ਨਵੀਂ ਦਿੱਲੀ: ਦਿੱਲੀ ਦੀ ਇਕ ਅਦਾਲਤ ਨੇ 1984 ਦੇ ਸਿੱਖ ਕਤਲੇਆਮ ਨਾਲ ਸਬੰਧਤ ਜਨਕਪੁਰੀ ਵਿਕਾਸਪੁਰੀ ਹਿੰਸਾ ਮਾਮਲੇ ਦੇ ਦੋਸ਼ੀ ਸੱਜਣ ਕੁਮਾਰ ਵਿਰੁਧ ਦਰਜ ਕੇਸ ’ਚ ਸੱਜਣ ਕੁਮਾਰ ਦਾ ਟਰਾਇਲ ਪੂਰਾ ਕਰ ਲਿਆ ਹੈ।
ਅਦਾਲਤ ਨੇ ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣਨ ਲਈ 29 ਅਕਤੂਬਰ ਦੀ ਤਰੀਕ ਤੈਅ ਕੀਤੀ। 7 ਜੁਲਾਈ ਨੂੰ ਸੱਜਣ ਕੁਮਾਰ ਨੇ ਬੇਕਸੂਰ ਹੋਣ ਦੀ ਗੁਹਾਰ ਲਗਾਈ ਸੀ। ਸੱਜਣ ਕੁਮਾਰ ਨੇ ਕਿਹਾ ਸੀ ਕਿ ਉਹ ਸੁਪਨੇ ਵਿਚ ਵੀ ਇਸ ਅਪਰਾਧ ਵਿਚ ਸ਼ਾਮਲ ਹੋ ਸਕਦਾ ਸੀ ਅਤੇ ਉਸ ਦੇ ਵਿਰੁਧ ਇਕ ਵੀ ਸਬੂਤ ਨਹੀਂ ਹੈ। 9 ਨਵੰਬਰ 2023 ਨੂੰ ਇਸ ਕੇਸ ਦੀ ਪੀੜਤਾ ਮਨਜੀਤ ਕੌਰ ਨੇ ਆਪਣਾ ਬਿਆਨ ਦਰਜ ਕਰਵਾਇਆ।
ਮਨਜੀਤ ਕੌਰ ਨੇ ਅਪਣੇ ਬਿਆਨ ’ਚ ਕਿਹਾ ਸੀ, ‘‘ਮੈਂ ਭੀੜ ’ਚ ਮੌਜੂਦ ਲੋਕਾਂ ਤੋਂ ਸੁਣਿਆ ਸੀ ਕਿ ਸੱਜਣ ਕੁਮਾਰ ਭੀੜ ’ਚ ਸ਼ਾਮਲ ਸੀ ਪਰ ਸੱਜਣ ਕੁਮਾਰ ਨੂੰ ਅੱਖਾਂ ਨਾਲ ਨਹੀਂ ਵੇਖਿਆ।’’ 2023 ’ਚ, ਅਦਾਲਤ ਨੇ ਸੱਜਣ ਕੁਮਾਰ ਵਿਰੁਧ ਦੋਸ਼ ਤੈਅ ਕੀਤੇ ਸਨ।
ਇਹ ਮਾਮਲਾ ਜਨਕਪੁਰੀ ਦਾ ਹੈ। 1984 ਦੇ ਸਿੱਖ ਕਤਲੇਆਮ ਦੌਰਾਨ ਸੋਹਣ ਸਿੰਘ ਅਤੇ ਉਸ ਦਾ ਜਵਾਈ ਅਵਤਾਰ ਸਿੰਘ 1 ਨਵੰਬਰ 1984 ਨੂੰ ਜਨਕਪੁਰੀ ਵਿਚ ਮਾਰਿਆ ਗਿਆ ਸੀ। ਗੁਰਚਰਨ ਸਿੰਘ ਦੀ ਥਾਣਾ ਵਿਕਾਸਪੁਰੀ ਦੇ ਇਲਾਕੇ ਵਿਚ ਸੜ ਕੇ ਮੌਤ ਹੋ ਗਈ। ਇਨ੍ਹਾਂ ਦੋਹਾਂ ਮਾਮਲਿਆਂ ਵਿਚ ਐਸ.ਆਈ.ਟੀ. ਨੇ 2015 ਵਿਚ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ। ਇਸ ਲਈ ਮਈ 2018 ਵਿਚ ਸੱਜਣ ਕੁਮਾਰ ਦਾ ਪੌਲੀਗ੍ਰਾਫ ਟੈਸਟ ਵੀ ਕੀਤਾ ਗਿਆ ਸੀ। ਦੱਸਣਯੋਗ ਹੈ ਕਿ 25 ਫ਼ਰਵਰੀ ਨੂੰ ਅਦਾਲਤ ਨੇ ਸਰਸਵਤੀ ਵਿਹਾਰ ਨਾਲ ਜੁੜੇ ਸਿੱਖ ਕਤਲੇਆਮ ਮਾਮਲੇ ’ਚ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ।