ਸਾਰਿਆਂ ਨੂੰ ਮੁਸਲਮਾਨਾਂ ਦੀਆਂ ਵੋਟਾਂ ਨਾਲ ਮਤਲਬ ਹੈ, ਉਨ੍ਹਾਂ ਦੇ ਮੁੱਦਿਆਂ ਨਾਲ ਨਹੀਂ: ਉਵੈਸੀ
ਬਾਰਾਬੰਕੀ 'ਚ ਕੇਸ ਦਰਜ ਹੋਣ 'ਤੇ ਬੋਲੇ ਉਵੈਸੀ, 'ਸਹੁਰੇ ਜਾਣ ਲਈ ਤਿਆਰ, ਗੋਲੀ ਮਾਰਨੀ ਹੈ ਇਕ ਨਹੀਂ ਛੇ ਮਾਰੋ'
ਨਵੀਂ ਦਿੱਲੀ: ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ ਦੇ ਪ੍ਰਧਾਨ ਅਸਦੁਦੀਨ ਓਵੈਸੀ ਨੇ ਉੱਤਰ ਪ੍ਰਦੇਸ਼ ਦੇ ਬਾਰਾਬੰਕੀ 'ਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ 'ਮੁਸਲਿਮ ਵੋਟਾਂ' ਨੂੰ ਲੈ ਕੇ ਭਾਜਪਾ, ਸਪਾ ਅਤੇ ਕਾਂਗਰਸ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਮੁਸਲਮਾਨਾਂ ਦੀਆਂ ਵੋਟਾਂ ਨਾਲ ਮਤਲਬ ਹੈ, ਉਨ੍ਹਾਂ ਦੇ ਮੁੱਦਿਆਂ ਨਾਲ ਨਹੀਂ। ਆਪਣੀ ਰੈਲੀ ਦਾ ਵੀਡੀਓ ਟਵੀਟ ਕਰਦੇ ਹੋਏ ਉਨ੍ਹਾਂ ਲਿਖਿਆ ਹੈ, 'ਹਰ ਕੋਈ ਮੁਸਲਮਾਨਾਂ ਦੀ ਵੋਟ ਚਾਹੁੰਦਾ ਹੈ ਪਰ ਮੁਸਲਮਾਨਾਂ ਦੇ ਮੁੱਦਿਆਂ 'ਤੇ ਕੋਈ ਵੀ ਆਪਣੀ ਆਵਾਜ਼ ਨਹੀਂ ਉਠਾਉਣਾ ਚਾਹੁੰਦਾ, ਜਦੋਂ ਅਸੀਂ ਆਪਣੀ ਆਵਾਜ਼ ਉਠਾਈ ਤਾਂ ਯੋਗੀ ਆਦਿਤਿਆਨਾਥ ਬਾਬਾ ਨੇ ਸਾਡੇ 'ਤੇ ਕੇਸ ਦਰਜ ਕਰ ਦਿੱਤਾ।
ਟਵੀਟ ਨਾਲ ਸ਼ੇਅਰ ਕੀਤੀ ਵੀਡੀਓ 'ਚ ਓਵੈਸੀ ਕਹਿੰਦੇ ਹਨ, 'ਅਸੀਂ ਇਕ ਮਹੀਨਾ ਪਹਿਲਾਂ ਬਾਰਾਬੰਕੀ 'ਚ ਰੈਲੀ ਕੀਤੀ ਸੀ, ਜਿਸ 'ਚ ਅਸੀਂ ਬਾਰਾਬੰਕੀ 'ਚ ਇਕ ਮਸਜਿਦ ਦੇ ਸ਼ਹੀਦ ਹੋਣ ਦੀ ਗੱਲ ਕੀਤੀ ਸੀ ਤਾਂ ਯੋਗੀ ਸਰਕਾਰ ਨੇ ਸਾਡੇ 'ਤੇ ਮਾਮਲਾ ਦਰਜ ਕਰ ਦਿੱਤਾ। ਅਸੀਂ ਕਿਹਾ ਕਿ ਲੈ ਜਾਓ ਅਸੀਂ ਸਹੁਰੇ ਘਰ ਜਾਣ ਲਈ ਤਿਆਰ ਹਾਂ। ਜੋ ਮਰਜ਼ੀ ਕਰੋ, ਜੇਲ ਵਿਚ ਲੈ ਜਾਓ।
ਜੇ ਤੁਹਾਡਾ ਦਿਲ ਕਰੇ ਗੋਲੀ ਮਾਰੋ, ਇਕ ਨਹੀਂ ਛੇ ਮਾਰੋ, ਐਨਕਾਊਂਟਰ ਕਰੋ। ਕਿਉਂਕਿ ਤੁਸੀਂ ਸਾਡੀ ਮੌਤ ਅਤੇ ਜੀਵਨ ਦਾ ਫੈਸਲਾ ਨਹੀਂ ਕਰ ਸਕਦੇ। ਕੇਸ ਦਾਇਰ ਕਰਦੇ ਹੋਏ ਯੋਗੀ ਸਰਕਾਰ ਨੇ ਗੈਰ-ਜ਼ਮਾਨਤੀ ਧਾਰਾ ਲਗਾਈ ਸੀ। ਅਸੀਂ ਉਡੀਕ ਰਹੇ ਹਾਂ ਕਿ ਤੁਸੀਂ ਸਾਨੂੰ ਲੈ ਜਾਓ, ਆਪਣੇ ਮਹਿਮਾਨ ਨੂੰ ਜਵਾਈ ਬਣਾ ਲਓ। ਤੁਸੀਂ ਸਾਡੇ 'ਤੇ ਦੋਸ਼ ਲਗਾਇਆ ਕਿ ਓਵੈਸੀ ਨੇ ਝੂਠ ਬੋਲਿਆ ਹੈ।
ਓਵੈਸੀ ਨੇ ਅਦਾਲਤ ਦੀ ਟਿੱਪਣੀ ਪੜ੍ਹੀ, ਜਿਸ ਵਿਚ ਮਸਜਿਦ ਨੂੰ ਢਾਹੇ ਜਾਣ ਦਾ ਜ਼ਿਕਰ ਹੈ। ਇਸ ਤੋਂ ਬਾਅਦ ਓਵੈਸੀ ਨੇ ਕਿਹਾ, 'ਹੁਣ ਤੁਸੀਂ ਦੱਸੋ ਕਿ ਅਸੀਂ ਝੂਠ ਬੋਲਿਆ। ਇਸ ਮੁੱਦੇ 'ਤੇ ਸਮਾਜਵਾਦੀ ਪਾਰਟੀ ਜਾਂ ਕਾਂਗਰਸ ਨੇ ਕੁਝ ਨਹੀਂ ਕਿਹਾ। ਉਹਨਾਂ ਨੂੰ ਸਿਰਫ਼ ਤੁਹਾਡੀ ਵੋਟ ਦੀ ਪਰਵਾਹ ਹੈ। ਉਨ੍ਹਾਂ ਦਾ ਮਸਜਿਦ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਮੁਸਲਮਾਨਾਂ ਦੇ ਬੱਚਿਆਂ ਦੇ ਸਕੂਲਾਂ, ਉਨ੍ਹਾਂ ਦੀ ਪੜ੍ਹਾਈ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਉਹ ਸਿਰਫ਼਼ ਮੁਸਲਮਾਨਾਂ ਦੀਆਂ ਵੋਟਾਂ ਚਾਹੁੰਦੇ ਹਨ।
ਦੱਸ ਦਈਏ ਕਿ ਪਿਛਲੇ ਮਹੀਨੇ ਓਵੈਸੀ ਨੇ ਬਾਰਾਬੰਕੀ ਵਿਚ ਇੱਕ ਰੈਲੀ ਨੂੰ ਸੰਬੋਧਿਤ ਕੀਤਾ ਸੀ, ਜਿਸ ਵਿਚ ਉਨ੍ਹਾਂ ਨੇ ਪੀਐਮ ਯੋਗੀ ਅਤੇ ਸੀਐਮ ਯੋਗੀ ਉੱਤੇ ਨਿਸ਼ਾਨਾ ਸਾਧਿਆ ਸੀ। ਇਸ ਦੌਰਾਨ ਉਨ੍ਹਾਂ ਨੇ ਬਾਰਾਬੰਕੀ ਵਿਚ ਇੱਕ ਮਸਜਿਦ ਨੂੰ ਢਾਹੇ ਜਾਣ ਦਾ ਵੀ ਜ਼ਿਕਰ ਕੀਤਾ। ਜਿਸ ਤੋਂ ਬਾਅਦ ਯੂਪੀ ਪੁਲਿਸ ਨੇ ਉਹਨਾਂ ਦੇ ਖਿਲਾਫ਼ ਭੜਕਾਊ ਭਾਸ਼ਣ ਦੇਣ ਦਾ ਮਾਮਲਾ ਦਰਜ ਕੀਤਾ ਸੀ।