ਹਰਪਾਲ ਚੀਮਾ ਤੇ ਕਟਾਰੂਚੱਕ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸਮਾਗਮ ਲਈ ਓਡੀਸ਼ਾ ਦੇ ਮੁੱਖ ਮੰਤਰੀ ਨੂੰ ਦਿੱਤਾ ਸੱਦਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ : ਮੁੱਖ ਮੰਤਰੀ ਮੋਹਨ ਚਰਨ ਮਾਝੀ ਦਾ ਸੁਆਗਤ ਕਰਨਾ ਸਾਡੇ ਲਈ ਹੋਵੇਗੀ ਮਾਣ ਵਾਲੀ ਗੱਲ

Harpal Cheema and Kataruchak invite Odisha Chief Minister for 350th martyrdom anniversary of Sri Guru Tegh Bahadur Ji

ਚੰਡੀਗੜ੍ਹ/ਭੁਵਨੇਸ਼ਵਰ : ਪੰਜਾਬ ਸਰਕਾਰ ਵੱਲੋਂ ਕੌਮੀ ਸਾਂਝੀ ਵਿਰਾਸਤ ਦੀ ਭਾਵਨਾ ਤਹਿਤ ਓਡੀਸ਼ਾ ਨਾਲ ਰਾਬਤਾ ਕਾਇਮ ਕਰਨ ਲਈ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਅਤੇ ਖੁਰਾਕ ਤੇ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਓਡੀਸ਼ਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਝੀ ਨਾਲ ਮੁਲਾਕਾਤ ਕਰਨ ਲਈ ਭੁਵਨੇਸ਼ਵਰ ਦਾ ਵਿਸ਼ੇਸ਼ ਦੌਰਾ ਕੀਤਾ। ਇਸ ਉੱਚ-ਪੱਧਰੀ ਦੌਰੇ ਦਾ ਮੁੱਖ ਮੰਤਵ ਨੌਵੇਂ ਸਿੱਖ ਗੁਰੂ, ‘ਹਿੰਦ ਦੀ ਚਾਦਰ’ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਵਿੱਚ ਕਰਵਾਏ ਜਾ ਰਹੇ ਮਹਾਨ ਸਮਾਗਮਾਂ ਲਈ ਮੁੱਖ ਮੰਤਰੀ ਮਾਝੀ ਨੂੰ ਰਸਮੀ ਤੌਰ ’ਤੇ ਸੱਦਾ ਦੇਣਾ ਸੀ।
ਓਡੀਸ਼ਾ ਦੇ ਮੁੱਖ ਮੰਤਰੀ ਦਫ਼ਤਰ ਵਿਖੇ ਹੋਈ ਮੀਟਿੰਗ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਉਨ੍ਹਾਂ ਨੂੰ ਰਸਮੀ ਸੱਦਾ ਪੱਤਰ ਪੇਸ਼ ਕੀਤਾ ਅਤੇ ਯਾਦਗਾਰੀ ਪ੍ਰੋਗਰਾਮਾਂ ਦੇ ਪੈਮਾਨੇ ਅਤੇ ਮਹੱਤਤਾ ਬਾਰੇ ਸੰਖੇਪ ਜਾਣਕਾਰੀ ਦਿੱਤੀ। ਐਡਵੋਕੇਟ ਚੀਮਾ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸਮਾਗਮ ਗੁਰੂ ਸਾਹਿਬ ਵੱਲੋਂ ਧਾਰਮਿਕ ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਲਈ ਦਿੱਤੀ ਗਈ ਬੇਮਿਸਾਲ ਕੁਰਬਾਨੀ ਨੂੰ ਸਮਰਪਿਤ ਇੱਕ ਕੌਮੀ ਸ਼ਰਧਾਂਜਲੀ ਹਨ।

ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਭਾਰਤ ਦੇ ਇਤਿਹਾਸ ਦਾ ਉਹ ਮਹੱਤਵਪੂਰਨ ਹਿੱਸਾ ਹੈ ਜੋ ਬੁਨਿਆਦੀ ਮਨੁੱਖੀ ਕਦਰਾਂ-ਕੀਮਤਾਂ ਦੀ ਰਾਖੀ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ‘ਹਿੰਦ ਦੀ ਚਾਦਰ’ ਵੱਲੋਂ ਕੀਤੀ ਗਈ ਬੇਮਿਸਾਲ ਕੁਰਬਾਨੀ ਇੱਕ ਅਜਿਹੀ ਕੌਮੀ ਵਿਰਾਸਤ ਹੈ ਜੋ ਸਾਰੀਆਂ ਧਾਰਮਿਕ ਅਤੇ ਖੇਤਰੀ ਹੱਦਾਂ ਤੋਂ ਪਾਰ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਇਤਿਹਾਸਕ ਸਮਾਗਮਾਂ ਵਿੱਚ ਮੁੱਖ ਮੰਤਰੀ ਮੋਹਨ ਚਰਨ ਮਾਝੀ ਜੀ ਦਾ ਸੁਆਗਤ ਕਰਨਾ ਸਾਡੇ ਲਈ ਮਾਣ ਵਾਲੀ ਗੱਲ ਹੈ।

ਇਸ ਮੌਕੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੰਤਰ-ਰਾਜੀ ਭਾਈਵਾਲੀ ਦੀ ਮਹੱਤਤਾ ’ਤੇ ਹੋਰ ਜ਼ੋਰ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਮਾਝੀ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਦੌਰੇ ਦਾ ਮਨੋਰਥ ਉਸ ਇਕਜੁੱਟ ਸ਼ਰਧਾਂਜਲੀ ਨੂੰ ਸਮੱਰਪਿਤ ਹੈ ਜੋ ਸਮੁੱਚੇ ਦੇਸ਼ ਵੱਸੋਂ ਗੁਰੂ ਸਾਹਿਬ ਨੂੰ ਭੇਟ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਵੱਲੋਂ ਹਿਮੰਤ, ਧਰਮ ਨਿਰਪੱਖਤਾ ਅਤੇ ਵਿਸ਼ਵ ਭਾਈਚਾਰੇ ਦਾ ਦਿੱਤਾ ਗਿਆ ਸੰਦੇਸ਼ ਓਡੀਸ਼ਾ ਦੇ ਅਮੀਰ ਸੱਭਿਆਚਾਰਕ ਤਾਣੇ-ਬਾਣੇ ਸਮੇਤ ਸਾਰੇ ਰਾਜਾਂ ਵਿੱਚ ਗੂੰਜਦਾ ਹੈ।

ਮੁੱਖ ਮੰਤਰੀ ਮੋਹਨ ਚਰਨ ਮਾਝੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਲਈ ਡੂੰਘਾ ਸਤਿਕਾਰ ਪ੍ਰਗਟਾਇਆ ਅਤੇ 350ਵੀਂ ਬਰਸੀ ਦੇ ਮਹੱਤਵ ਬਾਰੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀਆਂ ਵੱਲੋਂ ਮੁੱਖ ਮੰਤਰੀ ਮਾਝੀ ਨੂੰ ਇੱਕ ਯਾਦਗਾਰੀ ਚਿੰਨ੍ਹ ਅਤੇ ਸਾਹਿਤ ਵੀ ਭੇਂਟ ਕੀਤਾ, ਜਿਸ ਵਿੱਚ ਸਮਾਗਮ ਦੇ ਇਤਿਹਾਸਕ ਪ੍ਰਸੰਗ ਦਾ ਵੇਰਵਾ ਦਿੱਤਾ ਗਿਆ। ਇਸ ਤਰ੍ਹਾਂ ਦੋਵਾਂ ਰਾਜਾਂ ਵਿਚਕਾਰ ਸੱਭਿਆਚਾਰਕ ਅਤੇ ਰਾਜਨੀਤਿਕ ਅਦਾਨ-ਪ੍ਰਦਾਨ ਨੂੰ ਹੋਰ ਮਜ਼ਬੂਤ ਕੀਤਾ ਗਿਆ।