ਨਵੀਂ ਕਾਂਗਰਸ ਵਰਕਿੰਗ ਕਮੇਟੀ ਦੀ ਪਹਿਲੀ ਬੈਠਕ ਕਾਂਗਰਸੀ ਆਗੂਆਂ ਨੇ ਕੀਤੀ ਵਿਆਪਕ ਗਠਜੋੜ ਦੀ ਪੈਰਵੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸ ਪ੍ਰਧਾਨ ਰਾਹਲ ਗਾਂਧੀ ਦੀ ਅਗਵਾਈ ਵਿਚ ਨਵੀਂ ਕਾਂਗਰਸ ਵਰਕਿੰਗ ਕਮੇਟੀ ਦੀ ਪਹਿਲੀ ਬੈਠਕ ਹੋਈ ਜਿਸ ਵਿਚ ਪਾਰਟੀ ਦੇ ਕਈ ਸੀਨੀਅਰ ਆਗੂਆਂ...

Sonia Gandhi , Rahul Gandhi and Manmohan Singh addressing Congress Working Committee

ਨਵੀਂ ਦਿੱਲੀ, ਕਾਂਗਰਸ ਪ੍ਰਧਾਨ ਰਾਹਲ ਗਾਂਧੀ ਦੀ ਅਗਵਾਈ ਵਿਚ ਨਵੀਂ ਕਾਂਗਰਸ ਵਰਕਿੰਗ ਕਮੇਟੀ ਦੀ ਪਹਿਲੀ ਬੈਠਕ ਹੋਈ ਜਿਸ ਵਿਚ ਪਾਰਟੀ ਦੇ ਕਈ ਸੀਨੀਅਰ ਆਗੂਆਂ ਨੇ ਆਗਾਮੀ ਲੋਕ ਸਭਾ ਚੋਣਾਂ ਵਿਚ ਭਾਜਪਾ ਵਿਰੁਧ ਵਿਰੋਧੀ ਧਿਰਾਂ ਦੇ ਵਿਆਪਕ ਗਠਜੋੜ ਦੀ ਪੈਰਵੀ ਕੀਤੀ। ਬੈਠਕ ਵਿਚ ਇਸ ਗੱਲ ਬਾਰੇ ਵੀ ਚਰਚਾ ਹੋਈ ਕਿ ਮਹਾਗਠਜੋੜ ਦੇ ਕੇਂਦਰ ਵਿਚ ਕਾਂਗਰਸ ਰਹੇ ਅਤੇ ਰਾਹੁਲ ਗਾਂਧੀ ਮਹਾਗਠਜੋੜ ਦਾ ਚਿਹਰਾ ਹੋਣ। ਮਹਾਗਠਜੋੜ ਬਣਨ ਦੀ ਹਾਲਤ ਵਿਚ ਕੌਣ ਅਗਵਾਈ ਕਰੇਗਾ,

ਇਸ ਬਾਰੇ ਹਾਲੇ ਕਿਆਸੇ ਚੱਲ ਰਹੇ ਸਨ। ਕੋਈ ਕਹਿ ਰਿਹਾ ਸੀ ਕਿ ਮਾਇਆਵਤੀ, ਕੋਈ ਮਮਤਾ ਬੈਨਰਜੀ ਦਾ ਨਾਮ ਲੈ ਰਿਹਾ ਸੀ ਪਰ ਰਾਹੁਲ ਗਾਂਧੀ ਦੇ ਕਾਂਗਰਸ ਪ੍ਰਧਾਨ ਬਣਨ ਮਗਰੋਂ ਪਹਿਲੀ ਵਾਰ ਹੋਈ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਵਿਚ ਇਸ ਗੱਲ 'ਤੇ ਜ਼ੋਰ ਦਿਤਾ ਗਿਆ ਕਿ ਗਠਜੋੜ ਦਾ ਚਿਹਰਾ ਕਾਂਗਰਸ ਪ੍ਰਧਾਨ ਹੀ ਬਣਨ।

ਬੈਠਕ ਵਿਚ ਰਾਹੁਲ ਗਾਂਧੀ ਨੇ ਕਾਂਗਰਸੀਆਂ ਨੂੰ ਕਿਹਾ ਕਿ ਉਹ ਭਾਰਤ ਦੇ ਦਬੇ-ਕੁਚਲੇ ਲੋਕਾਂ ਦੀ ਲੜਾਈ ਲੜਨ। ਸੂਤਰਾਂ ਮੁਤਾਬਕ ਸੰਸਦ ਭਵਨ ਦੀ ਅਨੈਕਸੀ ਵਿਚ ਹੋਈ ਬੈਠਕ ਵਿਚ ਸੋਨੀਆ ਗਾਂਧੀ, ਪੀ ਚਿਦੰਬਰਮ, ਅਮਰਿੰਦਰ ਸਿੰਘ ਸਮੇਤ ਕਈ ਸੀਨੀਅਰ ਆਗੂਆਂ ਨੇ ਦੇਸ਼ ਵਿਚ ਵਿਰੋਧੀ ਧਿਰਾਂ ਵਿਚਕਾਰ ਗਠਜੋੜ ਦੀ ਪੈਰਵੀ ਕੀਤੀ। ਸੋਨੀਆ ਗਾਂਧੀ ਨੇ ਮਿਲਦੀ-ਜੁਲਦੀ ਵਿਚਾਰਧਾਰਾ ਵਾਲੀਆਂ ਪਾਰਟੀਆਂ ਵਿਚਕਾਰ ਗਠਜੋੜ ਦੀ ਪੈਰਵੀ ਕੀਤੀ ਅਤੇ ਕਿਹਾ ਕਿ ਇਸ ਯਤਨ ਵਿਚ ਅਸੀਂ ਸਾਰੇ ਕਾਂਗਰਸ ਪ੍ਰਧਾਨ ਨਾਲ ਹਾਂ।

ਰਾਹੁਲ ਨੇ ਕਿਹਾ ਕਿ ਨਵੀਂ ਬਣੀ ਕਮੇਟੀ ਅਨੁਭਵ ਅਤੇ ਜੋਸ਼ ਨਾਲ ਭਰੀ ਹੋਈ ਇਕਾਈ ਹੈ। ਕਾਂਗਰਸ ਪ੍ਰਧਾਨ ਨੇ ਭਾਰਤ ਦੀ ਆਵਾਜ਼ ਵਜੋਂ ਕਾਂਗਰਸ ਦੀ ਭੂÎਮਿਕਾ ਅਤੇ ਵਰਤਮਾਨ ਤੇ ਭਵਿੱਖ ਦੀ ਇਸ ਦੀ ਜ਼ਿੰਮੇਵਾਰੀ ਬਾਰੇ ਯਾਦ ਦਿਵਾਇਆ ਅਤੇ ਦੋਸ਼ ਲਾਇਆ ਕਿ ਭਾਜਪਾ ਸੰਸਥਾਵਾਂ, ਦਲਿਤਾਂ, ਆਦਿਵਾਸੀਆਂ, ਪਿਛੜਿਆਂ, ਘੱਟਗਿਣਤੀਆਂ ਅਤੇ ਗ਼ਰੀਬਾਂ 'ਤੇ ਹਮਲੇ ਕਰ ਰਹੀ ਹੈ। 

ਰਾਹੁਲ ਨੇ ਪਿਛਲੇ ਦਿਨੀਂ 51 ਮੈਂਬਰੀ ਕਾਰਜ ਕਮੇਟੀ ਦਾ ਗਠਨ ਕੀਤਾ ਸੀ।  ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅਪਣੇ ਸੰਬੋਧਨ ਵਿਚ ਕਾਂਗਰਸ ਪ੍ਰਧਾਨ ਨੂੰ ਭਰੋਸਾ ਦਿਵਾਇਆ ਕਿ ਉਹ ਤੇ ਹੋਰ ਸਾਰੇ ਕਾਂਗਰਸੀ ਭਾਰਤ ਦੀ ਸਾਂਝੀਵਾਲਤਾ ਅਤੇ ਆਰਥਕ ਵਿਕਾਸ ਨੂੰ ਬਹਾਲ ਕਰਨ ਦੇ ਮੁਸ਼ਕਲ ਭਰੇ ਕੰਮ ਨੂੰ ਪੂਰਾ ਕਰਨ ਲਈ ਉਨ੍ਹਾਂ ਨਾਲ ਹਨ। ਉਨ੍ਹਾਂ ਕਿਹਾ, 'ਮੈਂ ਰਾਹੁਲ ਜੀ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਅਸੀਂ ਉਨ੍ਹਾਂ ਨੂੰ ਪੂਰਾ ਸਹਿਯੋਗ ਦੇਵਾਂਗੇ।'      (ਏਜੰਸੀ)