ਹਰਿਆਣਾ 'ਚ ਟੋਪੀਦਾਰ ਬੰਦੂਕ ਰੱਖਣ 'ਤੇ ਪਾਬੰਦੀ, ਲਾਈਸੈਂਸ ਹੋਣਗੇ ਰੱਦ ਤੇ ਜ਼ਬਤ ਕੀਤੀਆਂ ਜਾਣਗੀਆਂ ਬੰਦੂਕਾਂ 

ਏਜੰਸੀ

ਖ਼ਬਰਾਂ, ਰਾਸ਼ਟਰੀ

ਫ਼ਸਲਾਂ ਦੀ ਰਖਵਾਲੀ ਦੇ ਨਾਂਅ 'ਤੇ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਨ ਲਈ ਕੀਤੀ ਜਾ ਰਹੀ ਬੰਦੂਕਾਂ ਦੀ ਵਰਤੋਂ 

representational Image

ਹਰਿਆਣਾ : ਅੰਗਰੇਜ਼ਾਂ ਦੇ ਜ਼ਮਾਨੇ ਦੀ ਟੋਪੀਦਾਰ ਬੰਦੂਕ 'ਤੇ ਹਰਿਆਣਾ ਵਿਚ ਪਾਬੰਦੀ ਲਗਾ ਦਿਤੀ ਗਈ ਹੈ। ਹਰਿਆਣਾ ਵਿਚ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਲੋਂ ਸੂਬੇ ਵਿਚ ਕੈਪ ਗਨ ਯਾਨੀ ਟੋਪੀਦਾਰ ਬੰਦੂਕ ਦੇ ਲਾਇਸੈਂਸ ਰੱਦ ਕਰ ਕੇ ਬੰਦੂਕਾਂ ਨੂੰ ਜ਼ਬਤ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਪਿਛਲੇ ਕਈ ਸਾਲਾਂ ਤੋਂ ਫ਼ਸਲਾਂ ਦੀ ਸੁਰੱਖਿਆ ਦੇ ਨਾਂ 'ਤੇ ਟੋਪੀਦਾਰ ਬੰਦੂਕਾਂ ਨਾਲ ਜੰਗਲੀ ਜਾਨਵਰਾਂ ਨੂੰ ਮਾਰਨ ਦੇ ਮਾਮਲੇ ਸਾਹਮਣੇ ਆ ਰਹੇ ਸਨ।

ਅਸਲ ਵਿਚ ਜੰਗਲੀ ਜਾਨਵਰਾਂ ਤੋਂ ਫ਼ਸਲਾਂ ਨੂੰ ਬਚਾਉਣ ਲਈ ਇਹ ਬੰਦੂਕਾਂ ਕਿਸਾਨਾਂ ਨੂੰ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਤਾਂ ਜੋ ਕਿਸਾਨ ਹਵਾਈ ਫ਼ਾਇਰ ਕਰ ਕੇ ਅਪਣੀ ਫਸਲ ਨੂੰ ਜੰਗਲੀ ਜਾਨਵਰਾਂ ਤੋਂ ਬਚਾ ਸਕਣ। ਜਾਣਕਾਰੀ ਅਨੁਸਾਰ ਭਿਵਾਨੀ, ਫ਼ਤਿਹਾਬਾਦ, ਸਿਰਸਾ ਅਤੇ ਹਿਸਾਰ ਜ਼ਿਲ੍ਹਿਆਂ ਵਿਚ ਕੁੱਝ ਲੋਕਾਂ ਵਲੋਂ ਇਨ੍ਹਾਂ ਬੰਦੂਕਾਂ ਨਾਲ ਰੋਜ਼, ਖ਼ਰਗੋਸ਼, ਭੂਰਾ ਤਿੱਤਰ, ਚਿੰਕਾਰਾ ਹਿਰਨ, ਜੰਗਲੀ ਸੂਰ ਆਦਿ ਦਾ ਸ਼ਿਕਾਰ ਕੀਤਾ ਜਾ ਰਿਹਾ ਹੈ। ਇਸ ਮਾਮਲੇ ਸਬੰਧੀ ਅਖਿਲ ਭਾਰਤੀ ਜੀਵ ਸੁਰੱਖਿਆ ਬਿਸ਼ਨੋਈ ਸਭਾ ਵਲੋਂ ਮੁੱਦਾ ਵੀ ਚੁਕਿਆ ਗਿਆ ਸੀ। ਇਸ ਮਸਲੇ ਸਬੰਧੀ 2020 ਵਿਚ ਹਿਸਾਰ ਦੇ ਬਲਾਕ ਕਮਿਸ਼ਨਰ ਵਲੋਂ ਕਈ ਵਾਰ ਸ਼ਿਕਾਰੀਆਂ ਵਿਰੁਧ ਕਾਰਵਾਈ ਦੇ ਹੁਕਮ ਵੀ ਦਿਤੇ ਗਏ।

ਇਹ ਵੀ ਪੜ੍ਹੋ:  ਸਵਿਸ ਬੈਂਕਾਂ ਵਿਚ ਭਾਰਤੀਆਂ ਦੀ ਜਮ੍ਹਾ ਰਕਮ ਵਿਚ ਆਈ 11 ਫ਼ੀ ਸਦੀ ਦੀ ਗਿਰਾਵਟ

ਤਾਜ਼ਾ ਜਾਰੀ ਹੁਕਮਾਂ 'ਚ ਕਿਹਾ ਗਿਆ ਹੈ ਕਿ ਸੂਬੇ 'ਚ ਕਈ ਸਾਲਾਂ ਤੋਂ ਫ਼ਸਲਾਂ ਦੀ ਰਾਖੀ ਦੇ ਨਾਂਅ 'ਤੇ ਬੰਦੂਕਾਂ ਨਾਲ ਜੰਗਲੀ ਜੀਵਾਂ ਨੂੰ ਮਾਰਿਆ ਜਾ ਰਿਹਾ ਹੈ। ਜਿਸ ਦੇ ਮੱਦੇਨਜ਼ਰ ਸਰਕਾਰ ਨੇ ਇਹ ਕਦਮ ਚੁੱਕਿਆ ਹੈ। ਇਸ ਮਾਮਲੇ ਵਿਚ ਅਖਿਲ ਭਾਰਤੀ ਜੀਵ ਸੁਰੱਖਿਆ ਬਿਸ਼ਨੋਈ ਸਭਾ ਦੇ ਸੂਬਾ ਪ੍ਰਧਾਨ ਵਿਨੋਦ ਕਦਵਾਸਰਾ ਨੇ ਵਿਭਾਗ ਤੋਂ ਰਿਪੋਰਟ ਮੰਗੀ ਸੀ ਕਿ ਸ਼ਿਕਾਰ ਕਰਨ ਦੇ ਕਿੰਨੇ ਮਾਮਲਿਆਂ ਵਿਚ ਇਸ ਬੰਦੂਕ ਦੀ ਵਰਤੋਂ ਕੀਤੀ ਗਈ ਹੈ। ਇਸ ਤੋਂ ਇਲਾਵਾ ਲੋਕ ਸੂਚਨਾ ਅਧਿਕਾਰ ਐਕਟ ਤਹਿਤ ਵੀ ਇਹ ਜਾਣਕਾਰੀ ਇਕੱਤਰ ਕੀਤੀ ਗਈ।

ਪ੍ਰਾਪਤ ਵੇਰਵਿਆਂ ਅਨੁਸਾਰ ਇਸ ਬੰਦੂਕ ਦੀ ਵਰਤੋਂ ਫਸਲਾਂ ਦੀ ਸੁਰੱਖਿਆ ਦੇ ਨਾਂਅ 'ਤੇ ਸ਼ਿਕਾਰ ਲਈ ਕੀਤੀ ਜਾ ਰਹੀ ਸੀ। ਜਾਣਕਾਰੀ 'ਚ ਇਹ ਵੀ ਸਾਹਮਣੇ ਆਇਆ ਹੈ ਕਿ 16 ਦਸੰਬਰ 2021 ਨੂੰ ਫਤਿਹਾਬਾਦ ਦੇ ਪਿੰਡ 'ਚ ਸ਼ਿਕਾਰੀਆਂ ਨੇ ਜੰਗਲੀ ਜੀਵ ਸੁਰੱਖਿਆ ਗਾਰਡ ਸੁਰੇਸ਼ ਕੁਮਾਰ ਦੇ ਪੇਟ 'ਚ ਗੋਲੀਆਂ ਮਾਰ ਦਿਤੀਆਂ ਸਨ। ਅਜਿਹੀਆਂ ਕਈ ਘਟਨਾਵਾਂ ਸਾਹਮਣੇ ਆ ਚੁਕੀਆਂ ਹਨ। ਜਿਸ ਤੋਂ ਬਾਅਦ ਸਰਕਾਰ ਨੇ ਇਹ ਫ਼ੈਸਲਾ ਲਿਆ ਹੈ। 

ਇਹ ਵੀ ਪੜ੍ਹੋ: ਜੇਕਰ ਪਾਰਲੀਮੈਂਟ 'ਚ ਲਿਆਂਦਾ ਜਾਵੇ ਗੁਰਬਾਣੀ ਪ੍ਰਸਾਰਣ ਦਾ ਮੁੱਦਾ ਤਾਂ ਸੱਭ ਤੋਂ ਪਹਿਲਾਂ ਵੋਟ ਮੈਂ ਪਾਵਾਂਗਾ : ਸਾਂਸਦ  ਰਵਨੀਤ ਸਿੰਘ ਬਿੱਟੂ

ਕੀ ਹੁੰਦੀ ਹੈ ਟੋਪੀਦਾਰ ਬੰਦੂਕ?
ਟੋਪੀਦਾਰ ਬੰਦੂਕ ਨੂੰ ਦੇਸੀ ਭਾਸ਼ਾ ਵਿਚ ਲਾਮਚੜ ਬੰਦੂਕ ਵੀ ਕਿਹਾ ਜਾਂਦਾ ਹੈ। ਇਸ ਵਿਚ ਲੋਹੇ ਦੀਆਂ ਗੋਲੀਆਂ, ਸਾਈਕਲਾਂ ਦੇ ਹੈਂਡਲ ਦੀਆਂ ਗੋਲੀਆਂ ਦੇ ਨਾਲ-ਨਾਲ ਰੇਂਗ ਅਤੇ ਬਾਰੂਦ ਆਦਿ ਪਾਇਆ ਜਾਂਦਾ ਹੈ। ਇਸ ਦਾ ਨਿਸ਼ਾਨਾ ਬਣਨ ਨਾਲ ਜੰਗਲੀ ਜਾਨਵਰ ਜ਼ਖ਼ਮੀ ਹੋ ਜਾਂਦੇ ਹਨ। ਅਸਲ ਵਿਚ ਇਸ ਕਿਸਮ ਦੀਆਂ ਬੰਦੂਕਾਂ ਨੂੰ ਲਾਇਸੈਂਸ ਦੇਣ ਲਈ ਅਸਲਾ ਐਕਟ ਵਿਚ ਇਕ ਵਿਵਸਥਾ ਕੀਤੀ ਗਈ ਹੈ, ਤਾਂ ਜੋ ਕਿਸਾਨ ਖ਼ਤਰਨਾਕ ਜੰਗਲੀ ਜਾਨਵਰਾਂ ਤੋਂ ਸੁਰੱਖਿਆ ਲਈ ਇਹ ਬੰਦੂਕ ਅਪਣੇ ਨਾਲ ਰੱਖ ਸਕਣ। ਹਾਲਾਂਕਿ, ਹਾਲ ਹੀ ਦੇ ਸਾਲਾਂ ਵਿਚ ਇਹ ਸਾਹਮਣੇ ਆਇਆ ਹੈ ਕਿ ਜ਼ਿਆਦਾਤਰ ਸ਼ਿਕਾਰੀਆਂ ਕੋਲ ਇਸ ਕਿਸਮ ਦੀ ਬੰਦੂਕ ਲਈ ਲਾਇਸੈਂਸ ਹਨ। ਉਹ ਇਕ ਲਾਇਸੈਂਸ ਪ੍ਰਾਪਤ ਕਰਦੇ ਹਨ ਅਤੇ ਸ਼ਿਕਾਰ ਲਈ ਬੰਦੂਕ ਦੀ ਵਰਤੋਂ ਕਰਦੇ ਹਨ।