ਜਦੋਂ ਤੱਕ ਸਾਨੂੰ ਸਾਡਾ ਝੰਡਾ ਨਹੀਂ ਮਿਲਦਾ ਅਸੀਂ ਨਹੀਂ ਲਹਿਰਾਵਾਂਗੇ ਤਿਰੰਗਾ - ਮਹਿਬੂਬਾ ਮੁਫ਼ਤੀ 

ਏਜੰਸੀ

ਖ਼ਬਰਾਂ, ਰਾਸ਼ਟਰੀ

ਅਸੀਂ ਬੰਗਲਾਦੇਸ਼ ਤੋਂ ਵੀ ਆਰਥਿਕ ਤੌਰ 'ਤੇ ਪਛੜ ਗਏ ਹਾਂ - ਮਹਿਬੂਬਾ ਮੁਫ਼ਤੀ 

Mehbooba Mufti

ਨਵੀਂ ਦਿੱਲੀ - ਕਰੀਬ 14 ਮਹੀਨੇ ਦੀ ਹਿਰਾਸਤ ਤੋਂ ਬਾਅਦ ਬਾਹਰ ਆਈ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਅਤੇ ਪੀਡੀਪੀ ਨੇਤਾ ਮਹਿਬੂਬਾ ਮੁਫਤੀ ਨੇ ਕੇਂਦਰ ਸਰਕਾਰ 'ਤੇ ਕਈ ਆਰੋਪ ਲਗਾਏ ਹਨ। ਇੱਕ ਪ੍ਰੈਸ ਕਾਨਫਰੰਸ ਦੌਰਾਨ ਉਸ ਨੇ ਜੰਮੂ ਕਸ਼ਮੀਰ ਦਾ ਝੰਡਾ ਦਿਖਾਉਂਦੇ ਹੋਏ ਕਿਹਾ ਕਿ ‘ਮੇਰਾ ਝੰਡਾ ਇਹ ਹੈ। ਜਦੋਂ ਇਹ ਝੰਡਾ ਵਾਪਸ ਆਵੇਗਾ ਤਦ ਅਸੀਂ ਤਿਰੰਗਾ ਵੀ ਲਹਿਰਾਵਾਂਗੇ।

ਜਦੋਂ ਤੱਕ ਸਾਨੂੰ ਆਪਣਾ ਝੰਡਾ ਵਾਪਸ ਨਹੀਂ ਮਿਲ ਜਾਂਦਾ ਅਸੀਂ ਕੋਈ ਵੀ ਝੰਡਾ ਨਹੀਂ ਲਹਿਰਾਵਾਂਗੇ। ਸਾਡਾ ਝੰਡਾ ਹੀ ਤਿਰੰਗੇ ਦੇ ਨਾਲ ਸਾਡਾ ਸਬੰਧ ਸਥਾਪਿਤ ਕਰਦਾ ਹੈ। ਪ੍ਰੈਸ ਨਾਲ ਗੱਲਬਾਤ ਕਰਦਿਆਂ ਮਹਿਬੂਬਾ ਮੁਫਤੀ ਨੇ ਕਿਹਾ ਹੈ ਕਿ ਅਸੀਂ ਬੰਗਲਾਦੇਸ਼ ਤੋਂ ਵੀ ਆਰਥਿਕ ਤੌਰ 'ਤੇ ਪਛੜ ਗਏ ਹਾਂ। ਰੁਜ਼ਗਾਰ ਦਾ ਮਸਲਾ ਹੋਵੇ ਜਾਂ ਕੁਝ ਹੋਰ, ਸਰਕਾਰ ਹਰ ਫਰੰਟ 'ਤੇ ਅਸਫ਼ਲ ਰਹੀ ਹੈ।

ਉਨ੍ਹਾਂ ਕਿਹਾ- ‘ਇਸ ਸਰਕਾਰ ਕੋਲ ਕੋਈ ਕੰਮ ਨਹੀਂ ਜੋ ਦਿਖਾ ਕੇ ਇਹ ਵੋਟਾਂ ਮੰਗ ਸਕੇ। ਲੋਕਾਂ ਦਾ ਕਹਿਣਾ ਹੈ ਕਿ ਹੁਣ ਜੰਮੂ ਕਸ਼ਮੀਰ ਵਿਚ ਜ਼ਮੀਨ ਖਰੀਦੀ ਜਾ ਸਕਦੀ ਹੈ। ਫਿਰ ਉਹ ਕਹਿੰਦੇ ਹਨ ਕਿ ਕੋਰੋਨਾ ਵਾਇਰਸ ਦਾ ਮੁਫ਼ਤ ਟੀਕਾ ਵੰਡਣਗੇ। ਅੱਜ ਪ੍ਰਧਾਨ ਮੰਤਰੀ ਮੋਦੀ ਨੂੰ ਵੋਟਾਂ ਲਈ ਆਰਟੀਕਲ 370 ਬਾਰੇ ਗੱਲ ਕਰਨ ਦੀ ਜ਼ਰੂਰਤ ਪੈ ਗਈ। 

ਚੀਨ ਨੂੰ ਲੈ ਕੇ ਮਹਿਬੂਬਾ ਮੁਫਤੀ ਨੇ ਕਿਹਾ ਹੈ ਕਿ ਇਹ ਸੱਚ ਹੈ ਕਿ ਚੀਨ ਨੇ ਸਾਡੀ 1000 ਵਰਗ ਕਿਲੋਮੀਟਰ ਜ਼ਮੀਨ ਉੱਤੇ ਕਬਜ਼ਾ ਕਰ ਲਿਆ ਹੈ। ਮੈਨੂੰ ਲਗਦਾ ਹੈ ਕਿ ਅਸੀਂ ਕਿਸੇ ਤਰ੍ਹਾਂ 40 ਕਿਲੋਮੀਟਰ ਜ਼ਮੀਨ ਪ੍ਰਾਪਤ ਕਰਨ ਵਿਚ ਕਾਮਯਾਬ ਰਹੇ ਹਾਂ। ਚੀਨ ਧਾਰਾ 370 ਅਤੇ ਜੰਮੂ ਕਸ਼ਮੀਰ ਬਾਰੇ ਵੀ ਗੱਲ ਕਰਦਾ ਹੈ। ਉਹ ਪੁੱਛਦਾ ਹੈ ਕਿ ਕਸ਼ਮੀਰ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਕਿਉਂ ਬਣਾਇਆ ਗਿਆ ਸੀ।

ਧਾਰਾ 370 ਨੂੰ ਹਟਾਉਣ ਤੋਂ ਬਾਅਦ ਜੰਮੂ-ਕਸ਼ਮੀਰ 'ਤੇ ਅੰਤਰਰਾਸ਼ਟਰੀ ਤੌਰ 'ਤੇ ਜਿੰਨੀ ਚਰਚਾ ਹੋਈ ਉਹਨੀ ਕਦੇ ਵੀ ਨਹੀਂ ਹੋਈ। ਜ਼ਿਕਰਯੋਗ ਹੈ ਕਿ ਜੰਮੂ ਕਸ਼ਮੀਰ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਮਿਲ ਕੇ ਇੱਕ ਮੋਰਚਾ ਬਣਾਇਆ ਹੈ। ਮਹਿਬੂਬਾ ਮੁਫਤੀ ਦੀ ਰਿਹਾਈ ਤੋਂ ਬਾਅਦ ਨੈਸ਼ਨਲ ਕਾਨਫਰੰਸ ਦੇ ਮੁਖੀ ਫਾਰੂਕ ਅਤੇ ਉਮਰ ਅਬਦੁੱਲਾ ਨੇ ਵੀ ਉਨ੍ਹਾਂ ਨਾਲ ਮੁਲਾਕਾਤ ਕੀਤੀ।