ਕ੍ਰਿਕਟਰ ਯੁਵਰਾਜ ਸਿੰਘ ਦੀਆਂ ਵਧੀਆਂ ਮੁਸ਼ਕਿਲਾਂ, ਨੋਟਿਸ ਹੋਇਆ ਜਾਰੀ, ਲੱਗੇਗਾ ਭਾਰੀ ਜੁਰਮਾਨਾ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

8 ਦਸੰਬਰ ਨੂੰ ਪੇਸ਼ ਹੋਣ ਲਈ ਸੰਮਨ ਕੀਤਾ ਜਾਰੀ

Cricketer Yuvraj Singh

 

 ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਆਲਰਾਊਂਡਰ ਖਿਡਾਰੀ ਯੁਵਰਾਜ ਸਿੰਘ  ਲਈ ਮੁਸ਼ਕਿਲਾਂ ਖੜੀਆਂ ਹੋ ਗਈਆਂ ਹਨ। ਗੋਆ ਦੇ ਸੈਰ ਸਪਾਟਾ ਵਿਭਾਗ ਨੇ ਕ੍ਰਿਕਟਰ ਯੁਵਰਾਜ ਸਿੰਘ ਨੂੰ ਮੋਰਜਿਮ ਵਿੱਚ ਆਪਣੇ ਵਿਲਾ ਨੂੰ ਬਿਨਾਂ ਰਜਿਸਟ੍ਰੇਸ਼ਨ ਦੇ ‘ਹੋਮ ਸਟੇਅ’ ਵਜੋਂ ਚਲਾਉਣ ਲਈ ਨੋਟਿਸ ਜਾਰੀ ਕਰ ਕੇ 8 ਦਸੰਬਰ ਨੂੰ ਸੁਣਵਾਈ ਲਈ ਤਲਬ ਕੀਤਾ ਹੈ। ਗੋਆ ਟੂਰਿਜ਼ਮ ਬਿਜ਼ਨਸ ਐਕਟ, 1982 ਤਹਿਤ ਰਜਿਸਟ੍ਰੇਸ਼ਨ ਤੋਂ ਬਾਅਦ ਹੀ ਸੂਬੇ ਵਿੱਚ ‘ਹੋਮ ਸਟੇਅ’ ਚਲਾਇਆ ਜਾ ਸਕਦਾ ਹੈ।

ਰਾਜ ਦੇ ਸੈਰ-ਸਪਾਟਾ ਵਿਭਾਗ ਦੇ ਡਿਪਟੀ ਡਾਇਰੈਕਟਰ ਰਾਜੇਸ਼ ਕਾਲੇ ਨੇ 18 ਨਵੰਬਰ ਨੂੰ ਉੱਤਰੀ ਗੋਆ ਦੇ ਮੋਰਜਿਮ ਵਿੱਚ ਸਥਿਤ ਕ੍ਰਿਕਟਰ ਦੀ ਮਲਕੀਅਤ ਵਾਲੇ ਵਿਲਾ 'ਕਾਸਾ ਸਿੰਘ' ਦੇ ਪਤੇ 'ਤੇ ਜਾਰੀ ਕੀਤੇ ਗਏ ਨੋਟਿਸ ਵਿੱਚ ਸਾਬਕਾ ਆਲਰਾਊਂਡਰ ਨੂੰ 8 ਦਸੰਬਰ ਨੂੰ ਸਵੇਰੇ 11 ਵਜੇ ਨਿੱਜੀ ਸੁਣਵਾਈ ਲਈ ਉਨ੍ਹਾਂ ਦੇ ਸਾਹਮਣੇ ਪੇਸ਼ ਹੋਣ ਦਾ ਹੁਕਮ ਦਿੱਤਾ।

ਨੋਟਿਸ ‘ਚ 40 ਸਾਲਾ ਕ੍ਰਿਕਟਰ ਤੋਂ ਪੁੱਛਿਆ ਗਿਆ ਹੈ ਕਿ ਸੈਰ-ਸਪਾਟਾ ਵਪਾਰ ਕਾਨੂੰਨ ਦੇ ਤਹਿਤ ਜਾਇਦਾਦ ਨੂੰ ਰਜਿਸਟਰ ਨਾ ਕਰਨ ‘ਤੇ ਉਸ ਖਿਲਾਫ ਦੰਡਕਾਰੀ ਕਾਰਵਾਈ (ਇੱਕ ਲੱਖ ਰੁਪਏ ਤੱਕ ਦਾ ਜੁਰਮਾਨਾ) ਕਿਉਂ ਨਾ ਸ਼ੁਰੂ ਕੀਤੀ ਜਾਵੇ। ਨੋਟਿਸ ਵਿੱਚ ਕਿਹਾ ਗਿਆ ਹੈ, “ਇਹ ਅੰਡਰਸਾਈਨਡ ਦੇ ਨੋਟਿਸ ਵਿੱਚ ਆਇਆ ਹੈ ਕਿ ਵਰਚੇਵਾੜਾ, ਮੋਰਜਿਮ, ਪਰਨੇਮ, ਗੋਆ ਵਿੱਚ ਸਥਿਤ ਤੁਹਾਡੇ ਰਿਹਾਇਸ਼ੀ ਅਹਾਤੇ ਕਥਿਤ ਤੌਰ ‘ਤੇ ਹੋਮਸਟੇ ਵਜੋਂ ਕੰਮ ਕਰ ਰਹੇ ਹਨ ਅਤੇ ‘ਏਅਰਬੀਐੱਨਬੀ’ ਵਰਗੇ ਆਨਲਾਈਨ ਪਲੇਟਫਾਰਮਾਂ ‘ਤੇ ਬੁਕਿੰਗ ਲਈ ਉਪਲਬਧ ਹਨ।”