ਪੁੱਤਰ ਲਈ 106 km ਸਾਈਕਲ ਚਲਾਉਣ ਵਾਲੇ ਪਿਤਾ ਦੇ ਮੁਰੀਦ ਹੋਏ ਆਨੰਦ ਮਹਿੰਦਰਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਹੁਣ ਚੁੱਕਣਗੇ ਪੜ੍ਹਾਈ ਦਾ ਖਰਚਾ

Anand Mahindra steps in to help MP boy whose father cycled 106 km

ਨਵੀਂ ਦਿੱਲੀ: ਹਾਲ ਹੀ ਦੇ ਵਿਚ ਸੋਸ਼ਲ ਮੀਡੀਆ ‘ਤੇ ਇਕ ਵਿਅਕਤੀ ਅਤੇ ਉਸ ਦੇ ਬੱਚੇ ਦੀ ਤਸਵੀਰ ਕਾਫ਼ੀ ਤੇਜ਼ੀ ਨਾਲ ਵਾਇਰਲ ਹੋਈ ਸੀ। ਇਹ ਵਿਅਕਤੀ ਅਪਣੇ ਬੇਟੇ ਦੀ ਪ੍ਰੀਖਿਆ ਦਿਵਾਉਣ ਲਈ 106 ਕਿਲੋਮੀਟਰ ਸਾਈਕਲ ਚਲਾ ਕੇ ਪ੍ਰੀਖਿਆ ਕੇਂਦਰ ਪਹੁੰਚਿਆ ਸੀ। ਵਿਅਕਤੀ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋਈ ਤੇ ਹਰ ਕੋਈ ਇਸ ਪਿਤਾ ਦੇ ਜਜ਼ਬੇ ਨੂੰ ਸਲਾਮ ਕਰ ਰਿਹਾ ਸੀ।

ਵਾਇਰਲ ਹੁੰਦੇ ਹੋਏ ਇਹ ਤਸਵੀਰ ਕਾਰੋਬਾਰੀ ਅਨੰਦ ਮਹਿੰਦਰਾ ਤੱਕ ਵੀ ਪਹੁੰਚ ਗਈ ਹੈ, ਜਿਸ ਤੋਂ ਬਾਅਦ ਉਹਨਾਂ ਨੇ ਇਸ ਪਿਤਾ ਦੀ ਮਦਦ ਲਈ ਹੱਥ ਵਧਾਇਆ ਹੈ। ਇਸ ਦੀ ਜਾਣਕਾਰੀ ਖੁਦ ਆਨੰਦ ਮਹਿੰਦਰਾ ਨੇ ਟਵਿਟਰ ‘ਤੇ ਦਿੱਤੀ ਹੈ। ਉਹਨਾਂ ਨੇ ਟਵੀਟ ਦੇ ਜ਼ਰੀਏ ਸ਼ੋਭਾਰਾਮ ਦੇ ਬੇਟੇ ਦੀ ਪੜ੍ਹਾਈ ਦਾ ਖਰਚਾ ਚੁੱਕਣ ਦਾ ਐਲਾਨ ਕੀਤਾ ਹੈ। ਉਹਨਾਂ ਨੇ ਅਪਣੇ ਟਵੀਟ ਵਿਚ ਸ਼ੋਭਾਰਾਮ ਨੂੰ ਇਕ ਹੀਰੋ ਦੱਸਿਆ ਹੈ।

ਉਹਨਾਂ ਨੇ ਲਿਖਿਆ, ‘ਇਕ ਹੀਰੋ ਬਾਪ, ਜੋ ਅਪਣੇ ਬੱਚਿਆਂ ਲਈ ਉੱਚੇ ਸੁਪਨੇ ਦੇਖਦਾ ਹੈ, ਜੋ ਦੇਸ਼ ਦੇ ਵਿਕਾਸ ਨੂੰ ਗਤੀ ਦਿੰਦੇ ਹਨ। ਸਾਡੀ ਸੰਸਥਾ ਆਸ਼ੀਸ਼ ਦੀ ਅਗਲੀ ਪੜ੍ਹਾਈ ਦਾ ਖਰਚਾ ਚੁੱਕੇਗੀ। ਕੀ ਕੋਈ ਪੱਤਰਕਾਰ ਇਹਨਾਂ ਨਾਲ ਸੰਪਰਕ ਕਰਨ ਵਿਚ ਸਾਡੀ ਮਦਦ ਕਰ ਸਕਦਾ ਹੈ?’

ਜ਼ਿਕਰਯੋਗ ਹੈ ਕਿ 38 ਸਾਲਾ ਸ਼ੋਭਾਰਾਮ ਨਾਮ ਦੇ ਇਕ ਵਿਅਕਤੀ ਦੇ ਬੇਟੇ ਆਸ਼ੀਸ਼ ਦੀ 10ਵੀਂ ਦੀ ਸਪਲੀਮੈਂਟਰੀ ਪ੍ਰੀਖਿਆ ਸੀ ਪਰ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਬੱਸਾਂ ਬੰਦ ਸਨ। ਇਸ ਕਾਰਨ ਬੱਚੇ ਦੇ ਪਿਤਾ ਨੇ ਪ੍ਰੀਖਿਆ ਕੇਂਦਰ ਪਹੁੰਚਣ ਲਈ 106 ਕਿਲੋਮੀਟਰ ਤੱਕ ਦਾ ਸਫ਼ਰ ਸਾਈਕਲ ‘ਤੇ ਤੈਅ ਕੀਤਾ ਸੀ।

ਸਫਰ ਦੌਰਾਨ ਉਹਨਾਂ ਨੇ ਖਾਣ-ਪੀਣ ਦਾ ਸਮਾਨ ਅਪਣੇ ਨਾਲ ਹੀ ਰੱਖ ਲਿਆ ਸੀ ਤੇ ਰਾਸਤੇ ਵਿਚ ਉਹਨਾਂ ਨੇ ਇਕ ਜਗ੍ਹਾ ਅਰਾਮ ਵੀ ਕੀਤਾ।  ਸ਼ੋਭਾਰਾਮ ਦੇ ਇਸ ਜਜ਼ਬੇ ਨੂੰ ਦੇਖ ਕੇ ਲੋਕ ਉਹਨਾਂ ਦੀ ਕਾਫ਼ੀ ਤਾਰੀਫ਼ ਕਰ ਰਹੇ ਹਨ।