India 'ਚ 5 ਸਾਲਾਂ ਬਾਅਦ TikTok ਨੂੰ ਕੀਤਾ ਗਿਆ ਅਨਬਲੌਕ?
ਭਾਰਤ ਸਰਕਾਰ ਨੇ ਚੀਨੀ ਐਪਸ ਪਾਬੰਦੀ ਤੋਂ ਹਟਾਉਣ ਤੋਂ ਕੀਤਾ ਇਨਕਾਰ
TikTok unblock news : ਚੀਨੀ ਵੀਡੀਓ ਸਟਰੀਮਿੰਗ ਪਲੇਟਫਾਰਮ TikTok ਦੀ ਵੈੱਬਸਾਈਟ 5 ਸਾਲਾਂ ਬਾਅਦ ਭਾਰਤ ਵਿੱਚ ਦੁਬਾਰਾ ਸ਼ੁਰੂ ਹੋਈ ਹੈ। ਜਦਕਿ ਇਹ ਐਪ ਫਿਲਹਾਲ ਅਜੇ ਵੀ ਉਪਲਬਧ ਨਹੀਂ ਹੈ। ਜ਼ਿਕਰਯੋਗ ਹੈ ਕਿ 2020 ’ਚ ਭਾਰਤ ਸਰਕਾਰ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ TikTok ਸਮੇਤ ਕਈ ਚੀਨੀ ਐਪਾਂ ’ਤੇ ਪਾਬੰਦੀ ਲਗਾ ਦਿੱਤੀ ਸੀ। ਇਸ ਦੇ ਨਾਲ ਹੀ ਸ਼ਾਪਿੰਗ ਵੈੱਬਸਾਈਟ AliExpress ਤੋਂ ਵੀ ਪਾਬੰਦੀ ਹਟਾ ਦਿੱਤੀ ਗਈ ਹੈ ਅਤੇ ਇਸਨੂੰ ਭਾਰਤ ਵਿੱਚ ਅਨਬਲੌਕ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਇਹ ਪਾਬੰਦੀ ਅਜੇ ਵੀ ਜਾਰੀ ਹੈ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ TikTok ਦੀ ਵੈੱਬਸਾਈਟ ਬਹੁਤ ਸਾਰੇ ਉਪਭੋਗਤਾਵਾਂ ਲਈ ਖੁੱਲ੍ਹ ਰਹੀ ਹੈ ਪਰ ਫਿਲਹਾਲ ਇਹ ਐਪ ਗੂਗਲ ਪਲੇ ਸਟੋਰ ਅਤੇ ਐਪਲ ਐਪ ਸਟੋਰ ’ਤੇ ਦਿਖਾਈ ਨਹੀਂ ਦੇ ਰਹੀ ਹੈ। ਹਾਲਾਂਕਿ TikTok ਅਤੇ ਇਸਦੀ ਮੂਲ ਕੰਪਨੀ Byte Dance ਨੇ ਭਾਰਤ ਵਿੱਚ ਐਪ ਦੀ ਵਾਪਸੀ ਸੰਬੰਧੀ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ। ਇਸ ਦੇ ਨਾਲ ਹੀ ਸਰਕਾਰੀ ਸੂਤਰਾਂ ਨੇ ਸਪੱਸ਼ਟ ਕੀਤਾ ਹੈ ਕਿ ਮੀਡੀਆ ਵਿੱਚ ਆ ਰਹੀਆਂ ਖ਼ਬਰਾਂ ਦੇ ਉਲਟ TikTok ਅਤੇ ਸੰਬੰਧਿਤ ਵੈੱਬਸਾਈਟਾਂ ਦੀ ਸਥਿਤੀ ਵਿੱਚ ਕੋਈ ਬਦਲਾਅ ਨਹੀਂ ਆਇਆ ਹੈ। ਤੁਹਾਨੂੰ ਦੱਸ ਦੇਈਏ ਕਿ ਟਿੱਕਟੌਕ ’ਤੇ ਜੂਨ 2020 ਵਿੱਚ ਪਾਬੰਦੀ ਲਗਾਈ ਗਈ ਸੀ ਜਦੋਂ ਗਲਵਾਨ ਘਾਟੀ ਵਿੱਚ ਭਾਰਤ-ਚੀਨ ਤਣਾਅ ਆਪਣੇ ਸਿਖਰ ’ਤੇ ਸੀ। ਭਾਰਤ ਸਰਕਾਰ ਨੇ 59 ਮੋਬਾਈਲ ਐਪਸ ’ਤੇ ਪਾਬੰਦੀ ਲਗਾ ਦਿੱਤੀ ਸੀ, ਉਨ੍ਹਾਂ ਨੂੰ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਦੱਸਿਆ ਸੀ। ਇਸ ਸੂਚੀ ਵਿੱਚ ਟਿੱਕਟੌਕ, ਸ਼ੇਅਰਇਟ, ਯੂਸੀ ਬ੍ਰਾਊਜ਼ਰ, ਯੂਸੀ ਨਿਊਜ਼ ਅਤੇ ਕਈ ਮਸ਼ਹੂਰ ਐਪਸ ਸ਼ਾਮਲ ਸਨ। ਇਹ ਪਾਬੰਦੀ ਸੂਚਨਾ ਤਕਨਾਲੋਜੀ ਐਕਟ 2000 ਦੀ ਧਾਰਾ 69ਏ ਦੇ ਤਹਿਤ ਲਗਾਈ ਗਈ ਸੀ।
ਜ਼ਿਕਰਯੋਗ ਹੈ ਕਿ ਟਿਕਟੌਕ ਵੈੱਬਸਾਈਟ ਦੀ ਵਾਪਸੀ ਅਜਿਹੇ ਸਮੇਂ ਹੋਈ ਹੈ ਜਦੋਂ ਭਾਰਤ-ਚੀਨ ਸਬੰਧ ਨਰਮ ਹੋ ਰਹੇ ਹਨ। ਹਾਲ ਹੀ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਦਰਮਿਆਨ ਇਕ ਮੁਲਾਕਾਤ ਹੋਈ ਸੀ। ਜਿਸ ਦੌਰਾਨ ਸਰਹੱਦ ’ਤੇ ਸ਼ਾਂਤੀ ਬਣਾਈ ਰੱਖਣ, ਸਰਹੱਦੀ ਵਪਾਰ ਖੋਲ੍ਹਣ ਅਤੇ ਨਿਵੇਸ਼ ਵਧਾਉਣ ਵਰਗੇ ਮੁੱਦਿਆਂ ’ਤੇ ਚਰਚਾ ਕੀਤੀ ਗਈ ਸੀ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਭਾਰਤ ਸਰਕਾਰ ਨੇ ਚੀਨੀ ਐਪਸ ਤੋਂ ਪਾਬੰਦੀ ਹਟਾਉਣ ਤੋਂ ਇਨਕਾਰ ਕਰ ਦਿੱਤਾ ਹੈ।