ਪਹਿਲਗਾਮ ਹਾਦਸਾ: ITBP ਦੇ ਇੱਕ ਹੋਰ ਜਵਾਨ ਦੀ ਮੌਤ, ਮਰਨ ਵਾਲਿਆਂ ਦੀ ਗਿਣਤੀ 8 ਹੋਈ
ਇਸ ਹਾਦਸੇ 'ਚ ਪਹਿਲਾਂ 7 ਜਵਾਨ ਸ਼ਹੀਦ ਹੋ ਗਏ ਸਨ ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਦੋ ਜਵਾਨਾਂ ਸਮੇਤ 32 ਹੋਰ ਜ਼ਖਮੀ ਹੋ ਗਏ ਸਨ।
ਨਵੀਂ ਦਿੱਲੀ - ਜੰਮੂ-ਕਸ਼ਮੀਰ ਦੇ ਪਹਿਲਗਾਮ ‘ਚ ਪਿਛਲੇ ਹਫ਼ਤੇ ਬੱਸ ਹਾਦਸੇ 'ਚ ਜ਼ਖਮੀ ਹੋਏ ਇੰਡੋ-ਤਿੱਬਤੀਅਨ ਬਾਰਡਰ ਪੁਲਿਸ (ਆਈ.ਟੀ.ਬੀ.ਪੀ.) ਦੇ ਜਵਾਨ ਦੀ ਇਲਾਜ ਦੌਰਾਨ ਮੌਤ ਹੋ ਜਾਣ ਤੋਂ ਬਾਅਦ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ 8 ਹੋ ਗਈ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
ਜ਼ਿਕਰਯੋਗ ਹੈ ਕਿ ਇਸ ਹਾਦਸੇ 'ਚ ਪਹਿਲਾਂ 7 ਜਵਾਨ ਸ਼ਹੀਦ ਹੋ ਗਏ ਸਨ ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਦੋ ਜਵਾਨਾਂ ਸਮੇਤ 32 ਹੋਰ ਜ਼ਖਮੀ ਹੋ ਗਏ ਸਨ।
ਇਹ ਹਾਦਸਾ 16 ਅਗਸਤ ਨੂੰ ਉਸ ਸਮੇਂ ਵਾਪਰਿਆ ਜਦੋਂ ਉਹਨਾਂ ਦੀ ਬੱਸ ਪਹਿਲਗਾਮ ਨੇੜੇ ਖੱਡ ਵਿਚ ਡਿੱਗ ਗਈ ਸੀ। ਉਹ ਅਮਰਨਾਥ ਯਾਤਰਾ ਦੀ ਡਿਊਟੀ ਪੂਰੀ ਕਰਕੇ ਆਪਣੇ ਅੱਡੇ ਵੱਲ ਪਰਤ ਰਹੇ ਸਨ। ਆਈਟੀਬੀਪੀ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਵਿਚ ਗੰਭੀਰ ਜ਼ਖ਼ਮੀ ਹੋਏ ਸਹਾਇਕ ਸਬ ਇੰਸਪੈਕਟਰ ਨੰਦਨ ਸਿੰਘ ਦੀ ਸੋਮਵਾਰ ਰਾਤ 11.30 ਵਜੇ ਸ੍ਰੀਨਗਰ ਦੇ ਐਸਕੇਆਈਐਮਐਸ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿਚ ਆਈਟੀਬੀਪੀ ਦੇ ਕੁੱਲ ਅੱਠ ਜਵਾਨਾਂ ਦੀ ਮੌਤ ਹੋ ਗਈ ਹੈ। ਤਿੰਨ ਗੰਭੀਰ ਜ਼ਖਮੀ ਕਰਮਚਾਰੀਆਂ ਨੂੰ ਹਾਲ ਹੀ 'ਚ ਸ਼੍ਰੀਨਗਰ ਤੋਂ ਦਿੱਲੀ ਏਅਰਲਿਫਟ ਕੀਤਾ ਗਿਆ ਅਤੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਜ਼) ਦੇ ਟਰਾਮਾ ਸੈਂਟਰ 'ਚ ਦਾਖਲ ਕਰਵਾਇਆ ਗਿਆ।
ਜ਼ਿਕਰਯੋਗ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਿਛਲੇ ਹਫ਼ਤੇ ਟਰੌਮਾ ਸੈਂਟਰ ਦਾ ਦੌਰਾ ਕੀਤਾ ਸੀ ਅਤੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ ਸੀ।