''ਕੇਜਰੀਵਾਲ ਨੇ ਤਬਲੀਗ਼ੀ ਜਮਾਤ ਸਿਰ ਭੰਨਿਆ ਸੀ ਅਪਣੀਆਂ ਨਾਕਾਮੀਆਂ ਦਾ ਠੀਕਰਾ''

ਏਜੰਸੀ

ਖ਼ਬਰਾਂ, ਰਾਸ਼ਟਰੀ

ਬੰਬੇ ਹਾਈਕੋਰਟ ਦੇ ਫ਼ੈਸਲੇ ਮਗਰੋਂ ਅਲਕਾ ਲਾਂਬਾ ਦਾ ਤਿੱਖਾ ਨਿਸ਼ਾਨਾ

Alka Lamba target Bombay High Court Arvind Kejriwal  

ਨਵੀਂ ਦਿੱਲੀ: ਬੰਬੇ ਹਾਈਕੋਰਟ ਵੱਲੋਂ ਤਬਲੀਗ਼ੀ ਜਮਾਤ 'ਤੇ ਦਰਜ ਐਫਆਈਆਰ ਰੱਦ ਕਰਨ ਦੇ ਸੁਣਾਏ ਗਏ ਫ਼ੈਸਲੇ ਤੋਂ ਬਾਅਦ ਕਾਂਗਰਸੀ ਨੇਤਾ ਅਲਕਾ ਲਾਂਬਾ ਨੇ ਖ਼ੁਸ਼ੀ ਜ਼ਾਹਰ ਕਰਦਿਆਂ ਅਦਾਲਤ ਦੇ ਫ਼ੈਸਲੇ ਨੇ ਉਸ ਸਾਜਿਸ਼ ਦਾ ਭਾਂਡਾ ਭੰਨ ਕੇ ਰੱਖ ਦਿੱਤਾ ਹੈ ਜੋ ਜਮਾਤੀਆਂ ਵਿਰੁੱਧ ਰਚੀ ਗਈ ਸੀ।

ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਆਖਿਆ ਕਿ ਜਮਾਤੀਆਂ ਵਿਰੁੱਧ ਐਫਆਈਆਰ ਦਰਜ ਕਰਵਾਉਣ ਦਾ ਆਦੇਸ਼ ਕੇਜਰੀਵਾਲ ਵੱਲੋਂ ਦਿੱਤਾ ਗਿਆ ਸੀ, ਜਿਸ ਦਾ ਭਾਜਪਾ ਨੇ ਜਮ ਕੇ ਫ਼ਾਇਦਾ ਉਠਾਇਆ। ਅਲਕਾ ਲਾਂਬਾ ਦਾ ਕਹਿਣਾ ਹੈ ਕਿ ਮਦਰਾਸ ਹਾਈਕੋਰਟ ਤੋਂ ਬਾਅਦ ਮੁੰਬਈ ਹਾਈਕੋਰਟ ਨੇ ਵੀ ਤਬਲੀਗੀ ਜਮਾਤ ਤੇ ਜਿੰਨੀਆਂ ਵੀ ਐਫਆਈਆਰ ਦਰਜ ਸਨ, ਉਹਨਾਂ ਨੂੰ ਇਹ ਕਹਿੰਦੇ ਹੋਏ ਰੱਦ ਕਰ ਦਿੱਤਾ ਹੈ ਕਿ ਤਬਲੀਗੀ ਜਮਾਤ ਨੂੰ ਬਲੀ ਦਾ ਬਕਰਾ ਬਣਾਇਆ ਗਿਆ ਹੈ।

ਰਾਜਨੀਤੀ ਦੇ ਤਹਿਤ ਉਹਨਾਂ ਨੂੰ ਬਦਨਾਮ ਕੀਤਾ ਗਿਆ ਤੇ ਉਹਨਾਂ ਤੇ ਐਫਆਈਆਰ ਕਰਵਾਈ ਗਈ। ਤਬਲੀਗੀਆਂ ਤੇ ਐਫਆਈਆਰ ਕਰਨ ਦਾ ਹੁਕਮ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਤਾ ਸੀ। ਅਲਕਾ ਲਾਂਬਾ ਨੇ ਅੱਗੇ ਕਿਹਾ ਕਿ ਹੁਣ ਉਹਨਾਂ ਨਾਲ ਇਨਸਾਫ਼ ਹੋਇਆ ਹੈ ਤੇ ਇਸ ਦੀ ਉਹਨਾਂ ਨੂੰ ਵੀ ਬਹੁਤ ਖੁਸ਼ੀ ਹੈ। ਅਰਵਿੰਦਰ ਕੇਜਰੀਵਾਲ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ ਕਿਉਂ ਕਿ ਉਹਨਾਂ ਨੇ ਐਫਆਈਆਰ ਦਾ ਹੁਕਮ ਦਿੱਤਾ ਸੀ।

ਜਦੋਂ ਦਿੱਲੀ ਵਿਚ ਕੋਰੋਨਾ ਕੇਸਾਂ ਦੀ ਗੱਲ ਕੀਤੀ ਜਾਂਦੀ ਸੀ ਤਾਂ ਤਬਲੀਗੀਆਂ ਦਾ ਅਲੱਗ ਤੋਂ ਨਾਮ ਲਿਆ ਜਾਂਦਾ ਸੀ ਉਹਨਾਂ ਦੀ ਵੀ ਗਿਣਤੀ ਕੀਤੀ ਜਾਂਦੀ ਸੀ। ਉਹਨਾਂ ਅੱਗੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਜਿੰਨੀਆਂ ਵੀ ਐਫਆਈਆਰ ਦਰਜ ਕਰਵਾਈਆਂ ਸਨ ਉਹਨਾਂ ਨੂੰ ਲਿਖਤੀ ਰੂਪ ਵਿਚ ਦਿੱਲੀ ਹਾਈਕੋਰਟ ਵਿਚ ਦਿੱਤਾ ਜਾਵੇ ਕਿ ਐਫਆਈਆਰ ਰੱਦ ਕੀਤੀਆਂ ਜਾਣ, ਕੇਜਰੀਵਾਲ ਦੀ ਜਵਾਬਦੇਹੀ ਬਣਦੀ ਹੈ ਤੇ ਉਹਨਾਂ ਨੂੰ ਮੁਆਫ਼ੀ ਵੀ ਮੰਗ ਲੈਣੀ ਚਾਹੀਦੀ ਹੈ।

ਦੱਸ ਦਈਏ ਕਿ ਬੰਬੇ ਹਾਈਕੋਰਟ ਨੇ ਤਬਲੀਗ਼ੀ ਜਮਾਤ ਦੇ ਲੋਕਾਂ ਵਿਰੁੱਧ ਦਰਜ ਐਫਆਈਆਰ ਨੂੰ ਇਹ ਕਹਿੰਦਿਆਂ ਰੱਦ ਕਰ ਦਿੱਤਾ ਹੈ ਕਿ ਇਹ ਇਕ ਪ੍ਰਾਪੇਗੰਡਾ ਸੀ, ਜਿਸ ਵਿਚ ਤਬਲੀਗ਼ੀ ਜਮਾਤ ਦੇ ਲੋਕਾਂ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ। ਅਦਾਲਤ ਦੇ ਇਸ ਫ਼ੈਸਲੇ ਨਾਲ ਤਬਲੀਗ਼ੀ ਜਮਾਤ ਨਾਲ ਜੁੜੇ ਲੋਕਾਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।