ਕੋਰੋਨਾ ਦੇ ਵਧ ਰਹੇ ਮਾਮਲਿਆਂ 'ਤੇ ਸੁਪਰੀਮ ਕੋਰਟ ਸਖ਼ਤ, 4 ਸੂਬਿਆਂ ਤੋਂ ਮੰਗੀ ਕੋਵਿਡ ਰਿਪੋਰਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਦਸੰਬਰ ਵਿਚ ਹੋਰ ਬਦਤਰ ਹੋ ਸਕਦੇ ਨੇ ਦਿੱਲੀ ਦੇ ਹਾਲਾਤ- ਸੁਪਰੀਮ ਕੋਰਟ

Supreme Court

ਨਵੀਂ ਦਿੱਲੀ: ਕੋਵਿਡ-19 ਮਰੀਜ਼ਾਂ ਦੇ ਢੁਕਵੇਂ ਇਲਾਜ ਤੇ ਹਸਪਤਾਲਾਂ ਵਿਚ ਕੋਰੋਨਾ ਰੋਗੀਆਂ ਦੀਆਂ ਲਾਸ਼ਾਂ ਦੇ ਨਾਲ ਕੀਤੇ ਜਾ ਰਹੇ ਵਰਤਾਅ ਦੇ ਮਾਮਲੇ 'ਤੇ ਸੁਪਰੀਮ ਕੋਰਟ ਵਿਚ ਸੋਮਵਾਰ ਨੂੰ ਸੁਣਵਾਈ ਹੋਈ। ਸੁਪਰੀਮ ਕੋਰਟ ਨੇ ਦਿੱਲੀ ਵਿਚ ਕੋਰੋਨਾ ਦੇ ਹਲਾਤਾਂ 'ਤੇ ਚਿੰਤਾ ਜ਼ਾਹਿਰ ਕੀਤੀ।

ਜਸਟਿਸ ਅਸ਼ੋਕ ਭੂਸ਼ਣ ਨੇ ਕਿਹਾ ਕਿ ਦਿੱਲੀ ਵਿਚ ਹਾਲਾਤ ਬਦਤਰ ਹੋ ਗਏ ਹਨ। ਅਸੀਂ ਜਾਣਨਾ ਚਾਹੁੰਦੇ ਹਾਂ ਕਿ ਸਰਕਾਰ ਨੇ ਕੀ ਵਿਵਸਥਾ ਕੀਤੀ ਹੈ। ਇਸ 'ਤੇ ਵਿਸਥਾਰ ਹਲਫਨਾਮਾ ਕੋਰਟ ਵਿਚ ਦਾਖਲ ਕੀਤਾ ਜਾਵੇ। ਸੁਪਰੀਮ ਕੋਰਟ ਨੇ ਦਿੱਲੀ, ਗੁਜਰਾਤ, ਮਹਾਰਾਸ਼ਟਰ ਤੇ ਅਸਮ ਵਿਚ ਤੇਜ਼ੀ ਨਾਲ ਵਧ ਰਹੇ ਕੋਵਿਡ ਮਾਮਲਿਆਂ ਦੇ ਪ੍ਰਬੰਧਨ, ਮਰੀਜ਼ਾਂ ਨੂੰ ਸਹੂਲਤ ਸਮੇਤ ਹੋਰ ਵਿਵਸਥਾਵਾਂ 'ਤੇ ਸਟੇਟਸ ਰਿਪੋਰਟ ਦੋ ਦਿਨਾਂ ਵਿਚ ਮੰਗੀ ਹੈ।

ਸੁਪਰੀਮ ਕੋਰਟ ਨੇ ਕਿਹਾ ਕਿ ਜੇਕਰ ਸੂਬਿਆਂ ਨੇ ਚੰਗੀ ਤਰ੍ਹਾਂ ਤਿਆਰੀ ਨਹੀਂ ਕੀਤੀ ਤਾਂ ਦਸੰਬਰ ਵਿਚ ਇਸ ਤੋਂ ਵੀ ਬਦਤਰ ਹਾਲਾਤ ਹੋ ਸਕਦੇ ਹਨ।  ਦਿੱਲੀ ਸਰਕਾਰ ਨੇ ਅਦਾਲਤ ਵਿਚ ਕਿਹਾ ਕਿ ਕੋਰੋਨਾ ਨਾਲ ਨਜਿੱਠਣ ਲਈ ਵਿਆਪਕ ਇੰਤਜ਼ਮ ਕੀਤੇ ਗਏ ਹਨ। ਸੰਜੇ ਜੈਨ ਨੇ ਕਿਹਾ ਕਿ ਵੱਡੇ ਪੱਧਰ 'ਤੇ ਨਿੱਜੀ ਹਸਪਤਾਲਾਂ ਵਿਚ ਕੋਵਿਡ ਮਰੀਜ਼ਾਂ ਲਈ 80 ਫੀਸਦੀ ਆਈਸੀਯੂ ਬੈੱਡ ਰਾਖਵੇਂ ਹਨ। ਅਸੀਂ ਸਾਰੇ ਨਿਰਦੇਸ਼ਾਂ ਦਾ ਪਾਲਣ ਕੀਤਾ ਹੈ। 

ਮਹਾਂਮਾਰੀ ਦੇ ਵਧਦੇ ਮਾਮਲਿਆਂ ਦੇ ਬਾਵਜੂਦ ਸੂਬੇ ਵਿਚ ਬੇਲਗਾਮ ਸਮਾਰੋਹਾਂ, ਵਿਆਹਾਂ ਤੇ ਸਮਾਗਮਾਂ ਲਈ ਸੁਪਰੀਮ ਕੋਰਟ ਨੇ ਗੁਜਰਾਤ ਸਰਕਾਰ ਨੂੰ ਫਟਕਾਰ ਲਗਾਈ ਹੈ। ਜਸਟਿਸ ਐਮਆਰ ਸ਼ਾਹ ਨੇ ਕਿਹਾ ਕਿ ਦਿੱਲੀ ਤੇ ਮਹਾਰਾਸ਼ਟਰ ਤੋਂ ਬਾਅਦ ਗੁਜਰਾਤ ਵਿਚ ਹਾਲਾਤ ਸਭ ਤੋਂ ਖ਼ਰਾਬ ਹਨ। ਇਸ ਤੋਂ ਇਲਾਵਾ ਸੁਪਰੀਮ ਕੋਰਟ ਨੇ ਦਿੱਲੀ ਸਰਕਾਰ 'ਤੇ ਕੋਰੋਨਾ ਟੈਸਟਿੰਗ ਨੂੰ ਲੈ ਕੇ ਸਵਾਲ ਚੁੱਕੇ ਹਨ।