18th Lok Sabha 1st Session : ਭਲਕੇ ਸ਼ੁਰੂ ਹੋਵੇਗਾ ਲੋਕ ਸਭਾ ਸੈਸ਼ਨ , ਪਹਿਲੇ ਦਿਨ ਨਵੇਂ ਚੁਣੇ ਗਏ ਸੰਸਦ ਮੈਂਬਰ ਚੁੱਕਣਗੇ ਸਹੁੰ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਰਤਰਿਹਰੀ ਮਹਿਤਾਬ ਨੂੰ ਪ੍ਰੋ-ਟੈਮ ਸਪੀਕਰ ਵਜੋਂ ਨਿਯੁਕਤ ਕੀਤੇ ਜਾਣ ਕਾਰਨ ਸੈਸ਼ਨ ਦੌਰਾਨ ਲੋਕ ਸਭਾ ਵਿੱਚ ਹੰਗਾਮਾ ਹੋਣ ਦੀ ਸੰਭਾਵਨਾ

18th Lok Sabha 1st Session

18th Lok Sabha 1st Session : 18ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ ਸੋਮਵਾਰ ਤੋਂ ਸ਼ੁਰੂ ਹੋ ਰਿਹਾ ਹੈ, ਜਿਸ ਵਿੱਚ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਨੂੰ ਸਹੁੰ ਚੁਕਾਈ ਜਾਵੇਗੀ। ਇਸ ਤੋਂ ਬਾਅਦ 26 ਜੂਨ ਨੂੰ ਲੋਕ ਸਭਾ ਦੇ ਸਪੀਕਰ ਦੀ ਚੋਣ ਹੋਵੇਗੀ ਅਤੇ 27 ਜੂਨ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੋਹਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਨਗੇ।

ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਆਗੂ ਅਤੇ ਸੱਤ ਵਾਰ ਸੰਸਦ ਮੈਂਬਰ ਰਹਿ ਚੁੱਕੇ ਭਰਤਰਿਹਰੀ ਮਹਿਤਾਬ ਨੂੰ ਪ੍ਰੋ-ਟੈਮ ਸਪੀਕਰ ਵਜੋਂ ਨਿਯੁਕਤ ਕੀਤੇ ਜਾਣ ਕਾਰਨ ਸੈਸ਼ਨ ਦੌਰਾਨ ਲੋਕ ਸਭਾ ਵਿੱਚ ਹੰਗਾਮਾ ਹੋਣ ਦੀ ਸੰਭਾਵਨਾ ਹੈ। ਵਿਰੋਧੀ ਧਿਰ ਨੇ ਮਹਿਤਾਬ ਨੂੰ ਪ੍ਰੋ-ਟੈਮ ਸਪੀਕਰ ਬਣਾਏ ਜਾਣ ਦੀ ਸਖ਼ਤ ਆਲੋਚਨਾ ਕੀਤੀ ਹੈ ਅਤੇ ਆਰੋਪ ਲਾਇਆ ਹੈ ਕਿ ਸਰਕਾਰ ਨੇ ਕਾਂਗਰਸ ਦੇ ਸੰਸਦ ਮੈਂਬਰ ਕੇ.ਸੁਰੇਸ਼ ਦੇ ਦਾਅਵੇ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ। 

ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰੇਨ ਰਿਜਿਜੂ ਨੇ ਕਿਹਾ ਹੈ ਕਿ ਮਹਿਤਾਬ ਲਗਾਤਾਰ ਸੱਤ ਵਾਰ ਦੇ ਲੋਕ ਸਭਾ ਮੈਂਬਰ ਹਨ, ਜਿਸ ਕਾਰਨ ਉਹ ਇਸ ਅਹੁਦੇ ਲਈ ਯੋਗ ਹਨ। ਉਨ੍ਹਾਂ ਕਿਹਾ ਕਿ ਸੁਰੇਸ਼ 1998 ਅਤੇ 2004 ਵਿੱਚ ਚੋਣਾਂ ਹਾਰ ਗਏ ਸਨ, ਜਿਸ ਕਾਰਨ ਉਨ੍ਹਾਂ ਦਾ ਮੌਜੂਦਾ ਕਾਰਜਕਾਲ ਹੇਠਲੇ ਸਦਨ ਵਿੱਚ ਉਨ੍ਹਾਂ ਦਾ ਲਗਾਤਾਰ ਚੌਥਾ ਕਾਰਜਕਾਲ ਹੈ। ਇਸ ਤੋਂ ਪਹਿਲਾਂ ਉਹ 1989, 1991, 1996 ਅਤੇ 1999 ਵਿੱਚ ਲੋਕ ਸਭਾ ਲਈ ਚੁਣੇ ਗਏ ਸਨ।

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਸੋਮਵਾਰ ਨੂੰ ਰਾਸ਼ਟਰਪਤੀ ਭਵਨ ਵਿੱਚ ਮਹਿਤਾਬ ਨੂੰ ਲੋਕ ਸਭਾ ਦੇ ਅਸਥਾਈ ਸਪੀਕਰ ਵਜੋਂ ਸਹੁੰ ਚੁਕਾਉਣਗੇ। ਇਸ ਤੋਂ ਬਾਅਦ ਮਹਿਤਾਬ ਸਵੇਰੇ 11 ਵਜੇ ਸੰਸਦ ਭਵਨ ਪਹੁੰਚਣਗੇ ਅਤੇ ਲੋਕ ਸਭਾ ਦੀ ਕਾਰਵਾਈ ਸ਼ੁਰੂ ਕਰਨਗੇ।

ਕਾਰਵਾਈ ਦੇ ਸ਼ੁਰੂ ਵਿੱਚ ਕੁਝ ਪਲਾਂ ਲਈ ਮੌਨ ਰੱਖਿਆ ਜਾਵੇਗਾ। ਇਸ ਤੋਂ ਬਾਅਦ ਲੋਕ ਸਭਾ ਦੇ ਜਨਰਲ ਸਕੱਤਰ ਉਤਪਲ ਕੁਮਾਰ ਸਿੰਘ ਹੇਠਲੇ ਸਦਨ ਲਈ ਚੁਣੇ ਗਏ ਮੈਂਬਰਾਂ ਦੀ ਸੂਚੀ ਪੇਸ਼ ਕਰਨਗੇ। ਇਸ ਤੋਂ ਬਾਅਦ ਮਹਿਤਾਬ ਲੋਕ ਸਭਾ ਦੇ ਨੇਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਦਨ ਦੀ ਮੈਂਬਰਸ਼ਿਪ ਦੀ ਸਹੁੰ ਚੁੱਕਣ ਦੀ ਅਪੀਲ ਕਰਨਗੇ।  

ਲੋਕ ਸਭਾ ਸਪੀਕਰ ਦੇ ਅਹੁਦੇ ਲਈ ਬੁੱਧਵਾਰ ਨੂੰ ਚੋਣ ਹੋਵੇਗੀ

ਰਾਸ਼ਟਰਪਤੀ 27 ਜੂਨ ਨੂੰ ਸੰਸਦ ਦੇ ਦੋਵਾਂ ਸਦਨਾਂ ਦੀ ਸਾਂਝੀ ਮੀਟਿੰਗ ਨੂੰ ਸੰਬੋਧਨ ਕਰਨਗੇ। ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਦੇ ਮਤੇ 'ਤੇ ਚਰਚਾ 28 ਜੂਨ ਨੂੰ ਸ਼ੁਰੂ ਹੋਵੇਗੀ। ਪ੍ਰਧਾਨ ਮੰਤਰੀ ਵੱਲੋਂ ਇਸ ਚਰਚਾ 'ਤੇ ਜਵਾਬ 2 ਜਾਂ 3 ਜੁਲਾਈ ਨੂੰ ਦੇਣ ਦੀ ਉਮੀਦ ਹੈ।