ਬੇਰੁਜ਼ਗਾਰੀ ਨੌਜਵਾਨਾਂ ਨੂੰ ਦਰਪੇਸ਼ ਸੱਭ ਤੋਂ ਵੱਡੀ ਸਮੱਸਿਆ : ਰਾਹੁਲ ਗਾਂਧੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ, ਇਹ ਸਿੱਧੇ ਤੌਰ ’ਤੇ ਵੋਟ ਚੋਰੀ ਨਾਲ ਜੁੜੀ ਹੋਈ

Unemployment is the biggest problem facing youth: Rahul Gandhi

ਨਵੀਂ ਦਿੱਲੀ : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਜਦੋਂ ਤਕ ਚੋਣਾਂ ਦੀ ‘ਚੋਰੀ’ ਹੋ ਰਹੀ ਹੈ, ਉਦੋਂ ਤਕ ਬੇਰੁਜ਼ਗਾਰੀ ਅਤੇ ਭ੍ਰਿਸ਼ਟਾਚਾਰ ਵਧਦਾ ਰਹੇਗਾ। ਉਨ੍ਹਾਂ ਦਾਅਵਾ ਕੀਤਾ ਕਿ ਨੌਜਵਾਨ ਹੁਣ ‘ਨੌਕਰੀਆਂ ਦੀ ਚੋਰੀ’ ਅਤੇ ‘ਵੋਟਾਂ ਦੀ ਚੋਰੀ’ ਨੂੰ ਬਰਦਾਸ਼ਤ ਨਹੀਂ ਕਰਨਗੇ।

ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਨੇ ‘ਐਕਸ’ ਉਤੇ ਇਕ ਪੋਸਟ ’ਚ ਕਿਹਾ, ‘‘ਬੇਰੁਜ਼ਗਾਰੀ ਭਾਰਤ ’ਚ ਨੌਜਵਾਨਾਂ ਨੂੰ ਦਰਪੇਸ਼ ਸੱਭ ਤੋਂ ਵੱਡੀ ਸਮੱਸਿਆ ਹੈ ਅਤੇ ਇਸ ਦਾ ਸਿੱਧਾ ਸਬੰਧ ‘ਵੋਟ ਚੋਰੀ’ ਨਾਲ ਹੈ।  ਜਦੋਂ ਕੋਈ ਸਰਕਾਰ ਲੋਕਾਂ ਦਾ ਵਿਸ਼ਵਾਸ ਜਿੱਤਦੀ ਹੈ ਅਤੇ ਸੱਤਾ ਵਿਚ ਆਉਂਦੀ ਹੈ ਤਾਂ ਉਸ ਦਾ ਪਹਿਲਾ ਫ਼ਰਜ਼ ਨੌਜਵਾਨਾਂ ਨੂੰ ਰੋਜ਼ਗਾਰ ਅਤੇ ਮੌਕੇ ਪ੍ਰਦਾਨ ਕਰਨਾ ਹੁੰਦਾ ਹੈ। ਪਰ ਭਾਰਤੀ ਜਨਤਾ ਪਾਰਟੀ (ਭਾਜਪਾ) ਇਮਾਨਦਾਰੀ ਨਾਲ ਚੋਣਾਂ ਨਹੀਂ ਜਿੱਤਦੀ, ਉਹ ਵੋਟਾਂ ਚੋਰੀ ਕਰ ਕੇ ਅਤੇ ਸੰਸਥਾਵਾਂ ਨੂੰ ਕੰਟਰੋਲ ਕਰ ਕੇ ਸੱਤਾ ਵਿਚ ਰਹਿੰਦੀ ਹੈ। ਇਸ ਲਈ ਬੇਰੁਜ਼ਗਾਰੀ 45 ਸਾਲਾਂ ਦੇ ਸਭ ਤੋਂ ਉੱਚੇ ਪੱਧਰ ਉਤੇ ਪਹੁੰਚ ਗਈ ਹੈ।’’

ਰਾਹੁਲ ਗਾਂਧੀ ਨੇ ਕਿਹਾ ਕਿ ਨੌਜਵਾਨ ਹੁਣ ਨੌਕਰੀ ਦੀ ਚੋਰੀ ਜਾਂ ਵੋਟ ਚੋਰੀ ਨੂੰ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਹੁਣ ਭਾਰਤ ਨੂੰ ਬੇਰੁਜ਼ਗਾਰੀ ਅਤੇ ਵੋਟਾਂ ਦੀ ਚੋਰੀ ਤੋਂ ਮੁਕਤ ਕਰਵਾਉਣ ਵਿਚ ਦੇਸ਼ ਭਗਤੀ ਹੈ।

ਰਾਹੁਲ ਨੇ ਅੱਗੇ ਕਿਹਾ, ‘‘ਇਸ ਲਈ ਨੌਕਰੀਆਂ ਘਟ ਰਹੀਆਂ ਹਨ, ਭਰਤੀ ਪ੍ਰਕਿਰਿਆ ਢਹਿ-ਢੇਰੀ ਹੋ ਗਈ ਹੈ ਅਤੇ ਨੌਜਵਾਨਾਂ ਦਾ ਭਵਿੱਖ ਖ਼ਤਰੇ ਵਿਚ ਪੈ ਰਿਹਾ ਹੈ। ਇਸ ਲਈ ਹਰ ਇਮਤਿਹਾਨ ਦੇ ਪੇਪਰ ਲੀਕ ਹੋਣ ਅਤੇ ਹਰ ਭਰਤੀ ਭ੍ਰਿਸ਼ਟਾਚਾਰ ਦੀਆਂ ਕਹਾਣੀਆਂ ਨਾਲ ਜੁੜੀ ਹੋਈ ਹੈ।’’

ਉਨ੍ਹਾਂ ਕਿਹਾ, ‘‘ਦੇਸ਼ ਦੇ ਨੌਜਵਾਨ ਸਖ਼ਤ ਮਿਹਨਤ ਕਰਦੇ ਹਨ, ਸੁਪਨੇ ਵੇਖਦੇ ਹਨ ਅਤੇ ਅਪਣੇ ਭਵਿੱਖ ਲਈ ਲੜਦੇ ਹਨ। ਪਰ (ਪ੍ਰਧਾਨ ਮੰਤਰੀ ਨਰਿੰਦਰ) ਮੋਦੀ ਸਿਰਫ ਅਪਣੇ ਪ੍ਰਚਾਰ ਉਤੇ ਕੇਂਦਰਤ ਹਨ, ਮਸ਼ਹੂਰ ਹਸਤੀਆਂ ਤੋਂ ਆਪਣੀ ਪ੍ਰਸ਼ੰਸਾ ਕਰਵਾਉਂਦੇ ਹਨ, ਅਤੇ ਅਰਬਪਤੀ ਮੁਨਾਫਾ ਕਮਾ ਰਹੇ ਹਨ। ਨੌਜੁਆਨਾਂ ਦੀਆਂ ਉਮੀਦਾਂ ਨੂੰ ਚਕਨਾਚੂਰ ਕਰਨਾ ਅਤੇ ਉਨ੍ਹਾਂ ਨੂੰ ਨਿਰਾਸ਼ ਕਰਨਾ ਸਰਕਾਰ ਦੀ ਪਛਾਣ ਬਣ ਗਈ ਹੈ।’’

ਉਨ੍ਹਾਂ ਕਿਹਾ, ‘‘ਹੁਣ ਸਥਿਤੀ ਬਦਲ ਰਹੀ ਹੈ। ਭਾਰਤ ਦੇ ਨੌਜਵਾਨ ਸਮਝਦੇ ਹਨ ਕਿ ਅਸਲੀ ਲੜਾਈ ਸਿਰਫ ਨੌਕਰੀਆਂ ਲਈ ਨਹੀਂ ਹੈ, ਬਲਕਿ ਵੋਟਾਂ ਦੀ ਚੋਰੀ ਵਿਰੁਧ ਹੈ। ਕਿਉਂਕਿ ਜਦੋਂ ਤਕ ਚੋਣਾਂ ਚੋਰੀ ਹੁੰਦੀਆਂ ਹਨ, ਉਦੋਂ ਤਕ ਬੇਰੁਜ਼ਗਾਰੀ ਅਤੇ ਭ੍ਰਿਸ਼ਟਾਚਾਰ ਵਧਦਾ ਰਹੇਗਾ।’