ਮਸ਼ਹੂਰ ਪੱਤਰਕਾਰ ਰਵੀਸ਼ ਕੁਮਾਰ ਨੇ ਖਾਲਸਾ ਏਡ ਦੀ ਕੀਤੀ ਸਰਾਹਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਖਾਲਸਾ ਏਡ ਇਕ ਉਹ ਨਾਮ ਹੈ ਜਿਸਨੂੰ ਸੁਣਦੇ ਸਾਰ ਹੀ ਦੁਖੀਆਂ ਅੰਦਰ ਇਕ ਹੌਂਸਲੇ ਦੀ ਉਮੀਦ ਜਾਗ ਉੱਠਦੀ ਹੈ...

Khalsa Aid

ਖਾਲਸਾ ਏਡ ਇਕ ਉਹ ਨਾਮ ਹੈ ਜਿਸਨੂੰ ਸੁਣਦੇ ਸਾਰ ਹੀ ਦੁਖੀਆਂ ਅੰਦਰ ਇਕ ਹੌਂਸਲੇ ਦੀ ਉਮੀਦ ਜਾਗ ਉੱਠਦੀ ਹੈ। ਦੁਨੀਆ ਦਾ ਕੋਈ ਕੋਨਾ ਨਹੀਂ ਹੈ ਜਿਥੇ ਗੁਰੂ ਦੀ ਇਸ ਫੌਜ ਨੇ ਪਹੁੰਚ ਕੇ ਭੁੱਖਿਆਂ ਨੂੰ ਖਾਣਾ, ਨਿਆਸਰਿਆਂ ਨੂੰ ਆਸਰਾ ਨਾ ਦਿੱਤਾ ਹੋਵੇ ਅਤੇ ਲੋੜਵੰਦਾਂ ਦੀ ਬਾਂਹ ਨਾ ਫੜੀ ਹੋਵੇ। ਸਿੱਖ ਕੌਮ ਨੇ ਹਮੇਸ਼ਾ ਇਨਸਾਨੀਅਤ ਦੀ ਖਾਤਿਰ ਆਪਣਾ ਆਪ ਵਾਰਿਆ ਹੈ ਅਤੇ ਹਰ ਇਕ ਦੇ ਦੁੱਖ ਦੀ ਦਵਾਈ ਬਣਨ ਦੀ ਕੋਸ਼ਿਸ਼ ਕੀਤੀ ਹੈ |

ਸਿੱਖ ਕੌਮ ਵੱਲੋਂ ਸਰਬਤ ਦੇ ਭਲੇ ਲਈ ਕੀਤੇ ਜਾ ਰਹੇ ਉਪਰਾਲਿਆਂ ਦੀਆਂ ਅਨੇਕਾਂ ਉਦਾਹਰਨਾਂ ਹਨ ਜਿਨ੍ਹਾਂ ਨੂੰ ਪੂਰੀ ਦੁਨੀਆ ਸਲਾਮ ਕਰਦੀ ਹੈ| ਅਜਿਹੇ ਵਿਚ ਸਿੱਖਾਂ ਨੇ ਕੇਰਲਾ ਵਿਚ ਆਏ ਹੜ੍ਹ ਤੋਂ ਲੋਕਾਂ ਨੂੰ ਬਚਾਉਣ ਲਈ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ | ਤੁਹਾਨੂੰ ਦੱਸ ਦੇਈਏ ਕਿ ਖਾਲਸਾ ਏਡ ਦੀ ਟੀਮ ਕੇਰਲਾ ਪਹੁੰਚ ਗਈ ਹੈ ਅਤੇ ਹੜ ਪੀੜਤਾਂ ਨੂੰ ਖਾਣ-ਪੀਣ ਦੀਆਂ ਵਸਤਾਂ ਦੇ ਨਾਲ ਨਾਲ ਹਰ ਲੋੜੀਂਦੀ ਸਮੱਗਰੀ ਮੁਹਈਆ ਕਰਵਾ ਰਹੀ ਹੈ|

ਇਸ ਦੇ ਚਲਦੇ ਸਿੱਖਾਂ ਦੀ ਸ਼ਲਾਘਾ ਕਰਦੇ ਹੋਏ ਮਸ਼ਹੂਰ ਪੱਤਰਕਾਰ ਰਵੀਸ਼ ਕੁਮਾਰ ਨੇ ਸੋਸ਼ਲ ਮੀਡੀਆ 'ਤੇ ਕੇਰਲਾ ਦੇ ਲੋਕਾਂ ਲਈ ਇਕ ਪੋਸਟ ਸਾਂਝੀ ਕੀਤੀ ਹੈ| ਜਿਸ ਵਿਚ ਉਨ੍ਹਾਂ ਲਿਖਿਆ ਹੈ ਕਿ 'ਫਿਕਰ ਨਾ ਕਰੋ ਮੇਰੇ ਕੇਰਲ ਦੇ ਭਰਾਵੋ' | 2 ਫ਼ੀਸਦੀ ਵਾਲੀ ਸਿੱਖ ਖਾਲਸਾ ਫੌਜ ਤੁਹਾਡੀ ਸੇਵਾ ਲਈ ਪਹੁੰਚ ਚੁੱਕੀ ਹੈ"| ਇਸ ਦੇ ਅੱਗੇ ਰਵੀਸ਼ ਕੁਮਾਰ ਨੇ ਲਿਖਿਆ ਕਿ ਸਿੱਖ ਖਾਲਸਾ ਫੌਜ ਆਪ ਖੁਦ ਖਾਣਾ ਖਾਵੇ ਜਾਂ ਨਾ ਖਾਵੇ ਪਰ ਤੁਹਾਨੂੰ ਭੁੱਖਾ ਨਹੀਂ ਸੌਣ ਦੇਵੇਗੀ|

ਇਹ ਉਸ ਸਮੇਂ ਤੱਕ ਤੁਹਾਡੀ ਸੇਵਾ ਵਿਚ ਰਹਿਣਗੇ ਜਦੋ ਤਕ ਹਲਾਤ ਪਹਿਲਾਂ ਵਰਗੇ ਨਹੀਂ ਹੋ ਜਾਂਦੇ| ਇਸ ਦੇ ਅੱਗੇ ਰਵੀਸ਼ ਕੁਮਾਰ ਨੇ ਦਿਖਾਵੇ ਵਿਚ ਵਿਸ਼ਵਾਸ ਕਰਨ ਵਾਲੇ ਕੁਝ ਲੋਕਾਂ 'ਤੇ ਵਿਅੰਗ ਕਰਦੇ ਹੋਏ ਕਿਹਾ ਕਿ ਦੇਸ਼ ਭਰ ਵਿਚ ਦੇਸ਼ ਭਗਤੀ ਦਾ ਗਿਆਨ ਵੰਡਣ ਵਾਲੇ ਰਾਸ਼ਟਰਵਾਦੀ ਲੋਕ ਅੱਜ ਵੀ ਗਾਇਬ ਹਨ ਅਤੇ ਇਸ ਦੁੱਖ ਦੀ ਘੜੀ ਵਿਚ ਕਿਧਰੇ ਨਜ਼ਰ ਨਹੀਂ ਆ ਰਹੇ| ਰਵੀਸ਼ ਕੁਮਾਰ ਨੇ ਆਪਣੀ ਇਸ ਪੋਸਟ ਨਾਲ ਜਿਥੇ ਸਿੱਖਾਂ ਦੀ ਸੇਵਾ ਭਾਵਨਾ ਅਤੇ ਸਰਬਤ ਦੇ ਭਲੇ ਦੀ ਸੋਚ ਨੂੰ ਪ੍ਰਣਾਮ ਕੀਤਾ ਹੈ ਉਥੇ ਹੀ ਸਿੱਖਾਂ ਨਾਲ ਨਫਰਤ ਕਰਨ ਵਾਲੇ ਲੋਕਾਂ ਨੂੰ ਕਰਾਰ ਜਵਾਬ ਦਿੱਤਾ ਹੈ|