ਮਨੀਪੁਰ ਸਰਕਾਰ ਨੇ ਮੈਨੂੰ ਰਾਜ ਦਾ ਦੌਰਾ ਕਰਨ ਦੀ ਇਜਾਜ਼ਤ ਨਹੀਂ ਦਿਤੀ: ਸਵਾਤੀ ਮਾਲੀਵਾਲ
ਮਾਲੀਵਾਲ ਨੇ 23 ਜੁਲਾਈ ਨੂੰ ਮਣੀਪੁਰ ਦਾ ਦੌਰਾ ਕਰਨਾ ਸੀ
ਨਵੀਂ ਦਿੱਲੀ - ਦਿੱਲੀ ਮਹਿਲਾ ਕਮਿਸ਼ਨ (ਡੀਸੀਡਬਲਿਊ) ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਸ਼ਨੀਵਾਰ ਨੂੰ ਦੋਸ਼ ਲਾਇਆ ਕਿ ਮਣੀਪੁਰ ਸਰਕਾਰ ਨੇ ਉਨ੍ਹਾਂ ਨੂੰ ਜਿਨਸੀ ਸ਼ੋਸ਼ਣ ਪੀੜਤਾਂ ਨੂੰ ਮਿਲਣ ਲਈ ਸੂਬੇ ਦੀ ਯਾਤਰਾ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿਤਾ ਹੈ। ਮਾਲੀਵਾਲ ਨੇ 23 ਜੁਲਾਈ ਨੂੰ ਮਣੀਪੁਰ ਦਾ ਦੌਰਾ ਕਰਨਾ ਸੀ।
ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਨੇ ਸ਼ੁੱਕਰਵਾਰ ਨੂੰ ਮਨੀਪੁਰ ਵਿਚ ਦੋ ਔਰਤਾਂ ਦੀ ਬਿਨ੍ਹਾਂ ਕੱਪੜਿਆਂ ਤੋਂ ਇੱਕ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਰਾਜ ਦੇ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਨੂੰ ਅਪਣੀ ਫੇਰੀ ਬਾਰੇ ਪੱਤਰ ਲਿਖਿਆ।
ਮਾਲੀਵਾਲ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਪੱਤਰ ਲਿਖ ਕੇ ਇਸ ਮਾਮਲੇ 'ਚ ਕਦਮ ਚੁੱਕਣ ਦੀ ਅਪੀਲ ਕੀਤੀ ਸੀ।
ਮਨੀਪੁਰ ਦੇ ਡੀਜੀਪੀ ਨੂੰ ਲਿਖੇ ਇੱਕ ਪੱਤਰ ਵਿਚ, ਉਨ੍ਹਾਂ ਨੇ ਕਿਹਾ ਕਿ ਉਹ ਉੱਥੋਂ ਦੀ ਸਥਿਤੀ ਦਾ ਜਾਇਜ਼ਾ ਲੈਣ ਅਤੇ ਇੱਕ ਤੱਥ ਖੋਜ ਰਿਪੋਰਟ ਸੌਂਪਣ ਲਈ 23 ਜੁਲਾਈ ਨੂੰ ਰਾਜ ਦਾ ਦੌਰਾ ਕਰਨ ਦੀ ਯੋਜਨਾ ਬਣਾ ਰਹੀ ਹੈ।
ਮਾਲੀਵਾਲ ਨੇ ਮਨੀਪੁਰ ਦੇ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਅਤੇ ਸੂਬਾ ਪੁਲਿਸ ਨੂੰ ਟੈਗ ਕਰਦੇ ਹੋਏ, ਉਨ੍ਹਾਂ ਨੇ ਇੱਕ ਟਵੀਟ ਵਿਚ ਕਿਹਾ, "ਮੈਨੂੰ ਇਹ ਦੱਸਣ ਤੋਂ ਬਾਅਦ ਕਿ ਮੈਂ ਮਨੀਪੁਰ ਆ ਸਕਦੀ ਹਾਂ, ਸਰਕਾਰ ਨੇ ਅਪਣਾ ਫੈਸਲਾ ਵਾਪਸ ਲੈ ਲਿਆ ਹੈ ਅਤੇ ਅਚਾਨਕ ਮੈਨੂੰ ਉੱਥੇ ਆਉਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿਤਾ ਹੈ। ਇਹ ਹੈਰਾਨ ਕਰਨ ਵਾਲੀ ਅਤੇ ਬੇਤੁਕੀ ਗੱਲ ਹੈ। ਮੈਂ ਜਿਨਸੀ ਸ਼ੋਸ਼ਣ ਦੇ ਪੀੜਤਾਂ ਨੂੰ ਕਿਉਂ ਨਹੀਂ ਮਿਲ ਸਕਦੀ? ਮੈਂ ਉਨ੍ਹਾਂ ਨਾਲ ਗੱਲ ਕਰਨ ਤੋਂ ਬਾਅਦ ਹੀ ਅਪਣੀਆਂ ਟਿਕਟਾਂ ਬੁੱਕ ਕਰ ਲਈਆਂ ਹਨ। ਤੁਸੀਂ ਮੈਨੂੰ ਰੋਕਣ ਦੀ ਕੋਸ਼ਿਸ਼ ਕਿਉਂ ਕਰ ਰਹੇ ਹੋ?"