MP News : ਸੜਕ 'ਤੇ ਟੋਏ ਕਾਰਨ ਸਕੂਟਰ ਤੋਂ ਡਿੱਗੀ ਪਤਨੀ ਕੋਮਾ ‘ਚ , ਪੁਲਿਸ ਨੇ ਪਤੀ ਖਿਲਾਫ਼ ਹੀ ਦਰਜ ਕੀਤਾ ਮਾਮਲਾ !
ਪੁਲਿਸ ਨੇ ਉਸ ਦੇ ਪਤੀ ਦੇ ਵਿਰੁਧ ਤੇਜ਼ ਅਤੇ ਲਾਪਰਵਾਹੀ ਨਾਲ ਸਕੂਟਰ ਚਲਾਉਣ ਦਾ ਕੇਸ ਦਰਜ ਕੀਤਾ
MP News : ਇੰਦੌਰ ’ਚ ਬੱਸ ਰੈਪਿਡ ਟ੍ਰਾਂਜ਼ਿਟ ਸਿਸਟਮ (ਬੀ.ਆਰ.ਟੀ.ਐੱਸ.) ਦੀ ਸੜਕ ’ਤੇ ਇਕ ਵੱਡੇ ਟੋਏ ਕਾਰਨ ਸਕੂਟਰ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਕਾਰਨ 23 ਸਾਲ ਦੀ ਇਕ ਔਰਤ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ ਅਤੇ ਕੋਮਾ ’ਚ ਚਲੀ ਗਈ ਪਰ ਪੁਲਿਸ ਨੇ ਉਸ ਦੇ ਪਤੀ ਦੇ ਵਿਰੁਧ ਤੇਜ਼ ਅਤੇ ਲਾਪਰਵਾਹੀ ਨਾਲ ਸਕੂਟਰ ਚਲਾਉਣ ਦਾ ਕੇਸ ਦਰਜ ਕੀਤਾ।
ਇਸ ਕਾਰਵਾਈ ’ਤੇ ਸਵਾਲ ਉੱਠਣ ਤੋਂ ਬਾਅਦ ਪੁਲਿਸ ਨੇ ਕਿਹਾ ਕਿ ਉਹ ਨਗਰ ਨਿਗਮ ਨੂੰ ਚਿੱਠੀ ਲਿਖ ਕੇ ਪੁੱਛਣਗੇ ਕਿ ਬੀ.ਆਰ.ਟੀ.ਐਸ. ਸੜਕ ਦੀ ਸਾਂਭ-ਸੰਭਾਲ ਲਈ ਕਿਹੜੀ ਏਜੰਸੀ ਜ਼ਿੰਮੇਵਾਰ ਹੈ। ਪੁਲਿਸ ਦੇ ਇਕ ਅਧਿਕਾਰੀ ਨੇ ਦਸਿਆ ਕਿ ਸ਼ਾਨੂੰ ਗੌੜ (23) 14 ਸਤੰਬਰ ਦੀ ਰਾਤ ਨੂੰ ਸ਼ਹਿਰ ਦੇ ਐਮ.ਆਈ.ਜੀ. ਇਲਾਕੇ ’ਚ ਇਕ ਵੱਡੇ ਟੋਏ ’ਚ ਡਿੱਗਣ ਕਾਰਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ ਸੀ।
ਅਧਿਕਾਰੀ ਨੇ ਦਸਿਆ ਕਿ ਔਰਤ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿੱਥੇ ਉਹ ਕੋਮਾ ’ਚ ਚਲੀ ਗਈ। ਉਨ੍ਹਾਂ ਦਸਿਆ ਕਿ ਹਾਦਸੇ ਦੇ ਸਮੇਂ ਸਕੂਟਰ ਚਲਾ ਰਹੇ ਔਰਤ ਦੇ ਪਤੀ ਰਵੀ ਗੌੜ ’ਤੇ ਭਾਰਤੀ ਦੰਡਾਵਲੀ ਦੀ ਧਾਰਾ 125 (ਦੂਜਿਆਂ ਦੀ ਜਾਨ ਜਾਂ ਨਿੱਜੀ ਸੁਰੱਖਿਆ ਨੂੰ ਖਤਰੇ ’ਚ ਪਾਉਣਾ) ਅਤੇ 281 (ਲਾਪਰਵਾਹੀ ਨਾਲ ਗੱਡੀ ਚਲਾਉਣਾ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਪ੍ਰਦੇਸ਼ ਕਾਂਗਰਸ ਦੇ ਬੁਲਾਰੇ ਨੀਲਭ ਸ਼ੁਕਲਾ ਨੇ ਜ਼ਖਮੀ ਔਰਤ ਦੇ ਪਤੀ ਵਿਰੁਧ ਮਾਮਲਾ ਦਰਜ ਕਰਨ ਨੂੰ ਪੁਲਿਸ ਦਾ ‘ਬੇਇਨਸਾਫੀ ਵਾਲਾ ਕਦਮ’ ਕਰਾਰ ਦਿਤਾ। ਉਨ੍ਹਾਂ ਮੰਗ ਕੀਤੀ ਕਿ ਇਸ ਲਈ ਪੁਲਿਸ ਮੁਲਾਜ਼ਮਾਂ ਵਿਰੁਧ ਵਿਭਾਗੀ ਕਾਰਵਾਈ ਕੀਤੀ ਜਾਵੇ।
ਇਸ ਬਾਰੇ ਪੁੱਛੇ ਜਾਣ ’ਤੇ ਡਿਪਟੀ ਕਮਿਸ਼ਨਰ ਆਫ ਪੁਲਿਸ (ਡੀ.ਸੀ.ਪੀ.) ਅਭਿਨੈ ਵਿਸ਼ਵਕਰਮਾ ਨੇ ਕਿਹਾ, ‘‘ਅਸੀਂ ਨਗਰ ਨਿਗਮ ਨੂੰ ਲਿਖਾਂਗੇ ਕਿ ਬੀ.ਆਰ.ਟੀ.ਐਸ. ਸੜਕ ਦੀ ਦੇਖਭਾਲ ਲਈ ਕਿਹੜੀ ਏਜੰਸੀ ਜ਼ਿੰਮੇਵਾਰ ਹੈ? ਚਿੱਠੀ ਦੇ ਜਵਾਬ ਤੋਂ ਬਾਅਦ ਉਚਿਤ ਕਦਮ ਚੁਕੇ ਜਾਣਗੇ।’’