਦੇਸ਼ ਵਾਸੀ ਰੇਵਾੜੀ ਅਤੇ ਰੋਹਿਤ ਵਾਸੀ ਗੁਰੂਗ੍ਰਾਮ ਐਮਬੀਬੀਐਸ ਤੀਜੇ ਸਾਲ ਦੇ ਵਿਦਿਆਰਥੀ ਵਜੋਂ ਹੋਈ ਹੈ। ਜ਼ਖਮੀ ਵਿਦਿਆਰਥੀਆਂ ਦੀ ਪਛਾਣ ਅੰਕਿਤ, ਨਰਵੀਰ ਅਤੇ ਸੋਮਬੀਰ ਵਜੋਂ ਹੋਈ ਹੈ।

 

ਇਸ ਮਾਮਲੇ 'ਚ ਜਾਣਕਾਰੀ ਦਿੰਦੇ ਹੋਏ ਰਾਏ ਸਟੇਸ਼ਨ ਇੰਚਾਰਜ ਦੇਵੇਂਦਰ ਕੁਮਾਰ ਨੇ ਦੱਸਿਆ ਕਿ ਦੇਰ ਰਾਤ ਝੱਜਰ-ਮੇਰਠ ਹਾਈਵੇ 'ਤੇ ਇਕ ਕਾਰ ਪੱਥਰਾਂ ਨਾਲ ਟਕਰਾ ਗਈ। ਪੱਥਰਾਂ ਨਾਲ ਟਕਰਾਉਣ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ। ਅੱਗ ਲੱਗਣ ਕਾਰਨ 3 ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਤਿੰਨ ਨੂੰ ਕਾਰ 'ਚੋਂ ਬਚਾ ਲਿਆ ਗਿਆ ਹੈ, ਜਿਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

 

ਉਹਨਾਂ ਦਾ ਇਲਾਜ ਰੋਹਤਕ ਪੀਜੀਆਈ ਵਿੱਚ ਚੱਲ ਰਿਹਾ ਹੈ। ਰਿਸ਼ਤੇਦਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਰਿਸ਼ਤੇਦਾਰਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ NHAI ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਆਖ਼ਰ ਸੜਕ ਬਣਨ ਤੋਂ ਬਾਅਦ ਸੜਕ ਦੇ ਵਿਚਕਾਰ ਪੱਥਰ ਕਿਉਂ ਰੱਖੇ ਗਏ? ਜੇਕਰ ਪੱਥਰ ਨਾ ਹੁੰਦੇ ਤਾਂ ਇੰਨਾ ਵੱਡਾ ਹਾਦਸਾ ਟਲ ਸਕਦਾ ਸੀ।