ਖ਼ੁਦਮੁਖਤਿਆਰ ਔਰਤਾਂ ਨਹੀਂ ਸਹਿੰਦੀਆਂ ਮਰਦਾਂ ਦੀ ਦਬਕ, ਕਰ ਦਿੰਦੀਆਂ ਹਨ ਕੁਟਮਾਰ : ਅਧਿਐਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਮਾਊ ਬਣਨ ਕਾਰਨ ਅਪਣੀ ਮਰਦਾਨਗੀ ਨੂੰ ਮਿਲੀ ਚੁਨੌਤੀ ਤੋਂ ਡਰਦੇ ਮਰਦ ਸ਼ਰਾਬ ਪੀਣ ਵਰਗੇ ਤਰੀਕਿਆਂ ਨਾਲ ਔਰਤ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦੇ ਹਨ

Representative Image.

ਮੁੰਬਈ: ਇੰਟਰਨੈਸ਼ਨਲ ਇੰਸਟੀਚਿਊਟ ਫਾਰ ਪਾਪੂਲੇਸ਼ਨ ਸਾਇੰਸਿਜ਼ (ਆਈ.ਆਈ.ਪੀ.ਐਸ.), ਮੁੰਬਈ ਦੇ ਸਿਹਤ ਮਾਹਰਾਂ ਵਲੋਂ ਕੀਤੀ ਗਈ ਖੋਜ ’ਚ ਪ੍ਰਗਟਾਵਾ ਕੀਤਾ ਗਿਆ ਹੈ ਕਿ ਕਮਾਈ ਕਰ ਰਹੀਆਂ ਅਤੇ ਮੋਬਾਈਲ ਫੋਨਾਂ ਤਕ ਪਹੁੰਚ ਰੱਖਣ ਵਾਲੀਆਂ ਔਰਤਾਂ ਭਾਰਤ ’ਚ ਪਤੀਆਂ ’ਤੇ ਹਿੰਸਾ ਨੂੰ ਅੰਜਾਮ ਦਿੰਦੀਆਂ ਹਨ। ਅਧਿਐਨ ’ਚ ਇਹ ਵੀ ਦਰਸਾਇਆ ਗਿਆ ਹੈ ਕਿ ‘ਪਤਨੀ ਦੀ ਉਮਰ ਵਧਣ ਦੇ ਨਾਲ, ਪਤੀਆਂ ’ਤੇ ਜੀਵਨ-ਸਾਥੀ ਹਿੰਸਾ ਵਧਦੀ ਹੈ’, ਜੋ ਕਿ ਇਸ ਅਧਿਐਨ ਤੋਂ ਉਲਟ ਹੈ ਕਿ ਔਰਤਾਂ ’ਤੇ ਪਤੀਆਂ ਵਲੋਂ ਕੀਤੀ ਜਾਂਦੀ ਹਿੰਸਾ ਉਮਰ ਦੇ ਨਾਲ ਘਟਦੀ ਹੈ। ਉਨ੍ਹਾਂ ਨੋਟ ਕੀਤਾ ਕਿ ਛੋਟੇ ਪ੍ਰਵਾਰਾਂ ’ਚ ਪਤੀ ਵਿਰੁਧ ਹਿੰਸਾ ਦਾ ਰਿਵਾਜ ਜ਼ਿਆਦਾ ਸੀ।

ਅਧਿਐਨ ਨੇ ਸੰਕੇਤ ਦਿਤਾ ਹੈ ਕਿ ਕੰਮਕਾਜੀ ਔਰਤਾਂ ਵਲੋਂ ਪਤੀਆਂ ’ਤੇ ਹਿੰਸਾ ਦੇ ਕਈ ਕਾਰਨ ਹੋ ਸਕਦੇ ਹਨ। ਖੋਜ ਅਨੁਸਾਰ, ‘‘ਉਦਾਹਰਣ ਵਜੋਂ, ਜਿਵੇਂ ਕਿ ਔਰਤਾਂ ਆਰਥਿਕ ਖੁਦਮੁਖਤਿਆਰੀ ਪ੍ਰਾਪਤ ਕਰਦੀਆਂ ਹਨ, ਮਰਦ ਮਹਿਸੂਸ ਕਰ ਸਕਦੇ ਹਨ ਕਿ ਉਨ੍ਹਾਂ ਦੀ ਮਰਦਾਨਗੀ ਨੂੰ ਚੁਨੌਤੀ ਦਿਤੀ ਜਾ ਰਹੀ ਹੈ, ਅਤੇ ਉਹ ਪਤਨੀ ਨੂੰ ਕਾਬੂ ਕਰਨ, ਜਾਂ ਸ਼ਰਾਬੀ ਵਿਵਹਾਰ ’ਚ ਸ਼ਾਮਲ ਹੋ ਸਕਦੇ ਹਨ, ਜਿਸ ਨਾਲ ਉਨ੍ਹਾਂ ਨੂੰ ਕਮਾਉਣ ਵਾਲੀਆਂ ਔਰਤਾਂ ਵਲੋਂ ਹਿੰਸਾ ਸਹਿਣੀ ਪੈਂਦੀ ਹੈ।’’ 

ਕੈਮਬ੍ਰਿਜ ਯੂਨੀਵਰਸਿਟੀ ਪ੍ਰੈੱਸ ਵਲੋਂ ਪ੍ਰਕਾਸ਼ਿਤ ਇਹ ਖੋਜ ਅਪਰਾਜਿਤਾ ਚਟੋਪਾਧਿਆਏ, ਦੀਪਾਂਜਲੀ ਵਿਸ਼ਵਕਰਮਾ, ਸੁਰੇਸ਼ ਜੁੰਗਾਰੀ (ਸਾਰੇ ਆਈ.ਆਈ.ਪੀ.ਐਸ.), ਅਤੇ ਸੰਤੋਸ਼ ਕੁਮਾਰ ਸ਼ਰਮਾ (ਦਿ ਜਾਰਜ ਇੰਸਟੀਚਿਊਟ ਫਾਰ ਗਲੋਬਲ ਹੈਲਥ, ਨਵੀਂ ਦਿੱਲੀ) ਵਲੋਂ ਕੀਤੀ ਗਈ ਸੀ। ਉਨ੍ਹਾਂ ਨੇ ਵੇਖਿਆ ਕਿ ਮੋਬਾਈਲ ਫੋਨਾਂ ਤਕ ਪਹੁੰਚ ਔਰਤਾਂ ਨੂੰ ਮਜ਼ਬੂਤ ਕਰਨ ’ਚ ਮਦਦ ਕਰਦੀ ਹੈ, ਅਤੇ ਇਹ ਪਤੀ ਲਈ ਖ਼ਤਰਾ ਮਹਿਸੂਸ ਕਰ ਸਕਦਾ ਹੈ, ਜਿਸ ਕਾਰਨ ਉਹ ਪਤਨੀ ਨੂੰ ਸੰਚਾਰ ਕਰਨ ਤੋਂ ਰੋਕਦਾ ਹੈ ਅਤੇ ਦੋਹਾਂ ਵਿਚਕਾਰ ਹਿੰਸਾ ਦਾ ਕਾਰਨ ਬਣ ਸਕਦੀ ਹੈ।

ਅਧਿਐਨ ’ਚ ਖੁਲਾਸਾ ਕੀਤਾ ਗਿਆ ਹੈ ਕਿ ਭਾਰਤ ’ਚ 1000 ਹਰ ਮਰਦਾਂ ਪਿੱਛੇ 29 ਪਤਨੀ ਦੀ ਹਿੰਸਾ ਤੋਂ ਪੀੜਤ ਹਨ। ਸਿੱਕਿਮ ਜਿੱਥੇ ਇਹ ਦਰ ਸੱਭ ਤੋਂ ਘੱਟ ਹਰ 1000 ਮਰਦਾਂ ਪਿੱਛੇ 2 ਸੀ ਉੱਥੇ ਤਮਿਲਨਾਡੂ ’ਚ ਸੱਭ ਤੋਂ ਵੱਧ 90 ਪ੍ਰਤੀ 1,000 ਤਕ ਸੀ। ਇਹ ਵੇਖਿਆ ਗਿਆ ਕਿ 2005-06 ਤੋਂ 2015-16 ਦੌਰਾਨ ਸਿੱਕਮ, ਗੋਆ ਅਤੇ ਮਿਜ਼ੋਰਮ ਨੂੰ ਛੱਡ ਕੇ ਜ਼ਿਆਦਾਤਰ ਸੂਬਿਆਂ ’ਚ ਪਤੀਆਂ ਵਿਰੁਧ ਪਤਨੀ ਦੀ ਹਿੰਸਾ ਦਾ ਰਿਵਾਜ ਤੇਜ਼ੀ ਨਾਲ ਵਧਿਆ ਹੈ। ਅਧਿਐਨ ’ਚ 15-49 ਸਾਲ ਦੀ ਉਮਰ ਦੀਆਂ ਦੇਸ਼ ਭਰ ’ਚ 62,716 ਵਿਆਹੀਆਂ ਔਰਤਾਂ ’ਤੇ ਸਰਵੇਖਣ ਕੀਤਾ ਗਿਆ।