ਸ੍ਰੀ ਹਜ਼ੂਰ ਸਾਹਿਬ ਵਿਖੇ ਗੁਰਤਾਗੱਦੀ ਗੁਰਪੁਰਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੂਮ ਧਾਮ ਨਾਲ ਮਨਾਇਆ- ਡਾ. ਵਿਜੇ ਸਤਬੀਰ ਸਿੰਘ
ਸੁਨਹਿਰੀ ਸੁੰਦਰ ਪਾਲਕੀ ਵਾਲੀ ਗੱਡੀ ਨੂੰ ਸੁੰਦਰ ਫੁੱਲਾਂ ਨਾਲ ਸਜਾਇਆ ਗਿਆ ਸੀ
ਨਾਂਦੇੜ - ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਨਾਂਦੇੜ ਦੇ ਮੁੱਖ ਪ੍ਰਬੰਧਕ ਡਾ. ਵਿਜੇ ਸਤਬੀਰ ਸਿੰਘ ਸਾਬਕਾ ਆਈ.ਏ.ਐਸ. ਨੇ ਦੱਸਿਆ ਕਿ ਇਥੇ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਤਕ ਸੁਦੀ ਦੂਜ, ਚਾਰ ਅਕਤੂਬਰ 1708 ਈ. ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜੁਗੋ ਜੁਗ ਅਟੱਲ ਗੁਰਤਾਗੱਦੀ ਅਰਪਨ ਕਰਕੇ ਹੁਕਮ ਕੀਤਾ-
ਆਗਿਆ ਭਈ ਅਕਾਲ ਕੀ ਤਬੈ ਚਲਾਯੋ ਪੰਥ।।
ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ।।
23 ਅਕਤੂਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾਗੱਦੀ ਗੁਰਪੁਰਬ ਦੂਜ ਬੜੀ ਸ਼ਰਧਾ, ਪਿਆਰ, ਉਤਸ਼ਾਹ ਤੇ ਚੜ੍ਹਦੀ ਕਲਾ ਨਾਲ ਮਨਾਇਆ ਗਿਆ। ਪੁਰਾਤਨ ਚਲੀ ਆ ਰਹੀ ਮਰਯਾਦਾ ਅਨੁਸਾਰ ਗੁਰਦੁਆਰਾ ਸ੍ਰੀ ਨਗੀਨਾ ਘਾਟ ਸਾਹਿਬ ਤੋਂ ਸਵੇਰੇ 8 ਵਜੇ ਗੁਰਤਾਗੱਦੀ ਦਾ ਨਗਰ ਕੀਰਤਨ ਆਰੰਭ ਹੋਇਆ। ਸੁਨਹਿਰੀ ਸੁੰਦਰ ਪਾਲਕੀ ਵਾਲੀ ਗੱਡੀ ਜਿਸ ਨੂੰ ਸੁੰਦਰ ਫੁੱਲਾਂ ਨਾਲ ਸਜਾਇਆ ਹੋਇਆ ਸੀ। ਗਤਕਾ ਪਾਰਟੀਆਂ, ਭਜਨ ਮੰਡਲੀਆਂ, ਗੁਰੂ ਨਾਨਕ ਨਾਮ ਲੇਵਾ ਜਥੇਬੰਦੀਆਂ, ਬੈਂਡ ਵਾਜਾ ਪਾਰਟੀ ਅਤੇ ਵਿਸ਼ਵ ਦੇ ਕੋਨੇ ਕੋਨੇ 'ਚੋਂ ਹਜ਼ਾਰਾਂ ਸ਼ਰਧਾਲੂ ਤੇ ਹਜ਼ੂਰੀ ਸੰਗਤਾਂ ਇਸ ਨਗਰ ਕੀਰਤਨ ਵਿਚ ਸ਼ਾਮਲ ਹੋਈਆਂ।
ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਨਾਂਦੇੜ ਦੇ ਮੁੱਖ ਪ੍ਰਬੰਧਕ ਡਾ. ਵਿਜੇ ਸਤਬੀਰ ਸਿੰਘ ਜੀ ਸਾਬਕਾ ਆਈ.ਏ.ਐਸ. ਤੇ ਸ੍ਰ: ਹਰਜੀਤ ਸਿੰਘ ਕੜ੍ਹੇਵਾਲੇ ਸੁਪਰਡੈਂਟ ਨੇ ਸਮੂੰਹ ਸੰਗਤਾਂ ਨੂੰ ਇਸ ਪਾਵਨ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ। ਇਸੇ ਦਿਨ ਸ਼ਾਮ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਭਵਨ ਵਿਖੇ ਗੁਰਪੁਰਬ ਦੂਜ-ਪੰਚਮੀ ਨੂੰ ਸਮੱਰਪਿਤ ਵਿਸ਼ੇਸ਼ ਗੁਰਮਤਿ ਸਮਾਗਮਾਂ ਦੀ ਆਰੰਭਤਾ ਹੋਈ, ਜੋਕਿ 27 ਅਕਤੂਬਰ ਤੱਕ ਚਲਣਗੇ। ਇਨ੍ਹਾਂ ਪ੍ਰੋਗਰਾਮਾਂ ਵਿੱਚ ਉੱਚ ਕੋਟੀ ਦੇ ਰਾਗੀ ਜੱਥੇ, ਗਿਆਨੀ ਕਥਾਕਾਰ, ਸੰਤ ਮਹਾਂਪੁਰਸ਼ ਆਦਿ ਸ਼ਾਮਲ ਹੋ ਰਹੇ ਹਨ। ਗੁਰਮਤਿ ਸਮਾਗਮਾਂ ਦਾ ਸਿੱਧਾ ਪ੍ਰਸਾਰਣ ਫੇਸ ਬੁੱਕ hazursahiblive ਯੂਟਿਊਬ 'ਤੇ ਦਿਖਾਇਆ ਜਾ ਰਿਹਾ ਹੈ।