ਪੁਲਿਸ ਡਿਊਟੀ ’ਚ ਛੇਤੀ ਤੈਨਾਤ ਕੀਤੇ ਜਾਣਗੇ ਭਾਰਤੀ ਨਸਲ ਦੇ ਕੁੱਤੇ
ਹੁਣ ਰਾਮਪੁਰ ਹਾਊਂਡ, ਹਿਮਾਚਲੀ ਸ਼ੇਫ਼ਰਡ, ਗੱਦੀ, ਬਖਰਵਾਲ ਅਤੇ ਤਿੱਬਤੀ ਮਾਸਟਿਫ ਵਰਗੇ ਭਾਰਤੀ ਨਸਲ ਦੇ ਕੁੱਤਿਆਂ ਦੀ ਸਿਖਲਾਈ ਜਾਰੀ
ਨਵੀਂ ਦਿੱਲੀ: ਰਾਮਪੁਰ ਹਾਊਂਡ, ਹਿਮਾਚਲੀ ਸ਼ੇਫ਼ਰਡ, ਗੱਦੀ, ਬਖਰਵਾਲ ਅਤੇ ਤਿੱਬਤੀ ਮਾਸਟਿਫ ਵਰਗੇ ਭਾਰਤੀ ਨਸਲ ਦੇ ਕੁੱਤੇ ਛੇਤੀ ਹੀ ਖ਼ਤਰਨਾਕ ਥਾਵਾਂ ’ਤੇ ਗਸ਼ਤ ਤੋਂ ਇਲਾਵਾ ਸ਼ੱਕੀਆਂ, ਨਸ਼ੀਲੇ ਪਦਾਰਥਾਂ ਅਤੇ ਵਿਸਫ਼ੋਟਕਾਂ ਦੀ ਪਛਾਣ ਕਰਨ ਵਰਗੇ ਕੰਮਾਂ ’ਚ ਪੁਲਿਸ ਦੀ ਮਦਦ ਲਈ ਤੈਨਾਤ ਕੀਤੇ ਜਾ ਸਕਦੇ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ।
ਉਨ੍ਹਾਂ ਕਿਹਾ ਕਿ ਸੀਮਾ ਸੁਰਖਿਆ ਫ਼ੋਰਸ (ਬੀ.ਐਸ.ਐਫ਼.), ਕੇਂਦਰੀ ਰਿਜ਼ਰਵ ਪੁਲਿਸ ਫ਼ੋਰਸ (ਸੀ.ਆਰ.ਪੀ.ਐਫ਼.) ਅਤੇ ਕੇਂਦਰੀ ਉਦਯੋਗਿਕ ਸੁਰਖਿਆ ਫ਼ੋਰਸ (ਸੀ.ਆਈ.ਐਸ.ਐਫ਼.) ਵਰਗੇ ਕੇਂਦਰੀ ਹਥਿਆਰਬੰਦ ਪੁਲਿਸ ਫ਼ੋਰਸ (ਸੀ.ਏ.ਪੀ.ਐਫ਼.) ਪੁਲਿਸ ਡਿਊਟੀ ਲਈ ਭਾਰਤੀ ਨਸਲ ਦੇ ਕੁੱਤਿਆਂ ਦੀ ਭਰਤੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ।
ਅਧਿਕਾਰੀਆਂ ਮੁਤਾਬਕ, ਰਾਮਪੁਰ ਹਾਊਂਡ ਨਸਲ ਦੇ ਕੁਝ ਕੁੱਤਿਆਂ ਨੂੰ ਪੁਲਿਸ ਡਿਊਟੀ ’ਚ ਤੈਨਾਤ ਕਰਨ ਦੀ ਸਿਖਲਾਈ ਜਾਰੀ ਹੈ। ਉਨ੍ਹਾਂ ਕਿਹਾ ਕਿ ਹਿਮਾਲਿਆਈ ਕੁੱਤਿਆਂ ਨੂੰ ਵੀ ਪੁਲਿਸ ਡਿਊਟੀ ’ਚ ਲਾਉਣ ਬਾਰੇ ਸਿਖਲਾਈ ਲਈ ਹੁਕਮ ਜਾਰੀ ਕੀਤੇ ਗਏ ਹਨ। ਮੌਜੂਦਾ ਸਮੇਂ ’ਚ ਪੁਲਿਸ ਡਿਊਟੀ ’ਚ ਤੈਨਾਤ ਲਗਭਗ ਸਾਰੇ ਕੁੱਤੇ ਜਰਮਨ ਸ਼ੇਫ਼ਰਡ, ਲੈਬਰਾਡੋਰ, ਬੈਲਜੀਅਮ ਮੈਲਿਨੋਇਸ ਅਤੇ ਕੌਕਰ ਸਪੈਨਿਅਲ ਵਰਗੇ ਵਿਦੇਸ਼ੀ ਨਸਲਾਂ ਦੇ ਹਨ।
ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਕਿਹਾ, ‘‘ਐਸ.ਐਸ.ਬੀ. (ਹਥਿਆਰਬੰਦ ਸੀਮਾ ਫ਼ੋਰਸ) ਅਤੇ ਆਈ.ਟੀ.ਬੀ.ਪੀ. (ਭਾਰਤ ਤਿੱਬਤ ਸੀਮਾ ਪੁਲਿਸ) ਨੇ ਭਾਰਤੀ ਨਸਲ ਦੇ ਕੁੱਤੇ ਮੁਧੋਲ ਹਾਊਂਡ ਨੂੰ ਪੁਲਿਸ ਡਿਊਟੀ ’ਚ ਤੈਨਾਤ ਕਰਨ ਬਾਰੇ ਸਿਖਲਾਈ ਪਹਿਲਾਂ ਹੀ ਪੂਰਾ ਕਰ ਲਈ ਹੈ। ਸੀ.ਆਰ.ਪੀ.ਐਫ਼. ਅਤੇ ਬੀ.ਐਸ.ਐਫ਼. ਦੇ ਕੁੱਤਾ ਸਿਖਲਾਈ ਕੇਂਦਰਾਂ ’ਚ ਰਾਮਪੁਰ ਹਾਊਂਡ ਵਰਗੇ ਭਾਰਤੀ ਨਸਲ ਦੇ ਕੁੱਝ ਹੋਰ ਕੁੱਤਿਆਂ ਦੀ ਸਿਖਲਾਈ ਵੀ ਕੀਤੀ ਜਾ ਰਹੀ ਹੈ।’’
ਅਧਿਕਾਰੀ ਮੁਤਾਬਕ, ਇਸ ਤੋਂ ਇਲਾਵਾ ਮੰਤਰਾਲੇ ਨੇ ਬੀ.ਐਸ.ਐਫ਼., ਆਈ.ਟੀ.ਬੀ.ਪੀ. ਅਤੇ ਐਸ.ਐਸ.ਬੀ. ਨੂੰ ਹਿਮਚਲੀ ਸ਼ੇਫ਼ਰਡ, ਗੱਦੀ, ਬਖਰਵਾਲ ਅਤੇ ਤਿੱਬਤੀ ਮਸਟਿਫ਼ ਵਰਗੇ ਹਿਮਾਲਿਆਈ ਕੁੱਤਿਆਂ ਦੀ ਸਿਖਲਾਈ ਦਾ ਹੁਕਮ ਦਿਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕੁੱਤਿਆਂ ਨੂੰ ਪੁਲਿਸ ਡਿਊਟੀ ’ਚ ਤੈਨਾਤ ਕਰਨ ਦੀ ਸਿਖਲਾਈ ਜਾਰੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲਾਂ ਵੀ ਵਿਗਿਆਨਕ ਤਰੀਕਿਆਂ ਨਾਲ ਸਥਾਨਕ ਕੁੱਤਿਆਂ ਦੀ ਨਸਲ ਨੂੰ ਹੱਲਾਸ਼ੇਰੀ ਦੇਣ ਦੀ ਗੱਲ ਕਹਿ ਚੁੱਕੇ ਹਨ। ਸੀ.ਏ.ਪੀ.ਐਫ਼. ਵਲੋਂ ਕਿਰਾਏ ’ਤੇ ਲਏ ਸਾਰੇ ਕੁੱਤੇ ਪੁਲਿਸ ਸੇਵਾ ਕੇ9 (ਪੀ.ਐਸ.ਕੇ.) ਦਸਤਿਆਂ ਦਾ ਹਿੱਸਾ ਹਨ। ਪੁਲਿਸ ਡਿਊਟੀ ਲਈ ਕੁੱਤਿਆਂ ਨੂੰ ਕਿਰਾਏ ’ਤੇ ਲੈਣ ਅਤੇ ਸਿਖਲਾਈ ਕਰਨ ਵਾਲੇ ਸੀ.ਏ.ਪੀ.ਐਫ਼. ’ਚ ਬੀ.ਐਸ.ਐਫ਼., ਸੀ.ਆਰ.ਪੀ.ਐਫ਼., ਸੀ.ਆਈ.ਐਸ.ਐਫ਼., ਆਈ.ਟੀ.ਬੀ.ਪੀ., ਐਸ.ਐਸ.ਬੀ., ਐਨ.ਐਸ.ਜੀ. ਅਤੇ ਅਸਮ ਰਾਈਫ਼ਲਜ਼ ਸ਼ਾਮਲ ਹਨ।
ਅਧਿਕਾਰੀ ਅਨੁਸਾਰ, ਪੁਲਿਸ ਕੁੱਤਿਆਂ ਨੂੰ ਗਸ਼ਤ ਅਤੇ ਹੋਰ ਕੰਮਾਂ ਤੋਂ ਇਲਾਵਾ ਆਈ.ਈ.ਡੀ. (ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਇਸ) ਅਤੇ ਬਾਰੂਦੀ ਸੁਰੰਗਾਂ ਵਰਗੇ ਵਿਸਫ਼ੋਟਕਾਂ ਅਤੇ ਨਸ਼ੀਲੇ ਪਦਾਰਥਾਂ ਅਤੇ ਨਕਲੀ ਕਰੰਸੀ ਦਾ ਪਤਾ ਕਰਨ ਵਰਗੇ ਕੰਮਾਂ ਲਈ ਸਿਖਲਾਈ ਦਿਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕਦੀ-ਕਦੀ ਅਤਿਵਾਦੀਆਂ ਦਾ ਪਤਾ ਕਰਨ ਬਾਰੇ ਤਲਾਸ਼ ਮੁਹਿੰਮਾਂ ’ਚ ਵੀ ਇਨ੍ਹਾਂ ਕੁੱਤਿਆਂ ਦਾ ਪ੍ਰਯੋਗ ਕੀਤਾ ਜਾਂਦਾ ਹੈ। ਗ੍ਰਹਿ ਮੰਤਰਾਲੇ ਨੇ ਪੀ.ਐਸ.ਕੇ. ਬਾਰੇ ਸੀ.ਏ.ਪੀ.ਐਫ਼. ਅਤੇ ਹੋਰ ਪੁਲਿਸ ਅਤੇ ਕਾਨੂੰਨ ਤਾਮੀਲੀ ਏਜੰਸੀਆਂ ਵਿਚਕਾਰ ਸਿੱਖਣ ਅਤੇ ਸਹਿਯੋਗ ਦੇ ਸਭਿਆਚਾਰ ਅਤੇ ਆਲਾ-ਦੁਆਲਾ ਤੰਤਰ ਨੂੰ ਮਜ਼ਬੂਤ ਕਰਨ ਲਈ ਕੁਝ ਮਹੱਤਵਪੂਰਨ ਕਦਮ ਵੀ ਚੁੱਕੇ ਹਨ।
ਲਗਭਗ 4 ਹਜ਼ਾਰ ਕੁੱਤਿਆਂ ਨਾਲ ਸੀ.ਏ.ਪੀ.ਐਫ਼. ਦੇਸ਼ ’ਚ ਪੁਲਿਸ ਕੁੱਤਿਆਂ ਦਾ ਸਭ ਤੋਂ ਵੱਡਾ ਪ੍ਰਯੋਗਕਰਤਾ ਹੈ। ਇਹ ਹਰ ਸਾਲ ਲਗਭਗ 300 ਕੁੱਤਿਆਂ ਨੂੰ ਤੈਨਾਤ ਕਰਦਾ ਹੈ। ਇਕ ਹੋਰ ਅਧਿਕਾਰੀ ਮੁਤਾਬਕ, ਸੀ.ਏ.ਪੀ.ਐਫ਼. ’ਚ ਸਭ ਤੋਂ ਵੱਧ ਕੁੱਤਿਆਂ ਦਾ ਪ੍ਰਯੋਗ ਸੀ.ਆਰ.ਪੀ.ਐਫ਼. (ਲਗਭਗ 1500) ਅਤੇ ਸੀ.ਆਈ.ਐਸ.ਐਫ਼. (ਲਗਭਗ 700) ਕਰਦੇ ਹਨ। ਉਨ੍ਹਾਂ ਕਿਹਾ ਕਿ ਅਤਿਵਾਦ ਵਿਰੋਧੀ ਫ਼ੋਰਸ ਰਾਸ਼ਟਰੀ ਸੁਰਖਿਆ ਗਾਰਡ (ਐਨ.ਐਸ.ਜੀ.) ਕਲ ਲਗਭਗ 100 ਕੁੱਤੇ ਹਨ। ਗ੍ਰਹਿ ਮੰਤਰਾਲੇ ਨੇ ਕੇ9 ਦਸਤੇ ਦੀ ਸ਼ੁਰੂਆਤ 2019 ’ਚ ਅਪਣੇ ਪੁਲਿਸ ਆਧੁਨਿਕੀਕਰਨ ਪ੍ਰੋਗਰਾਮ ਦੇ ਹਿੱਸੇ ਵਜੋਂ ਕੁੱਤਿਆਂ ਦੇ ਪ੍ਰਜਣਨ, ਸਿਖਲਾਈ ਅਤੇ ਚੋਣ ਨੂੰ ਸੁਵਿਵਸਥਿਤ ਕਰਨ ਦੇ ਉਦੇਸ਼ ਨਾਲ ਕੀਤੀ ਸੀ।