ਪੂਰਬੀ ਲਦਾਖ਼ ’ਚ ਹਵਾਈ ਫ਼ੌਜ ਦੀ ਤੇਜ਼ੀ ਨਾਲ ਤਾਇਨਾਤੀ ਨੇ ਵਿਰੋਧੀਆਂ ਨੂੰ ਸਖ਼ਤ ਸੰਦੇਸ਼ ਦਿਤਾ :

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਖਿਆ ਮੰਤਰੀ ਰਾਜਨਾਥ ਸਿੰਘ ਨੇ ਚੀਨ ਨਾਲ ਪੂਰਬੀ ਲਦਾਖ਼ ’ਚ ਸਰਹੱਦ ’ਤੇ ਰੇੜਕੇ ਦੀ ਪ੍ਰਤੀਕਿਰਿਆ ’ਚ ਭਾਰਤੀ ਹਵਾਈ ਫ਼ੌਜ

Rapid deployment of air force in eastern Ladakh sends strong message to opposition

ਨਵੀਂ ਦਿੱਲੀ, 22 ਜੁਲਾਈ : ਰਖਿਆ ਮੰਤਰੀ ਰਾਜਨਾਥ ਸਿੰਘ ਨੇ ਚੀਨ ਨਾਲ ਪੂਰਬੀ ਲਦਾਖ਼ ’ਚ ਸਰਹੱਦ ’ਤੇ ਰੇੜਕੇ ਦੀ ਪ੍ਰਤੀਕਿਰਿਆ ’ਚ ਭਾਰਤੀ ਹਵਾਈ ਫ਼ੌਜ ਵਲੋਂ ਬੇਸ ਕੈਂਪਾ ’ਤੇ ਅਪਣੇ ਸਰੋਤਾਂ ਦੀ ਤੇਜ਼ੀ ਨਾਲ ਤਾਇਨਾਤੀ ਨੂੰ ਲੈ ਕੇ ਭਾਰਤੀ ਹਵਾਈ ਫ਼ੌਜ ਦੀ ਤਾਰੀਫ਼ ਕਰਦੇ ਹੋਏ ਬੁਧਵਾਰ ਨੂੰ ਕਿਹਾ ਕਿ ਬਾਲਾਕੋਟ ’ਚ ਉਸ ਦੇ ਹਮਲੇ ਅਤੇ ਮੌਦੂਦਾ ਜੰਗੀ ਤਿਆਰੀਆਂ ਨੇ ‘‘ਵਿਰੋਧੀਆਂ’’ ਨੂੰ ਸਖ਼ਤ ਸੰਦੇਸ਼ ਦਿਤਾ ਹੈ। 

ਭਾਰਤੀ ਹਵਾਈ ਫ਼ੌਜ ਦੇ ਮੁੱਖ ਕਮਾਂਡਰਾਂ ਦੇ ਤਿੰਨ ਰੋਜ਼ਾ ਸੰਮੇਲਨ ਨੂੰ ਪਹਿਲੇ ਦਿਨ ਸੰਬੋਧਨ ਕਰਦੇ ਹੋਏ ਰਖਿਆ ਮੰਤਰੀ ਨੇ ਕਿਹਾ ਕਿ ਅਪਣੀ ਪ੍ਰਭੂਸੱਤਾ ਦੀ ਰਖਿਆ ਲਈ ਰਾਸ਼ਟਰ ਦਾ ਸੰਕਲਪ ਅਟਲ ਹੈ  ਅਤੇ ਦੇਸ਼ ਦੇ ਲੋਕਾਂ ਨੂੰ ਅਪਣੇ ਹਥਿਆਰਬੰਦ ਬਲਾਂ ਦੀ ਯੋਗਤਾ ’ਤੇ ਪੂਰਾ ਭਰੋਸਾ ਹੈ। ਰਖਿਆ ਮੰਤਰੀ ਨੇ ਕਿਹਾ, ‘‘ਜਿਸ ਪੇਸ਼ੇਵਰ ਢੰਗ ਨਾਲ ਹਵਾਈ ਫ਼ੌਜ ਨੇ ਬਾਲਾਕੋਟ ’ਚ ਹਵਾਈ ਹਮਲਾ ਕੀਤਾ ਅਤੇ ਪੂਰਬੀ ਲਦਾਖ਼ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਟਿਕਾਣਿਆਂ ’ਤੇ ਹਵਾਈ ਫ਼ੌਜ ਦੇ ਸਰੋਤਾਂ ਦੀ ਤੇਜ਼ੀ ਨਾਲ  ਤਾਇਨਾਤੀ ਕੀਤੀ ਗਈ

ਜਿਸ ਨਾਲ ਵਿਰੋਧੀਆਂ ਨੂੰ ਸਖ਼ਤ ਸੰਦੇਸ਼ ਮਿਲਿਆ।’’ ਉਨ੍ਹਾਂ ਨੇ ਅਸਲ ਕੰਟਰੋਲ ਲਾਈਨ ’ਤੇ ਤਣਾਅ ਘੱਟ ਕਰਨ ਲਈ ਜਾਰੀ ਕੋਸ਼ਿਸ਼ਾਂ ਦਾ ਵੀ ਜ਼ਿਕਰ ਕੀਤਾ ਅਤੇ ਹਵਾਈ ਫ਼ੌਜ ਨੂੰ ਕਿਸੇ ਵੀ ਚੁਣੌਤੀ ਨੂੰ ਸੰਭਾਲਣ ਲਈ ਤਿਆਰ ਰਹਿਣ ਲਈ ਕਿਹਾ। ਰਖਿਆ ਮੰਤਰੀ ਨੇ ਅਪਦੇ ਸੰਬੋਧਨ ’ਚ ਟੈਕਨੋਲਾਜੀ ’ਚ ਤਬਦੀਲੀ ਲਈ ਹਵਾਈ ਫ਼ੌਜ ਦੀ ਭੂਮਿਕਾ ਨੂੰ ਵੀ ਸਵੀਕਾਰ ਕੀਤਾ। ਉਨ੍ਹਾਂ ਨੇ ਨੈਨੋ ਟੈਕਨੋਲਾਜੀ, ਸਾਈਬਰ ਅਤੇ ਪੁਲਾੜੀ ਖੇਤਰਾਂ ਵਰਗੇ ਉਭਰਦੀਆਂ ਸਮਰਥਾਵਾਂ ਨੂੰ ਵੀ ਅਪਣਾਉਣ ਬਾਰੇ ਵੀ ਗੱਲ ਕੀਤੀ। ਉਨ੍ਹਾਂ ਨੇ ਕਮਾਂਡਰਾਂ ਨੂੰ ਯਕੀਨ ਦਵਾਇਆ ਕਿ ਹਥਿਆਰਬੰਦ ਬਲਾਂ ਦੀ ਸਾਰੀਆਂ ਜ਼ਰੂਰਤਾਂ, ਭਾਵੇਂ ਵਿੱਤੀ ਹੋਵੇ ਜਾਂ ਕਿਸੇ ਹੋਰ ਤਰ੍ਹਾਂ ਦੀ, ਪੂਰੀਆਂ ਕੀਤੀਆਂ ਜਾਣਗੀਆਂ।

6 ਰਾਫ਼ੇਲ ਜਹਾਜ਼ਾਂ ਦੀ ਅਗਲੇ ਮਹੀਨੇ ਲਦਾਖ਼ ’ਚ ਹੋ ਸਕਦੀ ਹੈ ਤਾਇਨਾਤੀ
ਸੰਮੇਲਨ ’ਚ ਭਾਰਤੀ ਹਵਾਈ ਫ਼ੌਜ ਨੇ ਕਮਾਂਡਰ ਦੇਸ਼ ਦੀ ਹਵਾਈ ਰਖਿਆ ਪ੍ਰਣਾਲੀ ਦੀ ਡੂੰਘੀ ਸਮੀਖਿਆ ਕਰਨਗੇ ਜਿਸ ਵਿਚ ਰਾਫ਼ੇਲ ਲੜਾਕੂ ਜਹਾਜ਼ਾਂ ਦੇ ਪਹਿਲੇ ਜੱਥੇ ਦੀ ਲਦਾਖ਼ ਖੇਤਰ ’ਚ ਤਾਇਨਾਤੀ ਵੀ ਸ਼ਾਮਲ ਹੈ।  ਸੂਤਰ੍ਹਾਂ ਨੇ ਕਿਹਾ ਕਿ ਕਮਾਂਡਰਾਂ ਦੇ ਸੰਮੇਲਨ ਦਾ ਮੁੱਖ ਮੁੱਦਾ ਪੂਰਬੀ ਲਦਾਖ਼ ’ਚ ਪੂਰੀ ਸਥਿਤੀ ’ਤੇ ਚਰਚਾ ਅਤੇ ਸੰਵੇਦਨਸ਼ੀਲ ਖੇਤਰਾਂ, ਜਿਸ ਵਿਚ ਚੀਨ ਨਾਲ ਲੱਗਣ ਵਾਲੀ ਅਰੁਣਾਚਲ ਪ੍ਰਦੇਸ਼, ਸਿਕੱਮ ਅਤੇ ਉਤਰਾਖੰਡ ਨਾਲ ਲੱਗਣ ਵਾਲੀ ਸਰਹੱਦ ਵੀ ਆਉਂਦੀ ਹੈ, ’ਚ ਹਵਾਈ ਫ਼ੌਜ ਦੀ ਜੰਗੀ ਤਿਆਰੀਆਂ ਨੂੰ ਵਧਾਉਣ ’ਤੇ ਜ਼ੋਰ ਦੇਣਾ ਹੈ।

ਸੂਤਰਾਂ ਨੇ ਕਿਹਾ ਕਿ ਕਮਾਂਡਰਾਂ ਦੀ ਮੀਟਿੰਗ ’ਚ ਖ਼ਾਸ ਤੌਰ ’ਤੇ ਕਰੀਬ 6 ਰਾਫ਼ੇਲ ਲੜਾਕੂ ਜਹਾਜ਼ਾਂ ਦੇ ਪਹਿਲੇ ਜੱਥੇ ਦੀ ਅਗਲੇ ਮਹੀਨੇ ਦੇ ਸ਼ੁਰੂ ’ਚ ਲਦਾਖ਼ ਸੈਕਟਰ ’ਚ ਤਾਇਨਾਤੀ ’ਤੇ ਵੀ ਚਰਚਾ ਹੋਣ ਦੀ ਉਮੀਦ ਹੈ। ਇਨ੍ਹਾਂ ਲੜਾਕੂ ਜਹਾਜ਼ਾਂ ਦੇ 29 ਜੁਲਾਈ ਨੂੰ ਭਾਰਤੀ ਹਵਾਈ ਫ਼ੌਜ ਦੇ ਜੰਗੀ ਬੇੜੇ ਵਿਚ ਸ਼ਾਮਲ ਹੋਣ ਦੀ ਉਮੀਦ ਹੈ।     (ਪੀਟੀਆਈ)

ਵਿਰੋਧੀਆਂ ਦੀ ਹਮਲਾਵਰ ਕਾਰਵਾਈ ਦਾ ਜਵਾਬ ਦੇਣ ਲਈ ਤਿਆਰ ਹੈ ਫ਼ੌਜ : ਭਦੌਰੀਆ
ਹਵਾਈ ਫ਼ੌਜ ਦੇ ਮੁਖੀ ਚੀਫ਼ ਮਾਰਸ਼ਲ ਆਰਕੇਐਸ ਭਦੌਰੀਆ ਨੇ ਕਿਹਾ ਕਿ ਹਵਾਈ ਫ਼ੌਜ ਥੋੜ੍ਹੇ ਸਮੇਂ ਦੇ ਤੇ ਰਣਨੀਤਕ ਖ਼ਤਰੇ ਲਈ ਤਿਆਰ ਹੈ ਅਤੇ  ਸਾਰੇ ਫ਼ੌਜੀ ਕੈਂਪ ਵਿਰੋਧੀਆਂ ਦੀ ਕਿਸੇ ਵੀ ਹਮਲਾਵਰ ਕਾਰਵਾਈ ਦਾ ਮੁਕਾਬਲਾ ਕਰਨ ਲਈ ‘‘ਬਿਲਕੁਲ ਤਿਆਰ’’ ਹਨ। ਉਨ੍ਹਾਂ ਕਿਹਾ ਕਿ ਬਲਾਂ ਦੀ ਤਾਇਨਾਤੀ ਅਤੇ ਤਿਆਰੀ ਯਕੀਨੀ ਕਰਨ ਲਈ ਸਾਰੀਆਂ ਕਮਾਂਡਾਂ ਦੀ ਤੇਜ਼ੀ ਸ਼ਲਾਘਾਯੋਗ ਹੈ।