Qatar :ਕਤਰ ਪੁਲਿਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇੱਕ ਪਾਵਨ ਸਰੂਪ ਕੀਤਾ ਵਾਪਸ, ਦੂਜਾ ਸਰੂਪ ਸਨਮਾਨਪੂਰਵਕ ਰੱਖਣ ਦਾ ਦਿੱਤਾ ਭਰੋਸਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਤਰ ਪੁਲਿਸ ਵੱਲੋਂ ਜ਼ਬਤ ਕੀਤੇ ਗਏ ਸਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 2 ਪਾਵਨ ਸਰੂਪ

Senior Diplomat Randhir Jaiswal

Saroop of Guru Granth Sahib : ਕਤਰ ਦੀ ਰਾਜਧਾਨੀ ਦੋਹਾ ਵਿੱਚ ਪੁਲਿਸ ਵੱਲੋਂ ਜ਼ਬਤ ਕੀਤੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 2 ਪਾਵਨ ਸਰੂਪਾਂ ਵਿੱਚੋਂ ਇੱਕ ਸਰੂਪ ਨੂੰ ਸਤਿਕਾਰ ਸਹਿਤ ਵਾਪਸ ਕਰ ਦਿੱਤਾ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਇਤਰਾਜ਼ ਤੋਂ ਬਾਅਦ ਭਾਰਤੀ ਦੂਤਾਵਾਸ ਹਰਕਤ ਵਿੱਚ ਆਇਆ ਹੈ। ਇਸ ਤੋਂ ਬਾਅਦ ਕਤਰ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ।

ਵਿਦੇਸ਼ ਮੰਤਰਾਲੇ ਨੇ ਇੱਕ ਪ੍ਰੈਸ ਬਿਆਨ ਜਾਰੀ ਕੀਤਾ ਹੈ, ਜਿਸ ਵਿੱਚ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ - ਅਸੀਂ ਕਤਰ ਦੇ ਅਧਿਕਾਰੀਆਂ ਦੁਆਰਾ ਜ਼ਬਤ ਕੀਤੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਤੇ ਸਿੱਖ ਭਾਈਚਾਰੇ ਦੁਆਰਾ ਉਨ੍ਹਾਂ ਦੀ ਰਿਹਾਈ ਦੀ ਮੰਗ ਦੇ ਨਾਲ ਸੰਬੰਧਿਤ ਰਿਪੋਰਟਾਂ ਵੇਖੀਆਂ ਹਨ। ਸਰਕਾਰ ਨੇ ਪਹਿਲਾਂ ਹੀ ਕਤਰ ਸਰਕਾਰ ਕੋਲ ਇਹ ਮਾਮਲਾ ਉਠਾਇਆ ਸੀ ਅਤੇ ਸਾਡੇ ਦੂਤਾਵਾਸ ਨੇ ਦੋਹਾ ਵਿੱਚ ਸਿੱਖ ਭਾਈਚਾਰੇ ਨੂੰ ਘਟਨਾਕ੍ਰਮ ਬਾਰੇ ਜਾਣਕਾਰੀ ਦਿੱਤੀ ਸੀ।

ਬੁਲਾਰੇ ਨੇ ਦੱਸਿਆ ਕਿ ਕਤਰ ਦੇ ਅਧਿਕਾਰੀਆਂ ਨੇ ਦੋ ਵਿਅਕਤੀਆਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋ ਸਰੂਪ ਲਏ ਸਨ। ਉਨ੍ਹਾਂ 'ਤੇ ਕਤਰ ਸਰਕਾਰ ਦੀ ਮਨਜ਼ੂਰੀ ਤੋਂ ਬਿਨਾਂ ਧਾਰਮਿਕ ਸੰਸਥਾਨ ਚਲਾਉਣ ਦਾ ਆਰੋਪ ਸੀ। ਸਾਡੇ ਦੂਤਾਵਾਸ ਨੇ ਸਥਾਨਕ ਕਾਨੂੰਨਾਂ ਦੇ ਦਾਇਰੇ ਵਿੱਚ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਸਰੂਪ ਕਤਰ ਦੇ ਅਧਿਕਾਰੀਆਂ ਨੇ ਵਾਪਸ ਕਰ ਦਿੱਤਾ ਅਤੇ ਭਰੋਸਾ ਦਿਵਾਇਆ ਹੈ ਕਿ ਦੂਜੇ ਸਰੂਪ ਨੂੰ ਵੀ ਸਨਮਾਨਪੂਰਵਕ ਰੱਖਿਆ ਜਾਵੇਗਾ।

SGPC ਨੇ ਉਠਾਇਆ ਸੀ ਮਾਮਲਾ 

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਦਿੱਤੇ ਹੁਕਮਾਂ ਦੀ ਪਾਲਣਾ ਕਰਦਿਆਂ ਸ਼੍ਰੋਮਣੀ ਕਮੇਟੀ ਨੇ ਭਾਰਤ ਦੇ ਵਿਦੇਸ਼ ਮੰਤਰੀ ਅਤੇ ਦੋਹਾ, ਕਤਰ ਵਿੱਚ ਭਾਰਤੀ ਰਾਜਦੂਤ ਨੂੰ ਪੱਤਰ ਲਿਖਿਆ ਸੀ। ਐਡਵੋਕੇਟ ਧਾਮੀ ਨੇ ਕਿਹਾ ਕਿ ਭਾਈ ਘਨ੍ਹਈਆ ਹਿਊਮੈਨਟੇਰੀਅਨ ਏਡ ਦੇ ਧਿਆਨ ਵਿੱਚ ਆਇਆ ਹੈ ਕਿ ਦਸੰਬਰ 2023 ਵਿੱਚ ਕਤਰ ਵਿੱਚ ਦੋਹਾ ਪੁਲਿਸ ਵੱਲੋਂ ਇੱਕ ਸਿੱਖ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਰਿਹਾਅ ਕੀਤਾ ਗਿਆ ਸੀ ਪਰ ਪੁਲਿਸ ਨੇ ਉਸ ਤੋਂ ਮਿਲੇ ਸਰੂਪ ਨੂੰ ਜ਼ਬਤ ਕਰ ਲਿਆ ਗਿਆ ਸੀ।

ਐਸਜੀਪੀਸੀ ਪ੍ਰਧਾਨ ਨੇ ਦੱਸਿਆ ਕਿ ਗ੍ਰਿਫ਼ਤਾਰ ਸਿੱਖ ਕੋਲੋਂ ਸ੍ਰੀ ਗੁਰੂ ਗ੍ਰੰਥ ਦੇ ਦੋ ਪਾਵਨ ਸਰੂਪ ਮਿਲੇ ਹਨ। ਸਥਾਨਕ ਪੁਲੀਸ ਪ੍ਰਸ਼ਾਸਨ ਨੇ ਉਸ ਨੂੰ ਥਾਣੇ ਵਿੱਚ ਹੀ ਰੱਖਿਆ। ਇਹ ਪਾਵਨ ਸਰੂਪ ਅਲ ਵਕਰਾਹ ਪੁਲਿਸ ਸਟੇਸ਼ਨ ਵਿਖੇ ਰੱਖੇ ਗਏ ਸਨ। ਇਹ ਗੁਰੂ ਸਾਹਿਬ ਦਾ ਬਹੁਤ ਵੱਡਾ ਅਪਮਾਨ ਹੈ।

ਦੂਜਾ ਸਰੂਪ ਵੀ ਜਲਦੀ ਹੀ ਵਾਪਸ ਕਰ ਦਿੱਤਾ ਜਾਵੇਗਾ

ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਦੂਜਾ ਸਰੂਪ ਅਜੇ ਕਤਰ ਪੁਲਿਸ ਸਟੇਸ਼ਨ ਵਿਚ ਹੈ ਪਰ ਉਸਨੂੰ ਸਨਮਾਨਪੂਰਵਕ ਰੱਖਿਆ ਜਾਵੇਗਾ। ਵਿਦੇਸ਼ ਮੰਤਰਾਲਾ ਇਸ ਮਾਮਲੇ 'ਤੇ ਕਤਰ ਦੇ ਅਧਿਕਾਰੀਆਂ ਨਾਲ ਉੱਚ ਤਰਜੀਹ ਨਾਲ ਚਰਚਾ ਕਰਨਾ ਜਾਰੀ ਰੱਖੇਗਾ।