'ਬ੍ਰਿਟੇਨ ਦੀ ਸੰਸਦ ’ਚ ਕਿਸਾਨਾਂ ਦੇ ਮੁੱਦਿਆਂ ’ਤੇ ਚਰਚਾ ਹੋਈ, ਪਰ ਭਾਰਤ ਦੀ ਸੰਸਦ ਵਿਚ ਨਹੀਂ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

'ਸਰਕਾਰ ਇਜ਼ਰਾਈਲੀ ਸਾਫ਼ਟਵੇਅਰ ਪੇਗਾਸਸ ਰਾਹੀਂ ਉਨ੍ਹਾਂ ਦੀ ਜਾਸੂਸੀ ਕਰਵਾ ਰਹੀ'

Yogendra Yadav

ਨਵੀਂ ਦਿੱਲੀ : ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਵਿਰੁਧ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨ ਆਗੂਆਂ ਨੇ ਕਿਹਾ ਕਿ ਉਨ੍ਹਾਂ ਸ਼ੱਕ ਹੈ ਕਿ ਸਰਕਾਰ ਇਜ਼ਰਾਈਲੀ ਸਾਫ਼ਟਵੇਅਰ ਪੇਗਾਸਸ ਰਾਹੀਂ ਉਨ੍ਹਾਂ ਦੀ ਜਾਸੂਸੀ ਕਰਵਾ ਰਹੀ ਹੈ।

ਕਿਸਾਨ ਆਗੂ ਸ਼ਿਵ ਕੁਮਾਰ ਕੱਕਾ ਨੇ ਕਿਹਾ, ਇਹ ਇਕ ਅਨੈਤਿਕ ਸਰਕਾਰ ਹੈ। ਸਾਨੂੰ ਸ਼ੱਕ ਹੈ ਕਿ ਸਾਡੇ ਨੰਬਰ ਉਨ੍ਹਾਂ ਲੋਕਾਂ ਦੀ ਸੂਚੀ ’ਚ ਸ਼ਾਮਲ ਹਨ, ਜਿਨ੍ਹਾਂ ਦੀ ਜਾਸੂਸੀ ਕਰਵਾਈ ਜਾ ਰਹੀ ਹੈ।’’ ਉਨ੍ਹਾਂ ਦੋਸ਼ ਲਗਾਇਆ ਕਿ ‘‘ਜਾਸੂਸੀ ਪਿੱਛੇ ਸਰਕਾਰ ਹੈ। ਅਸੀਂ ਜਾਣਦੇ ਹਾਂ ਕਿ ਉਹ ਸਾਡੇ ਸਾਰਿਆਂ ’ਤੇ ਨਜ਼ਰ ਰੱਖ ਰਹੇ ਹਨ।’’ ਸਵਰਾਜ ਇੰਡੀਆ ਦੇ ਪ੍ਰਧਾਨ ਯੋਗੇਂਦਰ ਯਾਦਵ ਨੇ ਕਿਹਾ ਕਿਸਾਨ ਆਗੂਆਂ ਦੇ ਫ਼ੋਨ ਨੰਬਰ ਸਾਲ 2020-21 ਦੇ ਅੰਕੜਿਆਂ ਵਿਚ ਮਿਲਣਗੇ। 

ਯਾਦਵ ਨੇ ਕਿਹਾ, ‘‘ਜਦੋਂ ਇਹ ਅੰਕੜਾ ਜਨਤਕ ਹੋਵੇਗਾ, ਯਕੀਨੀ ਤੌਰ ’ਤੇ ਸਾਡੇ ਨੰਬਰ ਵੀ ਮਿਲਣਗੇ।’’ ਉਨ੍ਹਾਂ ਕਿਹਾ ਕਿ ਪ੍ਰਦਰਸ਼ਨਕਾਰੀ ਕਿਸਾਨ ਸਰਕਾਰ ਨੂੰ ਇਹ ਦਿਖਾਉਣ ਲਈ ਜੰਤਰ ਮੰਤਰ ’ਤੇ ਆਏ ਹਨ ਕਿ ਕਿਸਾਨ ਮੂਰਖ ਨਹੀਂ ਹਨ। ਬ੍ਰਿਟੇਨ ਦੀ ਸੰਸਦ ’ਚ ਕਿਸਾਨਾਂ ਦੇ ਮੁੱਦਿਆਂ ’ਤੇ ਚਰਚਾ ਹੋਈ, ਪਰ ਭਾਰਤ ਦੀ ਸੰਸਦ ਵਿਚ ਨਹੀਂ। ਯਾਦਵ ਨੇ ਪ੍ਰੈੱਸ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਕਾਨੂੰਨਾਂ ਦੇ ਵਿਰੋਧ ’ਚ ਕਿਸਾਨਾਂ ਵਲੋਂ ਚੁੱਕੇ ਗਏ ਮੁੱਦਿਆਂ ’ਤੇ ਬਹਿਸ ਲਈ ਜ਼ੋਰ ਦਿਤਾ। 

ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਲਈ 200 ਕਿਸਾਨਾਂ ਦਾ ਇਕ ਜੱਥਾ ਵੀਰਵਾਰ ਨੂੰ ਮੱਧ ਦਿੱਲੀ ਦੇ ਜੰਤਰ ਮੰਤਰ ’ਤੇ ਪਹੁੰਚਿਆ। ਪੁਲਿਸ ਨੇ ਮੱਧ ਦਿੱਲੀ ਦੇ ਚਾਰੇ ਪਾਸੇ ਸੁਰੱਖਿਆ ਘੇਰਾ ਬਣਾ ਕੇ ਰਖਿਆ ਹੈ ਅਤੇ ਵਾਹਨਾਂ ਦੀ ਆਵਾਜਾਈ ’ਤੇ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ