ਹਜ਼ਾਰਾਂ ਦੀ ਗਿਣਤੀ 'ਚ ਪਹੁੰਚੇ ਪ੍ਰਵਾਸੀ ਪ੍ਰਹੁਣੇ ਕੇਸ਼ੋਪੁਰ ਛੰਭ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਜਲਗਾਹ ਵਲ ਸੈਲਾਨੀਆਂ ਨੂੰ ਖਿੱਚਣ ਦੀ ਲੋੜ

image

ਗੁਰਦਾਸਪੁਰ, 23 ਨਵੰਬਰ (ਪਪ) : ਜ਼ਿਲ੍ਹਾ ਗੁਰਦਾਸਪੁਰ 'ਚ ਮਗਰਮੂਦੀਆਂ ਕੋਸ਼ੋਪੁਰ ਇਲਾਕੇ ਅੰਦਰ ਕਰੀਬ 850 ਏਕੜ 'ਚ ਫੈਲੇ ਭਾਰਤ ਦੇ ਪਹਿਲੇ ਕਮਿਊਨਿਟੀ ਰਿਜ਼ਰਵ ਨੂੰ ਵਿਕਸਤ ਕਰਨ ਲਈ ਸਰਕਾਰ ਵਲੋਂ ਕੀਤੇ ਅਨੇਕਾਂ ਦਾਅਵਿਆਂ ਦੇ ਬਾਵਜੂਦ ਕੁਦਰਤ ਦੇ ਅਨਮੋਲ ਖ਼ਜ਼ਾਨੇ ਸੰਭਾਲੀ ਬੈਠਾ ਇਹ ਇਲਾਕਾ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਨਹੀਂ ਬਣ ਸਕਿਆ। ਪਿਛਲੇ ਸਾਲਾਂ ਵਾਂਗ ਇਸ ਸਾਲ ਵੀ ਇਸ ਛੰਭ ਅੰਦਰ ਵਿਦੇਸ਼ਾਂ ਤੋਂ ਹਜ਼ਾਰਾਂ ਸੁੰਦਰ ਪੰਛੀਆਂ ਦੀ ਆਮਦ ਹੋ ਚੁੱਕੀ ਹੈ ਪਰ ਸਿੱਤਮ ਦੀ ਗੱਲ ਇਹ ਹੈ ਕਿ ਇਨ੍ਹਾਂ ਪੰਛੀਆਂ ਨੂੰ ਦੇਖਣ ਲਈ ਆਉਣ ਵਾਲੇ ਕੁਦਰਤ ਪ੍ਰੇਮੀਆਂ ਦੀ ਆਮਦ ਨਾ ਮਾਤਰ ਹੈ। ਗੁਰਦਾਸਪੁਰ ਨੇੜੇ ਸਰਹੱਦੀ ਇਲਾਕੇ ਅੰਦਰ ਇਹ ਛੰਭ 850 ਏਕੜ ਦੇ ਕਰੀਬ ਰਕਬੇ ਵਿਚ ਫੈਲਿਆ ਹੈ।

image

ਸਰਕਾਰ ਨੇ ਕਰੀਬ ਸਾਢੇ 13 ਸਾਲਾਂ ਸਾਲ ਪਹਿਲਾਂ 25 ਜੂਨ 2007 ਦੌਰਾਨ ਇਸ ਜਲਗਾਹ ਨੂੰ ਕਮਿਊਨਿਟੀ ਰਿਜ਼ਰਵ ਐਲਾਨਿਆ ਸੀ ਜਿਸ ਉਪਰੰਤ ਵੱਖ-ਵੱਖ ਸਰਕਾਰਾਂ ਨੇ ਇਸ ਇਲਾਕੇ ਨੂੰ ਵਿਕਸਤ ਕਰਨ ਅਤੇ ਇਸ ਨੂੰ ਸੈਰ ਸਪਾਟੇ ਦੇ ਕੇਂਦਰ ਵਜੋਂ ਪ੍ਰਫੁੱਲਿਤ ਕਰਨ ਦੇ ਕਈ ਦਾਅਵੇ ਕੀਤੇ ਹਨ ਪਰ ਸਹੀ ਮਾਇਨਿਆਂ 'ਚ ਸਥਿਤੀ ਇਹ ਬਣੀ ਹੋਈ ਹੈ ਕਿ ਸਰਕਾਰ ਦੇ ਦੇ ਯਤਨ ਲੋਕਾਂ ਦਾ ਧਿਆਨ ਇਸ ਪਾਸੇ ਜ਼ਿਆਦਾ ਨਹੀਂ ਖਿੱਚ ਸਕੇ। ਇਸ ਜਲਗਾਹ 'ਚ ਸਾਈਬੇਰੀਆ, ਚੀਨ, ਮੰਗੋਲੀਆ, ਤਿੱਬਤ, ਰਸ਼ੀਆ ਅਤੇ ਯੂਰਪ ਆਦਿ ਵੱਖ-ਵੱਖ ਦੇਸ਼ਾਂ ਤੋਂ ਤਕਰੀਬਨ 100 ਕਿਸਮਾਂ ਦੇ ਸਿਰਫ਼ ਪੰਛੀ ਆਉਂਦੇ ਹਨ। ਆਮ ਤੌਰ 'ਤੇ ਪੰਛੀਆਂ ਦੀ ਆਮਦ ਅਕਤੂਬਰ ਮਹੀਨੇ ਸ਼ੁਰੂ ਹੋ ਜਾਂਦੀ ਹੈ ਅਤੇ ਫ਼ਰਵਰੀ ਵਿਚ ਇਹ ਪੰਛੀ ਵਾਪਸ ਚਲੇ ਜਾਂਦੇ ਹਨ। ਇਸ ਸਾਲ ਇਸ ਜਲਗਾਹ ਵਿਚ ਕਰੀਬ 6 ਹਜ਼ਾਰ ਪੰਛੀ ਪਹੁੰਚ ਚੁੱਕੇ ਹਨ ਜਦਕਿ ਪਿਛਲੇ ਸਾਲ ਇਥੇ 21 ਹਜ਼ਾਰ ਦੇ ਕਰੀਬ ਪੰਛੀ ਪਹੁੰਚੇ ਸਨ। ਜਨਵਰੀ ਮਹੀਨੇ ਸੱਭ ਤੋਂ ਜ਼ਿਆਦਾ ਪੰਛੀ ਇਸ ਜਲਗਾਹ 'ਤੇ ਦਿਖਾਈ ਦਿੰਦੇ ਹਨ। ਜੇਕਰ ਸਰਕਾਰਾਂ ਧਿਆਨ ਦੇਣ ਤਾਂ ਇਸ ਜਲਗਾਹ ਨੂੰ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਾਇਆ ਜਾ ਸਕਦਾ ਹੈ। ਇਸ ਨਾਲ ਜਿਥੇ ਸਥਾਨਕ ਲੋਕਾਂ ਨੂੰ ਰੁਜ਼ਗਾਰ ਮਿਲੇਗਾ ਉਥੇ ਹੀ ਸਰਕਾਰ ਦੇ ਮਾਲੀਏ ਵਿਚ ਵੀ ਵਾਧਾ ਹੋਵੇਗਾ।