ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਸਾਹਿਬ ਨੂੰ ਬਾਦਲ ਪ੍ਰਵਾਰ ਤੋਂ ਮੁਕਤ ਕਰਵਾਉਣਾ ਸਮੇਂ ਦੀ ਲੋੜ
ਬੀਬੀ ਤਰਵਿੰਦਰ ਕੌਰ ਖ਼ਾਲਸਾ ਨੂੰ ਜਾਗੋ ਦਾ ਧਰਮ ਪ੍ਰਚਾਰ ਮੁਖੀ ਥਾਪਿਆ
ਨਵੀਂ ਦਿੱਲੀ, 22 ਜੁਲਾਈ (ਅਮਨਦੀਪ ਸਿੰਘ): ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸ.ਪਰਮਿੰਦਰ ਸਿੰਘ ਢੀਂਡਸਾ ਤੇ ‘ਜਾਗੋ’ ਪਾਰਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਨੇ ਸਾਂਝੇ ਤੌਰ ’ਤੇ ਕਿਹਾ ਕਿ ਉਹ ਹਮ ਖ਼ਿਆਲ ਜਥੇਬੰਦੀਆਂ ਦੀ ਮਦਦ ਨਾਲ, ਸ਼੍ਰੋਮਣੀ ਕਮੇਟੀ, ਅਕਾਲ ਤਖ਼ਤ ਸਾਹਿਬ ਤੇ ਹੋਰ ਪੰਥਕ ਸੰਸਥਾਵਾਂ ਨੂੰ ਬਾਦਲ ਪ੍ਰਵਾਰ ਦੇ ਗ਼ਲਬੇ ਤੋਂ ਮੁਕਤ ਕਰਵਾ ਕੇ ਕੌਮ ਨੂੰ ਨਵੀਂ ਦਿਸ਼ਾ ਦੇਣਗੇ।
ਦਿੱਲੀ ਵਿਖੇ ਰਾਜ ਸਭਾ ਮੈਂਬਰ ਸ.ਸੁਖਦੇਵ ਸਿੰਘ ਢੀਂਡਸਾ ਦੀ ਸਰਕਾਰੀ ਰਿਹਾਇਸ਼ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ.ਢੀਂਡਸਾ ਨੇ ਕਿਹਾ, “ਅੱਜ ਸਿਰਫ਼ ਪੰਜਾਬ ਵਿਚ ਹੀ ਨਹੀਂ, ਬਲਕਿ ਪੰਜਾਬ ਤੋਂ ਬਾਹਰ ਤੇ ਵਿਦੇਸ਼ਾਂ ਵਿਚ ਵੀ ਸਿੱਖ ਬੜੀ ਨੀਝ ਨਾਲ ਢੀਂਡਸਾ ਸਾਹਿਬ ਦੀ ਅਗਵਾਈ ਵਿਚ ਕਾਇਮ ਹੋਏ ਅਕਾਲੀ ਦਲ ਵਲ ਵੇਖ ਰਹੇ ਹਨ ਕਿ ਉਹ ਕਿਵੇਂ ਇਕ ਮੁਹਾਜ ਤਿਆਰ ਕਰ ਕੇ, ਪੰਥਕ ਏਕਤਾ ਰਾਹੀਂ ਕੌਮੀ ਰਵਾਇਤਾਂ ਦੀ ਰਾਖੀ ਕਰਦੇ ਹਨ।’’
ਸ.ਜੀ ਕੇ ਨੇ ਸੌਦਾ ਸਾਧ ਨੂੂੰ ਮਾਫ਼ੀ ਦਿਵਾਉਣ ਲਈ ਬਾਦਲਾਂ ਨੂੂੰ ਘੇਰਦਿਆਂ ਕਿਹਾ, “ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁਖ ਸਿੰਘ ਨੇ ਤਾਂ ਪ੍ਰਗਟਾਵਾ ਕਰ ਦਿਤਾ ਸੀ ਕਿ ਕਿਵੇਂ ਸਿਰਸਾ (ਦਿੱਲੀ ਕਮੇਟੀ ਪ੍ਰਧਾਨ) ਦੇ ਉਨ੍ਹਾਂ ਨੂੰ ਚਾਰ ਪੰਜ ਫ਼ੋਨ ਕਰ ਕੇ ਦਬਾਅ ਪਾਇਆ ਸੀ ਕਿ ਉਹ ਸੌਦਾ ਸਾਧ ਦੇ ਮਾਫ਼ੀਨਾਮੇ ’ਤੇ ਦਸਤਖ਼ਤ ਕਰਨ।’’ ਸ. ਜੀ ਕੇ ਨੇ ਕਿਹਾ, ਛੇਤੀ ਅੰਮ੍ਰਿਤਸਰ ਵਿਖੇ ਗੁਰੂ ਗ੍ਰੰਥ ਸਾਹਿਬ ਦੇ 267 ਸਰੂਪਾਂ ਨੂੰ ਖ਼ੁਰਦ ਬੁਰਦ ਕਰਨ ਦੇ ਮਾਮਲੇ ਵਿਚ ਐਫ਼ ਆਈ ਆਰ ਦਰਜ ਕਰਵਾਉਣਗੇ।
ਇਸ ਮੌਕੇ ਸ.ਜੀ ਕੇ ਤੇ ਸ.ਢੀਂਡਸਾ ਨੇ ਇੰਟਰਨੈਸ਼ਨਲ ਸਿੱਖ ਕੌਂਸਲ ਦੀ ਮੁਖੀ ਬੀਬੀ ਤਰਵਿੰਦਰ ਕੌਰ ਖ਼ਾਲਸਾ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਟਿਕਟ ’ਤੇ 2017 ਵਿਚ ਲਾਜਪਤ ਨਗਰ ਹਲਕੇ ਤੋਂ ਦਿੱਲੀ ਕਮੇਟੀ ਚੋਣਾਂ ਵਾਲੇ ਸ.ਜਸਵੰਤ ਸਿੰਘ ਬਿੱਟੂ ਸਣੇ ਸ.ਗੁਲਪ੍ਰੀਤ ਸਿੰਘ ਤੇ ਸ.ਮਨਿੰਦਰ ਸਿੰਘ ਨੂੰ ਸਿਰਪਾਉ ਦੇ ਕੇ ‘ਜਾਗੋ’ ਵਿਚ ਸ਼ਾਮਲ ਕੀਤਾ। ਬੀਬੀ ਖ਼ਾਲਸਾ ਨੂੰ ਜਾਗੋ ਦੇ ਧਰਮ ਪ੍ਰਚਾਰ ਮੁਖੀ ਦੀ ਜ਼ਿੰੰਮੇਵਾਰੀ ਸੌਂਪੀ ਗਈ। ਦਿੱਲੀ ਕਮੇਟੀ ਮੈਂਬਰ ਸ.ਚਮਨ ਸਿੰਘ ਸ਼ਾਹਪੁਰਾ ਤੇ ਸ.ਹਰਜੀਤ ਸਿੰਘ ਜੀ ਕੇ ਸਣੇ ਹੋਰ ਵੀ ਹਾਜ਼ਰ ਸਨ।
ਦਿੱਲੀ ਸਿੱਖ ਗੁਰਦਵਾਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਛੇਤੀ
ਚੋਣ ਦੀ ਪ੍ਰਕਿਰਿਆ ਸ਼ੁਰੂ, ਮੰਤਰੀ ਰਜਿੰਦਰ ਗੌਤਮ ਨੇ ਲਈ ਸਾਰੇ ਦਲਾਂ ਦੀ ਬੈਠਕ
ਚੰਡੀਗੜ੍ਹ, 22 ਜੁਲਾਈ (ਨੀਲ ਭÇਲੰਦਰ ਸਿੰਘ) : ਦਿੱਲੀ ਸਿੱਖ ਗੁਰਦਵਾਰਾ ਮੈਨੇਜਮੈਂਟ ਕਮੇਟੀ (ਡੀਐਸਜੀਐਮਸੀ) ਦੀਆਂ ਸਾਲ 2021 ’ਚ ਹੋਣ ਵਾਲੀਆਂ ਆਮ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਬੁਧਵਾਰ ਨੂੰ ਦਿੱਲੀ ਗੁਰਦਵਾਰਾ ਚੋਣਾਂ ਮਾਮਲਿਆਂ ਦੇ ਮੰਤਰੀ ਰਜਿੰਦਰ ਗੌਤਮ ਨੇ ਸਾਰੀਆਂ ਪ੍ਰਮੁੱਖ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਬੈਠਕ ਕਰ ਕੇ ਚੋਣ ਪ੍ਰਕਿਰਿਆ ਦਾ ਆਗਾਜ਼ ਕਰ ਦਿਤਾ।
ਇਸ ਬੈਠਕ ’ਚ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਸਮੇਤ ਸ਼੍ਰੋਮਣੀ-ਅਕਾਲੀ ਦਲ (ਦਿੱਲੀ) ਵਲੋਂ ਪਰਮਜੀਤ ਸਿੰਘ ਸਰਨਾ ਅਤੇ ਹਰਿੰਦਰ ਸਿੰਘ ਸਰਨਾ, ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਹਰਮੀਤ ਸਿੰਘ ਕਾਲਕਾ ਅਤੇ ਜਾਗੋ ਪਾਰਟੀ ਵਲੋਂ ਮਨਜੀਤ ਸਿੰਘ ਜੀ.ਕੇ ਨੇ ਪ੍ਰਮੁੱਖ ਤੌਰ ’ਤੇ ਹਿੱਸਾ ਲਿਆ। ਬੈਠਕ ਬਾਰੇ ਜਾਣਕਾਰੀ ਦਿੰਦੇ ਹੋਏ ਵਿਧਾਇਕ ਜਰਨੈਲ ਸਿੰਘ ਨੇ ਦਸਿਆ ਕਿ ਬੈਠਕ ਅਗਲੇ ਸਾਲ ਹੋਣ ਜਾ ਰਹੀਆਂ ਡੀਐਸਜੀਐਮਸੀ ਚੋਣਾਂ ਨੂੰ ਸਮੇਂ ਸਿਰ ਨਿਰਪੱਖ ਅਤੇ ਪਾਰਦਰਸ਼ੀ ਤਰੀਕੇ ਨਾਲ ਕਰਵਾਏ ਜਾਣ ਸਬੰਧੀ ਸੱਦੀ ਗਈ ਸੀ। ਜਿਸ ਲਈ ਦਿੱਲੀ ਸਰਕਾਰ ਦੇ ਮੰਤਰੀ ਰਜਿੰਦਰ ਗੌਤਮ ਵਲੋਂ ਦਿਖਾਈ ਗਈ ਗੰਭੀਰਤਾ ਸ਼ਲਾਘਾਯੋਗ ਹੈ। ਜਰਨੈਲ ਸਿੰਘ ਨੇ ਦਸਿਆ ਕਿ ਬੈਠਕ ਦੌਰਾਨ ਨਵੀਆਂ ਵੋਟਾਂ, ਵੋਟਰ ਸੂਚੀਆਂ ਦੀ ਸੁਧਾਈ ਅਤੇ ਜ਼ਰੂਰਤ ਅਨੁਸਾਰ ਨਵੀਂ
ਹਲਕਾਬੰਦੀ ਬਾਰੇ ਵਿਚਾਰ ਚਰਚਾ ਹੋਈ। ਉਨ੍ਹਾਂ ਦਸਿਆ ਕਿ ਛੇਤੀ ਹੀ ਨਵੀਆਂ ਵੋਟਾਂ ਅਤੇ ਵੋਟਰ ਸੂਚੀਆਂ ਦੀ ਸੁਧਾਈ ਲਈ ਆਨਲਾਈਨ ਰਜਿਸਟ੍ਰੇਸ਼ਨ ਦਾ ਕੰਮ ਸ਼ੁਰੂ ਹੋ ਜਾਵੇਗਾ। ਜਰਨੈਲ ਸਿੰਘ ਨੇ ਜਾਰੀ ਬਿਆਨ ਅਤੇ ਸੋਸ਼ਲ ਮੀਡੀਆ ਰਾਹੀਂ ਦਿੱਲੀ ਦੀ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਉਹ ਦਿੱਲੀ ਦੇ ਗੁਰਦਵਾਰਾ ਸਹਿਬਾਨਾਂ ਦੀ ਰਹਿਤ ਮਰਯਾਦਾ ਅਨੁਸਾਰ ਬਿਹਤਰੀਨ ਸਾਂਭ ਸੰਭਾਲ ਸਮੇਤ ਡੀਐਸਜੀਐਮਸੀ ਅਧੀਨ ਚੱਲਦੇ ਸਕੂਲਾਂ, ਕਾਲਜਾਂ ਅਤੇ ਹਸਪਤਾਲਾਂ ਦੀਆਂ ਸੇਵਾਵਾਂ ਵਿਸ਼ਵ ਪਧਰੀ ਬਣਾਉਣ ਲਈ ਹਰੇਕ ਯੋਗ ਸਿੱਖ ਅਪਣੇ-ਅਪਣੇ ਪਰਵਾਰਕ ਮੈਂਬਰਾਂ ਦੀਆਂ ਵੋਟਾਂ ਜ਼ਰੂਰ ਬਣਾਉਣ ਅਤੇ ਵੱਧ ਤੋਂ ਵੱਧ ਮਤਦਾਨ ਕਰ ਕੇ ਡੀਐਸਜੀਐਮਸੀ ਨੂੰ ਚੰਗੇ, ਸਾਫ਼ -ਸੁਥਰੇ ਅਤੇ ਯੋਗ ਹੱਥਾਂ ’ਚ ਦੇਣ।