ਐਨਡੀਏ ਨੂੰ ਹਰਾਉਣ ਲਈ ਮਹਾਗਠਜੋੜ ਨੂੰ ਵਿਆਪਕ ਬਣਾਉਣ ਦੇ ਯਤਨ ਜਾਰੀ
ਲੋਕ ਸਭਾ ਚੋਣਾਂ 2019 ਦੇ ਸਨਮੁਖ ਐਨਡੀਏ ਨੂੰ ਹਰਾਉਣ ਲਈ ਮਹਾਗਠਜੋੜ ਨੂੰ ਹੋਰ ਵਿਆਪਕ ਬਣਾਉਣ ਦੀ ਦਿਸ਼ਾ ਵਿਚ ਕੋਸ਼ਿਸ਼ਾਂ ਚੱਲ ਰਹੀਆਂ ਹਨ। ਆਰਜੇਡੀ...
ਪਟਨਾ, ਲੋਕ ਸਭਾ ਚੋਣਾਂ 2019 ਦੇ ਸਨਮੁਖ ਐਨਡੀਏ ਨੂੰ ਹਰਾਉਣ ਲਈ ਮਹਾਗਠਜੋੜ ਨੂੰ ਹੋਰ ਵਿਆਪਕ ਬਣਾਉਣ ਦੀ ਦਿਸ਼ਾ ਵਿਚ ਕੋਸ਼ਿਸ਼ਾਂ ਚੱਲ ਰਹੀਆਂ ਹਨ।
ਆਰਜੇਡੀ, ਕਾਂਗਰਸ ਅਤੇ ਹਿੰਦੁਸਤਾਨੀ ਆਵਾਮੀ ਮੋਰਚੇ ਵਲੋਂ ਰਾਕਾਂਪਾ, ਖੱਬੇਪੱਖੀ ਦਲਾਂ ਅਤੇ ਸ਼ਰਦ ਯਾਦਵ ਨੂੰ ਅਪਣੇ ਨਾਲ ਰਲਾਉਣ ਦੇ ਯਤਨ ਜਾਰੀ ਹਨ। ਆਰਜੇਡੀ ਅਤੇ ਕਾਂਗਰਸ ਦੇ ਸੂਤਰਾਂ ਨੇ ਦਸਿਆ
ਕਿ ਮੀਡੀਆ ਦੀ ਚਕਾਚੌਂਧ ਤੋਂ ਦੂਰ ਗਠਜੋੜ ਦੀਆਂ ਪਾਰਟੀਆਂ ਦੇ ਸਿਖਰਲੇ ਆਗੂਆਂ ਵਿਚਕਾਰ ਬਿਹਾਰ ਦੀਆਂ ਕੁਲ 40 ਲੋਕ ਸਭਾ ਸੀਟਾਂ ਵਿਚੋਂ ਹਰ ਲੋਕ ਸਭਾ ਖੇਤਰ ਵਿਚ ਉਨ੍ਹਾਂ ਦੀ ਅਸਲੀ ਜ਼ਮੀਨੀ ਤਾਕਤ ਦੇ ਆਧਾਰ 'ਤੇ ਇਕ ਰਾਏ ਬਣਾਉਣ ਦੀ ਦਿਸ਼ਾ ਵਿਚ ਯਤਨ ਜਾਰੀ ਹਨ। ਹਿੰਦੁਸਤਾਨੀ ਆਵਾਮੀ ਮੋਰਚੇ ਦੇ ਬੁਲਾਰੇ ਦਾਨਿਸ਼ ਰਿਜਵਾਨ ਨੇ ਦਸਿਆ ਕਿ ਉਨ੍ਹਾਂ ਦੀ ਪਾਰਟੀ ਦੇ ਮੁਖੀ ਜੀਤਨ ਰਾਮ ਮਾਂਝੀ ਦੀ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨਾਲ ਇਸ ਹਫ਼ਤੇ ਦੇ ਸ਼ੁਰੂ ਵਿਚ ਦਿੱਲੀ ਵਿਚ ਮੁਲਾਕਾਤ ਦੌਰਾਨ ਉਸਾਰੂ ਗੱਲਬਾਤ ਹੋਈ ਹੈ।
ਕਾਂਗਰਸ ਦੇ ਜਨਰਲ ਸਕੱਤਰ ਅਸ਼ੋਕ ਗਹਿਲੋਤ ਨੇ ਬੀਤੀ 12 ਜੁਲਾਈ ਨੂੰ ਆਰਜੇਡੀ ਮੁਖੀ ਲਾਲੂ ਪ੍ਰਸਾਦ ਯਾਦਵ ਨਾਲ ਮੁਲਾਕਾਤ ਕੀਤੀ ਸੀ। ਲਾਲੂ ਦੇ ਬੇਟੇ ਪੁੱਤਰ ਤੇਜੱਸਵੀ ਪ੍ਰਸਾਦ ਯਾਦਵ ਰਾਹੁਲ ਗਾਂਧੀ ਨਾਲ ਪਹਿਲਾਂ ਕਈ ਵਾਰ ਮੁਲਾਕਾਤ ਕਰ ਚੁੱਕੇ ਹਨ। ਮੋਦੀ ਸਰਕਾਰ ਵਿਚ ਸ਼ਾਮਲ ਉਪੇਂਦਰ ਕੁਸ਼ਵਾਹਾ ਮਹਾਗਠਜੋੜ ਵਿਚ ਜਾਣ ਦੀ ਚਰਚਾ ਨੂੰ ਲਗਾਤਾਰ ਰੱਦ ਕਰਦੇ ਆਏ ਹਨ ਪਰ ਸੂਤਰਾਂ ਦਾ ਦਾਅਵਾ ਹੈ ਕਿ ਆਖ਼ਰਕਾਰ ਉਹ ਵੀ ਗਠਜੋੜ ਦਾ ਹਿੱਸਾ ਹੋਣਗੇ।
ਸੂਤਰਾਂ ਮੁਤਾਬਕ ਹੁਣ ਤਕ ਦੀ ਗੱਲਬਾਤ ਮੁਤਾਬਕ ਬਿਹਾਰ ਦੀਆਂ 40 ਸੀਟਾਂ ਵਿਚੋਂ ਲਗਭਗ ਅੱਧੀਆਂ ਸੀਟਾਂ 'ਤੇ ਲਾਲੂ ਦੀ ਪਾਰਟੀ ਲੜੇਗੀ। ਕਾਂਗਰਸ ਨੁੰ 10, ਮੋਰਚੇ ਅਤੇ ਹੋਰਾਂ ਨੂੰ ਚਾਰ ਚਾਰ ਸੀਟਾਂ ਮਿਲਣਗੀਆਂ। ਖੱਬੇਪੱਖੀਆਂ ਅਤੇ ਰਾਕਾਂਪਾ ਨੂੰ ਇਕ ਇਕ ਸੀਟ ਮਿਲੇਗੀ। ਸ਼ਰਦ ਯਾਦਵ ਅਪਣੇ ਬੇਟੇ ਨੂੰ ਮੈਦਾਨ ਵਿਚ ਉਤਾਰ ਸਕਦੇ ਹਨ। (ਏਜੰਸੀ)