ਮਿਜ਼ੋਰਮ ’ਚ ਪੁਲ ’ਤੇ ਗੈਂਟਰੀ ਉਤਰਦੇ ਸਮੇਂ ਡਿੱਗਣ ਕਾਰਨ ਵਾਪਰਿਆ ਹਾਦਸਾ : ਰੇਲਵੇ
ਘੱਟ ਤੋਂ ਘੱਟ 17 ਮਜ਼ਦੂਰਾਂ ਦੀ ਮੌਤ
ਆਈਜ਼ੋਲ: ਮਿਜ਼ੋਰਮ ਦੇ ਸੈਰਾਂਗ ਇਲਾਕੇ ਕੋਲ ਇਕ ਉਸਾਰੀ ਅਧੀਨ ਰੇਲਵੇ ਪੁਲ ’ਤੇ ਉਤਾਰਨ ਸਮੇਂ ਇਕ ਗੈਂਟਰੀ (ਇਕ ਤਰ੍ਹਾਂ ਦੀ ਕ੍ਰੇਨ) ਦੇ ਡਿੱਗ ਜਾਣ ਕਾਰਨ ਬੁਧਵਾਰ ਨੂੰ ਘੱਟ ਤੋਂ ਘੱਟ 17 ਮਜ਼ਦੂਰਾਂ ਦੀ ਮੌਤ ਹੋ ਗਈ।
ਪਹਿਲਾਂ ਮਿਜ਼ੋਰਮ ਦੇ ਮੁੱਖ ਮੰਤਰੀ ਜ਼ੋਰਮਥਾਂਗਾ ਨੇ ਇਸ ਘਟਨਾ ਨੂੰ ਪੁਲ ਢਹਿਣਾ ਦਸਿਆ ਸੀ, ਜਦਕਿ ਰੇਲਵੇ ਨੇ ਕਿਹਾ, ‘‘ਪੁਲ ਨਹੀਂ ਟੁੱਟਾ। ਇਹ ਇਕ ਗੈਂਟਰੀ ਸੀ ਜੋ ਉਸਾਰੀ ਅਧੀਨ ਪੁਲ ’ਤੇ ਉਤਰਦੇ ਸਮੇਂ ਡਿੱਗ ਗਈ।’’ ਰੇਲਵੇ ਨੇ ਦਾਅਵਾ ਕੀਤਾ ਕਿ ਪੁਲ ਦਾ ਬਣ ਚੁਕਿਆ ਹਿੱਸਾ ਅਜੇ ਵੀ ਬਰਕਰਾਰ ਹੈ।
ਰੇਲਵੇ ਨੇ ਉਸਾਰੀ ਅਧੀਨ ਪੁਲ ਨਾਲ ਜੁੜੀ ਘਟਨਾ ਦੀ ਜਾਂਚ ਲਈ ਇਕ ਉੱਚ ਪੱਧਰੀ ਕਮੇਟੀ ਬਣਾਈ ਹੈ। ਇਹ ਪੁਲ ਭੈਰਵੀ-ਸੈਰਾਂਗ ਨਵੀਂ ਰੇਲਵੇ ਲਾਈਨ ਪ੍ਰਾਜੈਕਟ ਦੇ 130 ਪੁਲਾਂ ’ਚੋਂ ਇਕ ਹੈ। ਰੇਲਵੇ ਨੇ ਕਿਹਾ ਕਿ ਡਿੱਗੀ ਗੈਂਟਰੀ ਨੂੰ ਐਸ.ਟੀ.ਯੂ.ਪੀ. ਕੰਸਲਟੈਂਟ ਨਾਮਕ ਕੰਪਨੀ ਨੇ ਡਿਜ਼ਾਈਨ ਕੀਤਾ ਸੀ ਅਤੇ ਆਈ.ਆਈ.ਟੀ.-ਗੁਹਾਟੀ ਨੇ ਇਸ ਦੀ ਮਜ਼ਬੂਤੀ ਦੀ ਜਾਂਚ ਕੀਤੀ ਸੀ। ਗੈਂਟਰੀ ਇਸਪਾਤ ਦੇ ਭਾਰੇ ਢਾਂਚੇ ਹੁੰਦੇ ਹਨ ਜਿਨ੍ਹਾਂ ਦਾ ਪ੍ਰਯੋਗ ਪੁਲਾਂ ਜਾਂ ਗਾਡਰਾਂ ਨੂੰ ਚੁੱਕਣ ਅਤੇ ਉਨ੍ਹਾਂ ਨੂੰ ਆਪਸ ’ਚ ਜੋੜਨ ਲਈ ਕੀਤਾ ਜਾਂਦਾ ਹੈ।
ਪੁਲਿਸ ਨੇ ਦਸਿਆ ਕਿ ਘਟਨਾ ਵਾਲੀ ਥਾਂ ’ਤੇ ਕਈ ਹੋਰ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ ਕਿਉਂਕਿ ਘਟਨਾ ਸਮੇਂ ਉਥੇ 35-40 ਮਜ਼ਦੂਰ ਮੌਜੂਦ ਸਨ। ਘਟਨਾ ਆਈਜ਼ੋਲ ਤੋਂ ਲਗਭਗ 21 ਕਿਲੋਮੀਟਰ ਦੂਰ ਸਵੇਰੇ ਲਗਭਗ 10 ਵਜੇ ਵਾਪਰੀ।
ਪੁਲਿਸ ਦੇ ਇਕ ਅਧਿਕਾਰੀ ਨੇ ਕਿਹਾ, ‘‘ਮਲਬੇ ’ਚੋਂ ਹੁਣ ਤਕ 17 ਲਾਸ਼ਾਂ ਕਢੀਆਂ ਗਈਆਂ ਹਨ... ਕਈ ਹੋਰ ਅਜੇ ਵੀ ਲਾਪਤਾ ਹਨ।’’ ਉਨ੍ਹਾਂ ਕਿਹਾ ਕਿ ਬਚਾਅ ਕਾਰਜ ਜਾਰੀ ਹਨ।
ਬੈਰਾਬੀ-ਸੈਰਾਂਗ ਲਾਈਨ ਭਾਰਤੀ ਰੇਲਵੇ ਦੇ ਪੂਰਬ-ਉੱਤਰ ਸਰਹੱਦੀ ਰੇਲਵੇ ਖੇਤਰ ਹੇਠ ਬੈਰਾਬਰੀ ਤੋਂ ਸੈਰਾਂਗ ਤਕ 51 ਕਿਲੋਮੀਟਰ ਲੰਮੀ ਹੈ। ਇਸ ਰੇਲ ਲਾਈਨ ’ਚ 130 ਪੁਲ, 23 ਸੁਰੰਗਾਂ ਅਤੇ ਚਾਰ ਸਟੇਸ਼ਨ-ਹਾਰਟੀਕੋ ਕਾਵਨਪੁਈ, ਮੁਆਲਖਾਂਗ ਅਤੇ ਸੈਰਾਂਗ ਸ਼ਾਮਲ ਹਨ।
ਪ੍ਰਧਾਨ ਮੰਤਰੀ ਅਤੇ ਰੇਲਵੇ ਨੇ ਮੁਆਵਜ਼ਾ ਰਕਮ ਦਾ ਐਲਾਨ ਕੀਤਾ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਐਕਸ’ ’ਤੇ ਇਕ ਪੋਸਟ ’ਚ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਪ੍ਰਤੀ ਦੁੱਖ ਪ੍ਰਗਟ ਕੀਤਾ ਅਤੇ ਦੋ-ਦੋ ਲੱਖ ਰੁਪਏ ਦੀ ਮੁਆਵਜ਼ਾ ਰਕਮ ਦਾ ਐਲਾਨ ਕੀਤਾ। ਉਨ੍ਹਾਂ ਕਿਹਾ, ‘‘ਮਿਜ਼ੋਰਮ ’ਚ ਪੁਲ ਹਾਦਸੇ ਤੋਂ ਦੁੱਖ ਹੋਇਆ। ਉਨ੍ਹਾਂ ਲੋਕਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦਾ ਹਾਂ ਜਿਨ੍ਹਾਂ ਨੇ ਅਪਣੇ ਸਨੇਹੀਆਂ ਨੂੰ ਗੁਆਇਆ ਹੈ। ਪ੍ਰਾਰਥਨਾ ਕਰਦਾ ਹਾਂ ਕਿ ਜ਼ਖ਼ਮੀ ਛੇਤੀ ਸਿਹਤਮੰਦ ਹੋਣ। ਬਚਾਅ ਮੁਹਿੰਮ ਜਾਰੀ ਹੈ ਅਤੇ ਪ੍ਰਭਾਵਤ ਲੋਕਾਂ ਨੂੰ ਹਰ ਸੰਭਵ ਮਦਦ ਦਿਤੀ ਜਾ ਰਹੀ ਹੈ।’’ ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਕਿ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੀ ਮਦਦ ਦਿਤੀ ਜਾਵੇਗੀ।
ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨੇ ਮ੍ਰਿਤਕਾਂ ਦੇ ਪ੍ਰਵਾਰਾਂ ਨੂੰ 10-10 ਲੱਖ ਰੁਪਏ ਦੀ ਮੁਆਵਜ਼ਾ ਰਕਮ ਜਾਰੀ ਕਰਨ ਦਾ ਐਲਾਨ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਮਾਮੂਲੀ ਜ਼ਖ਼ਮੀਆਂ ਨੂੰ 50 ਹਜ਼ਾਰ ਰੁਪਏ ਦੀ ਰਕਮ ਦਿਤੀ ਜਾਵੇਗੀ।
ਮਿਜ਼ੋਰਮ ਦੇ ਮੁੱਖ ਮੰਤਰੀ ਜੋਰਮਥਾਂਗਾ ਨੇ ਕਿਹਾ ਕਿ ਉਹ ਘਟਨਾ ’ਚ ਲੋਕਾਂ ਦੀ ਮੌਤ ’ਤੇ ਡੂੰਘ ਦੁੱਖ ਪ੍ਰਗਟ ਕਰਦੇ ਹਨ ਅਤੇ ਬਚਾਅ ਮੁਹਿੰਮ ’ਚ ਮਦਦ ਕਰਨ ਵਾਲੇ ਸਾਰੇ ਲੋਕਾਂ ਦਾ ਧਨਵਾਦ ਕਰਦੇ ਹਨ।
ਘਟਨਾ ’ਚ ਮਾਰੇ ਜਾਣ ਵਾਲੇ ਕੁਝ ਵਿਅਕਤੀ ਪਛਮੀ ਬੰਗਾਲ ਦੇ ਮਾਲਦਾ ਜ਼ਿਲ੍ਹੇ ਦੇ ਵੀ ਸਨ। ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਉਨ੍ਹਾਂ ਨੇ ਅਧਿਕਾਰੀਆਂ ਨੂੰ ਬਚਾਅ ਮੁਹਿੰਮ ’ਚ ਮਦਦ ਕਰਨ ਲਈ ਮਿਜ਼ੋਰਮ ਸਰਕਾਰ ਨਾਲ ਤਾਲਮੇਲ ਬਣਾਉਣ ਨੂੰ ਕਿਹਾ ਹੈ।