ਮੋਦੀ ਨੇ 13000 ਕਰੋੜ ਦੇ ਪ੍ਰਾਜੈਕਟ ਦਾ ਨੀਂਹ ਪੱਥਰ ਰਖਿਆ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਾਲਚਰ ਖਾਦ ਕਾਰਖ਼ਾਨੇ ਦੇ ਪੁਨਰਨਿਰਮਾਣ ਲਈ 13000 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰਾਜੈਕਟ ਦਾ ਨੀਂਹ ਪੱਥਰ ਰਖਿਆ...........
ਤਾਲਚਰ (ਉੜੀਸਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਾਲਚਰ ਖਾਦ ਕਾਰਖ਼ਾਨੇ ਦੇ ਪੁਨਰਨਿਰਮਾਣ ਲਈ 13000 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰਾਜੈਕਟ ਦਾ ਨੀਂਹ ਪੱਥਰ ਰਖਿਆ। ਪ੍ਰਧਾਨ ਮੰਰਤੀ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਇਹ ਕਾਰਖ਼ਾਨਾ 36 ਮਹੀਨੇ ਵਿਚ ਉਤਪਾਦਨ ਸ਼ੁਰੂ ਕਰ ਦੇਵੇਗਾ। ਇਸ ਪਲਾਂਟ ਵਿਚ ਪਹਿਲੀ ਵਾਰ ਕੋਲੇ ਨੂੰ ਗੈਸ ਵਿਚ ਤਬਦੀਲ ਕਰ ਕੇ ਕੱਚੇ ਮਾਲ ਦੇ ਰੂਪ ਵਿਚ ਵਰਤਿਆ ਜਾਵੇਗਾ ਅਤੇ ਉਸ ਨਾਲ ਯੂਰੀਆ ਦਾ ਉਤਪਾਦਨ ਕੀਤਾ ਜਾਵੇਗਾ। ਇਸ ਨਾਲ ਕੁਦਰਤੀ ਗੈਸ ਅਤੇ ਯੂਰੀਆ ਦੇ ਆਯਾਤ ਵਿਚ ਕਟੌਤੀ ਅਤੇ ਭਾਰਤ ਨੂੰ ਖਾਦ ਦੇ ਮਾਮਲੇ ਵਿਚ ਆਤਮ-ਨਿਰਭਰ ਬਣਾਉਣ ਵਿਚ ਮਦਦ ਮਿਲੇਗੀ।
ਇਸ ਮੌਕੇ ਹੋਏ ਸਮਾਗਮ ਵਿਚ ਮੋਦੀ ਨੇ ਕਿਹਾ, 'ਉਨ੍ਹਾਂ ਮੈਨੂੰ ਦਸਿਆ ਕਿ 36 ਮਹੀਨਿਆਂ ਵਿਚ ਉਤਪਾਦਨ ਸ਼ੁਰੂ ਹੋ ਜਾਵੇਗਾ। ਮੈਂ ਵਿਸ਼ਵਾਸ ਦਿਵਾਉਂਦਾ ਹਾਂ ਕਿ ਮੈਂ 36 ਮਹੀਨੇ ਮਗਰੋਂ ਤੁਹਾਡੇ ਕੋਲ ਵਾਪਸ ਆਵਾਂਗਾ ਅਤੇ ਇਸ ਦਾ ਉਦਘਾਟਨ ਕਰਾਂਗਾ।' ਕੁਦਰਤੀ ਗੈਸ ਅਤੇ ਖਾਦ ਬਾਰੇ ਦੇਸ਼ ਦੀ ਦਰਾਮਦ 'ਤੇ ਨਿਰਭਰਤਾ ਨੂੰ ਘੱਟ ਕਰਨ ਦੀ ਗੱਲ 'ਤੇ ਜ਼ੋਰ ਦਿੰਦਿਆਂ ਮੋਦੀ ਨੇ ਕਿਹਾ, 'ਸਾਡਾ ਮਕਸਦ ਭਾਰਤ ਨੂੰ ਵਾਧੇ ਦੀਆਂ ਨਵੀਆਂ ਉਚਾਈਆਂ ਤਕ ਲਿਜਾਣਾ ਹੈ।'
ਉਨ੍ਹਾਂ ਕਿਹਾ ਕਿ ਖਾਦ ਪਲਾਂਟ ਜਿਹੇ ਪ੍ਰਾਜੈਕਟਾਂ ਦੀ ਭਾਰਤ ਦੇ ਵਿਕਾਸ ਵਿਚ ਕੇਂਦਰੀ ਭੂਮਿਕਾ ਹੈ। ਉਨ੍ਹਾਂ ਕਿਹਾ ਕਿ ਇਸ ਪਲਾਂਟ ਵਿਚ ਨਵੀਨਤਮ ਤਕਨੀਕ ਦੀ ਵੀ ਵਰਤੋਂ ਹੋਵੇਗੀ। ਮੋਦੀ ਨੇ ਕਿਹਾ ਕਿ ਪਲਾਂਟ ਵਿਚ ਕੰਮ ਦੀ ਸ਼ੁਰੂਆਤ ਨਾਲ ਉਨ੍ਹਾਂ ਸੁਪਨਿਆਂ ਨੂੰ ਸਾਕਾਰ ਕੀਤਾ ਜਾ ਸਕੇਗਾ ਜਿਨ੍ਹਾਂ ਨੂੰ ਬਹੁਤ ਪਹਿਲਾਂ ਹੀ ਪੂਰਾ ਕੀਤਾ ਜਾਣਾ ਚਾਹੀਦਾ ਸੀ। ਇਸ ਪ੍ਰਾਜੈਕਟ ਨਾਲ 12.7 ਲੱਖ ਟਨ ਯੂਰੀਆ ਦਾ ਉਤਪਾਦਨ ਹੋ ਸਕੇਗਾ। ਇਯ ਵਿਚ ਕੋਲ ਗੈਸੀਫ਼ੀਕੇਸ਼ਨ ਤਕਨੀਕ ਦੀ ਵਰਤੋਂ ਕੀਤੀ ਜਾਵੇਗੀ। (ਏਜੰਸੀ)