ਅਫ਼ਗਾਨ ਦੇ ਸਿੱਖਾਂ ਨੂੰ ਤਾਲਿਬਾਨ ਦਾ ਫਰਮਾਨ, ਇਸਲਾਮ ਕਬੂਲ ਕਰੋ ਜਾਂ ਦੇਸ਼ ਛੱਡੋ
ਤਾਲਿਬਾਨ ਦੇ ਆਉਣ ਪਿੱਛੋਂ ਸਿੱਖਾਂ ਅਤੇ ਹਿੰਦੂਆਂ ਨਾਲ ਵਿਤਕਰੇ ਦੀ ਭਾਵਨਾ ਬਹੁਤ ਵੱਧ ਗਈ ਹੈ।
ਕਾਬੁਲ- ਜਦੋਂ ਤੋਂ ਤਾਲਿਬਾਨ ਨੇ ਅਫ਼ਗਾਨਿਸਤਾਨ 'ਤੇ ਕਬਜ਼ਾ ਕੀਤਾ ਹੈ ਕੋਈ ਨਾ ਕੋਈ ਬੁਰੀ ਖ਼ਬਰ ਉਥੋਂ ਸਾਹਮਣੇ ਆੁਂਦੀ ਰਹਿੰਦੀ ਹੈ। ਹੁਣ ਅਫ਼ਗਾਨਿਸਤਾਨ ਦੇ ਸਿੱਖਾਂ ਦੇ ਸਾਹਮਣੇ ਇਹ ਧਰਮ ਸੰਕਟ ਖੜ੍ਹਾ ਹੋ ਗਿਆ ਹੈ ਕਿ ਉਹ ਜਾਂ ਤਾਂ ਅਫ਼ਗਾਨਿਸਤਾਨ ਛੱਡ ਕੇ ਚਲੇ ਜਾਣ ਜਾਂ ਇਸਲਾਮ ’ਚ ਤਬਦੀਲ ਹੋ ਜਾਣ। ਇੰਟਰਨੈਸ਼ਨਲ ਫੋਰਮ ਫਾਰ ਰਾਈਟਸ ਐਂਡ ਸਕਿਓਰਿਟੀ ਨੇ ਸ਼ੁੱਕਰਵਾਰ ਕਿਹਾ ਕਿ ਸਿੱਖ ਭਾਈਚਾਰਾ, ਜਿਸ ਦੇ ਮੈਂਬਰ ਕਿਸੇ ਸਮੇਂ ਹਜ਼ਾਰਾਂ ਦੀ ਗਿਣਤੀ ’ਚ ਹੁੰਦੇ ਸਨ, ਹੁਣ ਤਬਾਹ ਹੋ ਗਿਆ ਹੈ।
ਤਾਲਿਬਾਨ ਦੇ ਆਉਣ ਪਿੱਛੋਂ ਸਿੱਖਾਂ ਅਤੇ ਹਿੰਦੂਆਂ ਨਾਲ ਵਿਤਕਰੇ ਦੀ ਭਾਵਨਾ ਬਹੁਤ ਵੱਧ ਗਈ ਹੈ। ਨਾਲ ਹੀ ਕੱਟੜ ਹਿੰਸਾ ਵੀ ਵੱਧ ਗਈ ਹੈ। ਇਸ ਸਮੇਂ ਕੁਝ ਸਿੱਖ ਵੀ ਕਾਬੁਲ ’ਚ ਰਹਿੰਦੇ ਹਨ। ਗਜ਼ਨੀ ਅਤੇ ਨੰਗਰਹਾਰ ਸੂਬਿਆਂ ’ਚ ਵੀ ਸਿੱਖਾਂ ਨੇ ਸ਼ਰਨ ਲਈ ਹੋਈ ਹੈ। 5 ਅਕਤੂਬਰ ਨੂੰ 15 ਤੋਂ 20 ਅਤਿਵਾਦੀਆਂ ਨੇ ਜ਼ਿਲ੍ਹੇ ਦੇ ਇਕ ਗੁਰਦੁਆਰੇ ’ਚ ਦਾਖ਼ਲ ਹੋ ਕੇ ਗਾਰਡਾਂ ਨੂੰ ਬੰਨ੍ਹ ਦਿੱਤਾ ਸੀ ਅਤੇ ਗੁਰਦੁਆਰੇ ’ਚ ਤੋੜ-ਭੰਨ ਕੀਤੀ ਸੀ। ਸਿੱਖਾਂ ਨੂੰ ਕੁੱਟਿਆ ਵੀ ਗਿਆ ਸੀ। ਕੁੱਝ ਦਿਨ ਪਹਿਲਾਂ ਇਕ ਸਿੱਖ ਹਕੀਮ ਦੀ ਗੋਲੀ ਮਾਰ ਕੇ ਹੱਤਿਆ ਵੀ ਕਰ ਦਿੱਤੀ ਗਈ ਸੀ।
ਫੋਰਮ ਮੰਨਦੀ ਹੈ ਕਿ ਕਿਉਂਕਿ ਸਿੱਖ ਭਾਈਚਾਰਾ ਇਸਲਾਮ ਦੇ ਭਾਈਚਾਰੇ ਦੀ ਮੁੱਖ ਧਾਰਾ ਅਧੀਨ ਨਹੀਂ ਆਉਂਦਾ, ਇਸ ਲਈ ਉਨ੍ਹਾਂ ਨੂੰ ਜਾਂ ਤਾਂ ਜ਼ਬਰੀ ਮੁਸਲਮਾਨਾਂ ਵਜੋਂ ਤਬਦੀਲ ਕਰ ਦਿੱਤਾ ਜਾਂਦਾ ਹੈ ਜਾਂ ਫਿਰ ਉਨ੍ਹਾਂ ਨੂੰ ਜਾਨੋਂ ਮਾਰ ਦਿੱਤਾ ਜਾਂਦਾ ਹੈ। ਤਾਲਿਬਾਨ ਦੀ ਸਰਕਾਰ ਕਦੇ ਵੀ ਅਫ਼ਗਾਨ ਸੂਬੇ ’ਚ ਸਮਾਜ ਅੰਦਰ ਵੰਨ-ਸੁਵੰਨਤਾ ਪੈਦਾ ਨਹੀਂ ਹੋਣ ਦੇਵੇਗੀ। ਆਦਿਵਾਸੀ ਰੀਤੀ-ਰਿਵਾਜਾਂ ਦੇ ਨਾਲ ਇਸਲਾਮੀ ਜ਼ਾਬਤਾ ਦੇ ਸਭ ਤੋਂ ਸਖ਼ਤ ਰੂਪ ਦੇ ਸਿੱਟੇ ਵਜੋਂ ਸਿੱਖਾਂ ਸਮੇਤ ਅਫ਼ਗਾਨਿਸਤਾਨ ਦੇ ਸਭ ਘੱਟ ਗਿਣਤੀ ਭਾਈਚਾਰਿਆਂ ਦਾ ਸਫ਼ਾਇਆ ਹੋ ਜਾਵੇਗਾ।