PM ਨੇ ਸੰਸਦ ਮੈਂਬਰਾਂ ਲਈ ਫਲੈਟਾਂ ਦਾ ਕੀਤਾ ਉਦਘਾਟਨ, ਕਿਹਾ ਅਸੀਂ ਪੂਰੀਆਂ ਕੀਤੀਆਂ ਲਟਕੀਆਂ ਯੋਜਨਾਵਾਂ
ਸੰਸਦ ਮੈਂਬਰਾਂ ਲਈ ਦਿੱਲੀ ਦੇ ਬੀਡੀ ਮਾਰਗ 'ਤੇ ਬਣਾਏ ਗਏ 76 ਫਲੈਟ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਵੀਡੀਓ ਕਾਨਫਰੰਸ ਜ਼ਰੀਏ ਸੰਸਦ ਮੈਂਬਰਾਂ ਲਈ ਨਵੇਂ ਫਲੈਟਾਂ ਦਾ ਉਦਘਾਟਨ ਕੀਤਾ। ਸੰਸਦ ਮੈਂਬਰਾਂ ਲਈ ਦਿੱਲੀ ਦੇ ਬੀਡੀ ਮਾਰਗ 'ਤੇ 76 ਫਲੈਟ ਬਣਾਏ ਗਏ ਹਨ। ਉਦਘਾਟਨ ਸਮਾਰੋਹ ਦੌਰਾਨ ਪ੍ਰਧਾਨ ਮੰਤਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹਨਾਂ ਫਲੈਟਾਂ ਵਿਚ ਸੰਸਦ ਮੈਂਬਰਾਂ ਨੂੰ ਹਰ ਸਹੂਲਤ ਦਿੱਤੀ ਜਾਵੇਗੀ, ਜਿਸ ਨਾਲ ਉਹਨਾਂ ਨੂੰ ਕੰਮ ਕਰਨ ਵਿਚ ਅਸਾਨੀ ਹੋਵੇਗੀ।
ਉਹਨਾਂ ਕਿਹਾ ਕਿ ਦਿੱਲੀ ਵਿਚ ਸੰਸਦ ਮੈਂਬਰਾਂ ਨੂੰ ਕਾਫ਼ੀ ਸਮੱਸਿਆ ਹੁੰਦੀ ਸੀ, ਸੰਸਦ ਮੈਂਬਰਾਂ ਨੂੰ ਹੋਟਲ ਵਿਚ ਰਹਿਣਾ ਪੈਂਦਾ ਸੀ, ਜਿਸ ਕਾਰਨ ਉਹਨਾਂ 'ਤੇ ਆਰਥਕ ਬੋਝ ਵਧ ਜਾਂਦਾ ਸੀ। ਪੀਐਮ ਨੇ ਕਿਹਾ ਕਿ ਦਹਾਕਿਆਂ ਤੋਂ ਚੱਲੀਆਂ ਸਮੱਸਿਆਵਾਂ ਟਾਲਣ ਨਾਲ ਨਹੀਂ ਕੰਮ ਕਰਨ ਨਾਲ ਹੀ ਖਤਮ ਹੋਣਗੀਆਂ।
ਉਹਨਾਂ ਕਿਹਾ ਕਿ ਦੇਸ਼ ਵਿਚ ਵਾਰ ਮੈਮੋਰੀਅਲ, ਪੁਲਿਸ ਮੈਮੋਰੀਅਲ ਸਮੇਤ ਕਈ ਅਜਿਹੀਆਂ ਯੋਜਨਾਵਾਂ ਹਨ, ਜੋ ਸਾਲਾਂ ਤੋਂ ਅਟਕੀਆਂ ਹੋਈਆਂ ਸੀ ਪਰ ਸਾਡੀ ਸਰਕਾਰ ਇਹਨਾਂ ਸਾਰੀਆਂ ਯੋਜਨਾਵਾਂ ਨੂੰ ਪੂਰਾ ਕੀਤਾ। ਪੀਐਮ ਮੋਦੀ ਨੇ ਕਿਹਾ ਕਿ ਇਹਨਾਂ ਫਲੈਟਾਂ ਦੇ ਨਿਰਮਾਣ ਵਿਚ ਵਾਤਾਵਰਣ ਦਾ ਧਿਆਨ ਰੱਖਿਆ ਗਿਆ।
ਕੋਰੋਨਾ ਕਾਲ ਵਿਚ ਸੁਚਾਰੂ ਢੰਗ ਨਾਲ ਸਦਨ ਦੀ ਕਾਰਵਾਈ ਚੱਲੀ ਤੇ ਇਤਿਹਾਸਕ ਤਰੀਕੇ ਨਾਲ ਕੰਮ ਹੋਇਆ। ਪੀਐਮ ਮੋਦੀ ਨੇ ਕਿਹਾ ਕਿ ਮੌਜੂਦਾ ਲੋਕ ਸਭਾ ਵਿਚ 260 ਸੰਸਦ ਮੈਂਬਰ ਅਜਿਹੇ ਹਨ, ਜੋ ਪਹਿਲੀ ਵਾਰ ਚੁਣੇ ਗਏ। ਪਿਛਲੀ ਲੋਕ ਸਭਾ ਵਿਚ ਮੈਂ ਵੀ ਪਹਿਲੀ ਵਾਰ ਹੀ ਚੁਣ ਕੇ ਆਇਆ ਸੀ, ਇਸ ਦੇ ਨਾਲ ਇਸ ਲੋਕ ਸਭਾ ਵਿਚ ਸਭ ਤੋਂ ਜ਼ਿਆਦਾ ਔਰਤ ਸੰਸਦ ਮੈਂਬਰ ਚੁਣੀਆਂ ਗਈਆਂ ਹਨ।
ਪੀਐਮ ਮੋਦੀ ਨੇ ਸੰਬੋਧਨ ਦੌਰਾਨ ਕਿਹਾ ਕਿ ਪਿਛਲੀਆਂ ਦੋ ਲੋਕ ਸਭਾਵਾਂ ਵਿਚ ਸੰਸਦ ਨੇ ਰਿਕਾਰਡ ਤੋੜ ਕੰਮ ਕੀਤਾ ਹੈ ਤੇ ਕਈ ਬਿੱਲਾਂ ਨੂੰ ਪਾਸ ਕੀਤਾ। ਰਾਜ ਸਭਾ ਨੇ ਵੀ ਇਸੇ ਤਰ੍ਹਾਂ ਤੇਜ਼ੀ ਨਾਲ ਕੰਮ ਕੀਤਾ।