ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਬਾਰੇ ਪਾਕਿਸਤਾਨ ਦੇ ਭਰੋਸੇ ਸਿੱਖਾਂ ਦੇ ਦਿਲਾਂ 'ਚ ਠੰਢ ਵਰਤੀ: ਸਰਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਹੈ ਕਿ ਭਾਵੇਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਬਾਰੇ ਅਖ਼ੀਰਲਾ ਫ਼ੈਸਲਾ.............

Paramjit Singh Sarna

ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਹੈ ਕਿ ਭਾਵੇਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਬਾਰੇ ਅਖ਼ੀਰਲਾ ਫ਼ੈਸਲਾ ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਨੇ ਹੀ ਕਰਨਾ ਹੈ, ਪਰ ਪਾਕਿਸਤਾਨੀ ਫ਼ੌਜ ਮੁਖੀ ਵਲੋਂ ਲਾਂਘਾ ਖੋਲ੍ਹਣ ਬਾਰੇ ਦਿਤਾ ਭਰੋਸਾ ਸਿੱਖ ਪੰਥ ਲਈ ਬੜੇ ਮਾਇਨੇ ਰੱਖਦਾ ਹੈ ਕਿਉਂਕਿ ਇਹ ਲਾਂਘਾ ਫ਼ੌਜ ਦੀ ਸਹਿਮਤੀ ਪਿਛੋਂ ਹੀ ਖੋਲ੍ਹਿਆ ਜਾਣਾ ਹੈ। ਉਨ੍ਹਾਂ ਕਿਹਾ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹ ਕੇ, ਸਿੱਖਾਂ ਤੇ ਪੰਜਾਬੀਆਂ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਨਾ ਚਾਹੀਦਾ ਹੈ।

ਉਨਾਂ੍ਹ ਕਿਹਾ ਕਿ ਪੰਜਾਬ ਦੇ ਕੈਬਨਿਟ ਮੰਤਰੀ  ਨਵਜੋਤ ਸਿੰਘ ਸਿਧੂ ਆਪਣੀ ਨਿੱਜੀ ਹੈਸੀਅਤ ਵਿਚ ਆਪਣੇ ਦੋਸਤ ਤੇ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸੱਦੇ 'ਤੇ ਪਾਕਿਸਤਾਨ ਗਏ ਸਨ, ਉਥੋਂ ਉਹ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦਾ ਜੋ ਸੁਨੇਹਾ ਲੈ ਕੇ ਆਏ ਹਨ, ਉਸ ਨਾਲ ਪੰਜਾਬੀਆਂ ਤੇ ਸਿੱਖਾਂ ਦੇ ਹਿਰਦਿਆਂ ਵਿਚ ਠੰਢ ਪਈ  ਹੈ। ਸ. ਸਰਨਾ ਨੇ ਕਿਹਾ ਕਿ ਸਿੱਖ ਪੰਥ ਪਿਛਲ਼ੇ 18 ਸਾਲ ਤੋਂ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਮੰਗ ਕਰ ਰਿਹਾ ਹੈ ਤੇ ਇਸ ਬਾਰੇ ਹਰ ਮਹੀਨੇ ਦੀ ਮੱਸਿਆ ਵਾਲੇ ਦਿਨ ਅਰਦਾਸ ਸਮਾਗਮ ਹੁੰਦਾ ਹੈ ਤੇ ਮੈਂ ਵੀ ਦੋ ਸਾਲ ਤੋਂ  ਪਾਕਿਸਤਾਨ ਸਰਕਾਰ ਨਾਲ ਗੱਲਬਾਤ ਕਰ ਰਿਹਾ ਹਾਂ

ਕਿ ਇਹ ਲਾਂਘਾ ਖੋਲ੍ਹ ਕੇ, ਸਿੱਖਾਂ ਨੂੰ ਆਪਣੇ ਗੁਰੂ ਦੇ ਦਰ ਦੇ ਦਰਸ਼ਨ ਕਰਨ ਦਾ ਸੁਭਾਗ ਦਿਤਾ ਜਾਵੇ। ਉਨਾਂ੍ਹ ਕਿਹਾ ਕਿ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਪਹਿਲਾਂ ਹੀ ਇਕ ਸਮਾਗਮ ਵਿਚ ਇਹ ਐਲਾਨ ਕਰ ਚੁਕੀ ਹਨ ਕਿ ਗੁਰੂ ਨਾਨਕ ਸਾਹਿਬ ਦਾ 550 ਵਾਂ ਪ੍ਰਕਾਸ਼ ਦਿਹਾੜਾ ਸਮੁੱਚੀ ਦੁਨੀਆ ਵਿਚ ਹਰ ਦੇਸ਼ ਦੇ ਭਾਰਤੀ ਸਫ਼ਾਰਤਖ਼ਾਨੇ ਵਿਚ ਮਨਾਇਆ ਜਾਵੇਗਾ, ਜੋ ਉਸਾਰੂ ਫ਼ੈਸਲਾ ਹੈ ਤੇ ਉਨਾਂ੍ਹ ਲੋਕਾਂ ਦੀਆਂ ਅੱਖਾਂ ਖੋਲ੍ਹਣ ਲਈ ਕਾਫ਼ੀ ਹੈ ਜੋ ਸਿਧੂ ਦਾ ਬੇਲੋੜਾ ਵਿਰੋਧ ਕਰ ਰਹੇ ਹਨ।