ਕੀ ਐਨਆਰਸੀ ਦੇ ਮੁੱਦੇ ਤੋਂ ਪਿੱਛੇ ਹੱਟ ਰਹੀ ਹੈ ਸਰਕਾਰ? PM ਮੋਦੀ ਦੇ ਭਾਸ਼ਣ ਤੋਂ ਮਿਲੇ ਸੰਕੇਤ
ਵਿਰੋਧੀ ਪਾਰਟੀਆਂ ਐਨਆਰਸੀ ਅਤੇ ਸੀਏਏ ਵਿਰੁੱਧ ਕਰ ਰਹੀਆਂ ਹਨ ਪ੍ਰਦਰਸ਼ਨ
ਨਵੀਂ ਦਿੱਲੀ : ਐਨਆਰਸੀ ਨੂੰ ਦੇਸ਼ ਭਰ ਵਿਚ ਲਾਗੂ ਕਰਨ ਦੇ ਇਰਾਦੇ ਨੂੰ ਫਿਲਹਾਲ ਮੋਦੀ ਸਰਕਾਰ ਨੇ ਠੰਡੇ ਬਸਤੇ ਵਿਚ ਪਾ ਦਿੱਤਾ ਹੈ। ਪ੍ਰਧਾਨਮੰਤਰੀ ਮੋਦੀ ਨੇ ਬੀਤੇ ਦਿਨ ਐਤਵਾਰ ਨੂੰ ਰਾਮਲੀਲਾ ਮੈਦਾਨ ਵਿਚ ਕੀਤੀ ਧੰਨਵਾਦ ਰੈਲੀ 'ਚ ਐਨਆਰਸੀ 'ਤੇ ਜਿੰਨੀ ਵੀ ਗੱਲਾ ਰੱਖੀਆਂ ਉਨ੍ਹਾਂ ਤੋਂ ਸੰਕੇਤ ਇਹ ਮਿਲਦਾ ਹੈ ਕਿ ਮੋਦੀ ਸਰਕਾਰ ਨੇ ਐਨਆਰਸੀ ਦੇ ਮੁੱਦੇ 'ਤੇ ਫਿਲਹਾਲ ਕਦਮ ਪਿੱਛੇ ਖਿੱਚ ਲਏ ਹਨ।
ਭਾਜਪਾ ਨੇ ਆਪਣੇ ਲੋਕ ਸਭਾ ਚੋਣਾਂ ਦੇ ਘੋਸਣਾ ਪੱਤਰ ਵਿਚ ਐਨਆਰਸੀ ਨੂੰ ਪੂਰੇ ਦੇਸ਼ ਵਿਚ ਲਾਗੂ ਕਰਨ ਦਾ ਵਾਅਦਾ ਕੀਤਾ ਸੀ। ਭਾਜਪਾ ਪ੍ਰਧਾਨ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਪਾਰਟੀ ਅਤੇ ਸਰਕਾਰ ਦੇ ਹਰ ਵੱਡੇ ਚਹਿਰੇ ਨੇ ਇਸ ਦਾ ਜ਼ਿਕਰ ਕੀਤਾ ਹੈ। ਉਸ 'ਤੇ ਕੱਲ੍ਹ ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਰੈਲੀ ਵਿਚ ਸਫ਼ਾਈ ਦਿੰਦੇ ਹੋਏ ਕਿਹਾ ਕਿ ਸਾਲ 2014 ਤੋਂ ਹੀ ਐਨਆਰਸੀ ਸ਼ਬਦ 'ਤੇ ਕੋਈ ਚਰਚਾ ਨਹੀਂ ਹੋਈ ਹੈ। ਕੋਈ ਗੱਲ ਨਹੀਂ ਹੋਈ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ''ਐਨਆਰਸੀ 'ਤੇ ਝੂਠ ਫੈਲਾਇਆ ਜਾ ਰਿਹਾ ਹੈ ਇਹ ਕਾਂਗਰਸ ਦੇ ਸਮੇਂ ਵਿਚ ਬਣਿਆ ਸੀ ਉਦੋਂ ਸੋਏ ਸਨ ਕੀ ? ਅਸੀ ਤਾਂ ਬਣਾਇਆ ਨਹੀਂ ਸੰਸਦ ਵਿਚ ਆਇਆ ਨਹੀਂ ਨਾਂ ਕੈਬੀਨੇਟ ਵਿਚ ਆਇਆ ਹੈ ਨਾਂ ਉਸ ਦੇ ਕੋਈ ਨਿਯਮ ਬਣੇ ਹਨ। ਹਊਆ ਖੜ੍ਹਾ ਕੀਤਾ ਜਾ ਰਿਹਾ ਹੈ ਅਤੇ ਮੈ ਪਹਿਲਾਂ ਹੀ ਦੱਸਿਆ ਇਸ ਸ਼ੈਸਨ ਵਿਚ ਤੁਹਾਨੂੰ ਜਮੀਨ ਅਤੇ ਘਰ ਦਾ ਅਧਿਕਾਰ ਦੇ ਰਹੇ ਹਾਂ ਕੋਈ ਧਰਮ-ਜਾਤੀ ਨਹੀਂ ਪੁੱਛਦੇ ਹਾਂ ਅਜਿਹੇ ਵਿਚ ਅਸੀ ਕੋਈ ਦੂਜਾ ਕਾਨੂੰਨ ਤੁਹਾਨੂੰ ਕੱਢਣ ਦੇ ਲਈ ਕੀ ਕਰਾਂਗੇ? ਬੱਚਿਆ ਵਰਗੀ ਗੱਲਾ ਕਰਦੇ ਹੋ''।
ਕਾਂਗਰਸ 'ਤੇ ਅਫਵਾਹ ਫੈਲਾਉਣ ਦਾ ਆਰੋਪ ਲਗਾਉਂਦੇ ਹੋਏ ਪ੍ਰਧਾਨਮੰਤਰੀ ਮੋਦੀ ਨੇ ਕਿਹਾ ''ਕਾਂਗਰਸ ਚੀਖ-ਚੀਖ ਕੇ ਕਹਿ ਰਹੀ ਹੈ ਕਿ ਕਾਂ ਕੰਨ ਕੱਟ ਕੇ ਉੱਡੇ ਗਿਆ ਅਤੇ ਲੋਕ ਕਾਂ ਨੂੰ ਦੇਖਣ ਲੱਗੇ। ਪਹਿਲਾਂ ਆਪਣੇ ਕੰਨ ਤਾਂ ਦੇਖ ਲਓ ਕਿ ਕਾਂ ਨੇ ਕੰਨ ਕੱਟਿਆ ਕਿ ਨਹੀਂ। ਪਹਿਲਾਂ ਇਹ ਦੇਖ ਲੈਵੋ ਐਨਆਰਸੀ ਦੇ ਉੱਪਰ ਕੁੱਝ ਹੋਇਆ ਜਾਂ ਨਹੀਂ ਝੂਠ ਫੈਲਾਏ ਜਾ ਰਹੇ ਹਨ। ਮੇਰੀ ਸਰਕਾਰ ਆਉਣ ਤੋਂ ਬਾਅਦ ਸਾਲ 2014 ਤੋਂ ਹੀ ਐਨਆਰਸੀ ਸ਼ਬਦ 'ਤੇ ਕੋਈ ਚਰਚਾ ਨਹੀਂ ਹੋਈ ਹੈ। ਸਿਰਫ਼ ਸੁਪਰੀਮ ਕੋਰਟ ਦੇ ਕਹਿਣ 'ਤੇ ਇਹ ਅਸਮ ਦੇ ਲਈ ਕਰਨਾ ਪਿਆ । ਕੀ ਗੱਲ ਕਰ ਰਹੇ ਹੋ''?
ਦੱਸ ਦਈਏ ਕਿ ਨਾਗਰਿਕਤਾ ਸੋਧ ਕਾਨੂੰਨ' ਤੇ ਦੇਸ਼ ਭਰ ਵਿਚ ਪ੍ਰਦਰਸ਼ਨ ਹੋ ਰਹੇ ਹਨ ਕਾਂਗਰਸ ਸਮੇਤ ਵਿਰੋਧੀ ਦਲ ਲਗਾਤਾਰ ਸੜਕ 'ਤੇ ਉੱਤਰ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਇੰਨਾ ਹੀ ਨਹੀਂ ਨਾਗਰਿਕਤਾ ਕਾਨੂੰਨ 'ਤੇ ਮੋਦੀ ਸਰਕਾਰ ਦੇ ਨਾਲ ਮੋਢੇ ਨਾਲ ਮੋਢੇ ਜੋੜ ਕੇ ਖੜੇ ਰਹਿਣ ਵਾਲੇ ਰਾਜਨੀਤਿਕ ਦਲਾਂ ਨੇ ਵੀ ਐਨਆਰਸੀ ਤੋਂ ਆਪਣੇ ਕਦਮ ਪਿੱਛੇ ਖਿਚ ਲਏ ਹਨ।