ਸਿੱਕਮ 'ਚ ਰਾਜਸਥਾਨ ਦੇ 3 ਜਵਾਨ ਸ਼ਹੀਦ, ਜੈਸਲਮੇਰ ਦੇ ਗੁਮਾਨ ਸਿੰਘ 5 ਦਿਨ ਪਹਿਲਾਂ ਹੀ ਡਿਊਟੀ 'ਤੇ ਪਰਤੇ ਸਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਿੱਕਮ ਦੇ ਜੇਮਾ 'ਚ ਸ਼ੁੱਕਰਵਾਰ ਨੂੰ ਫੌਜ ਦਾ ਇਕ ਟਰੱਕ ਖੱਡ 'ਚ ਡਿੱਗ ਗਿਆ, ਜਿਸ ਕਾਰਨ 16 ਜਵਾਨਾਂ ਦੀ ਮੌਤ ਹੋ ਗਈ।

Subedar Guman Singh Solanki

 

ਜੈਸਲਮੇਰ - ਸਿੱਕਮ ਦੇ ਜੇਮਾ 'ਚ ਸ਼ੁੱਕਰਵਾਰ ਨੂੰ ਫੌਜ ਦਾ ਇਕ ਟਰੱਕ ਖੱਡ 'ਚ ਡਿੱਗ ਗਿਆ, ਜਿਸ ਕਾਰਨ 16 ਜਵਾਨਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਰਾਜਸਥਾਨ ਦੇ ਤਿੰਨ ਜਵਾਨ ਵੀ ਸ਼ਾਮਲ ਹਨ। ਤਿੰਨੋਂ ਜਵਾਨ ਜੋਧਪੁਰ, ਜੈਸਲਮੇਰ ਅਤੇ ਝੁੰਝਨੂ ਦੇ ਰਹਿਣ ਵਾਲੇ ਸਨ। ਇਸ ਹਾਦਸੇ 'ਚ ਚਾਰ ਜਵਾਨ ਜ਼ਖਮੀ ਵੀ ਹੋ ਗਏ ਹਨ। ਜਾਣਕਾਰੀ ਮੁਤਾਬਕ ਟਰੱਕ ਦੇ ਨਾਲ ਫੌਜ ਦੀਆਂ ਦੋ ਹੋਰ ਵੈਨਾਂ ਵੀ ਸਨ। ਤਿੰਨੋਂ ਗੱਡੀਆਂ ਸ਼ੁੱਕਰਵਾਰ ਸਵੇਰੇ ਚਟਾਨ ਤੋਂ ਥੰਗੂ ਲਈ ਰਵਾਨਾ ਹੋਈਆਂ। ਰਸਤੇ ਵਿੱਚ ਇੱਕ ਮੋੜ ’ਤੇ ਟਰੱਕ ਫਿਸਲ ਕੇ ਟੋਏ ਵਿਚ ਜਾ ਡਿੱਗਿਆ। ਇਸ ਹਾਦਸੇ 'ਚ ਰਾਜਸਥਾਨ ਦੇ 3 ਜਵਾਨ ਸ਼ਹੀਦ ਹੋ ਗਏ ਹਨ। ਜਿਸ ਵਿਚ ਜੈਸਲਮੇਰ ਦੇ ਪਿੰਡ ਜੋਗਾ ਦੇ ਰਹਿਣ ਵਾਲੇ ਸੂਬੇਦਾਰ ਗੁਮਾਨ ਸਿੰਘ ਸੋਲੰਕੀ, ਜੋਧਪੁਰ ਦੇ ਸੁਖਰਾਮ ਅਤੇ ਝੁੰਝਨੂ ਦੇ ਮਨੋਜ ਕੁਮਾਰ ਹਨ।

ਜੈਸਲਮੇਰ ਦੇ ਪਿੰਡ ਜੋਗਾ ਦਾ ਰਹਿਣ ਵਾਲਾ ਸੂਬੇਦਾਰ ਗੁਮਾਨ ਸਿੰਘ ਸੋਲੰਕੀ ਪੰਜ ਦਿਨ ਪਹਿਲਾਂ ਛੁੱਟੀ ਲੈ ਕੇ ਸਿੱਕਮ ਗਿਆ ਸੀ। ਉਸ ਦੇ ਪਰਿਵਾਰ ਵਿਚ ਮਾਂ, ਪਤਨੀ ਅਤੇ 5 ਬੱਚੇ ਹਨ। ਕਿਸਾਨ ਪਿਤਾ ਦਾ ਪੁੱਤਰ ਗੁਮਾਨ ਸਿੰਘ 27 ਸਾਲ ਪਹਿਲਾਂ ਭਾਰਤੀ ਫੌਜ ਵਿਚ ਭਰਤੀ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਉਹ 10 ਮਹੀਨਿਆਂ ਬਾਅਦ ਹੀ ਫੌਜ ਤੋਂ ਰਿਟਾਇਰ ਹੋਣ ਵਾਲਾ ਸੀ। 

ਸੂਬੇਦਾਰ ਗੁਮਾਨ ਸਿੰਘ ਨੇ ਆਪਣੀ 27 ਸਾਲਾਂ ਦੀ ਸੇਵਾ ਵਿੱਚ ਸ੍ਰੀਨਗਰ ਅਤੇ ਲੇਹ ਲੱਦਾਖ ਸਮੇਤ ਭਾਰਤ ਵਿਚ ਕਈ ਥਾਵਾਂ ’ਤੇ ਸੇਵਾਵਾਂ ਨਿਭਾਈਆਂ ਹਨ। ਹਾਲ ਹੀ ਵਿਚ ਉਸ ਨੂੰ ਆਂਧਰਾ ਪ੍ਰਦੇਸ਼ ਤੋਂ ਸਿੱਕਮ ਭੇਜਿਆ ਗਿਆ ਸੀ। ਸਿੱਕਮ ਜਾਣ ਤੋਂ ਪਹਿਲਾਂ ਉਹ 7 ਦਿਨਾਂ ਲਈ ਆਪਣੇ ਪਰਿਵਾਰ ਨੂੰ ਮਿਲਣ ਜੈਸਲਮੇਰ ਆਏ ਸਨ। ਉਹ 5 ਦਿਨ ਪਹਿਲਾਂ ਆਪਣੇ ਪਰਿਵਾਰ ਨਾਲ ਸਮਾਂ  ਬਿਤਾਉਣ ਤੋਂ ਬਾਅਦ ਸਿੱਕਮ ਗਿਆ ਸੀ।

ਗੁਮਾਨ ਸਿੰਘ ਦੇ 5 ਬੱਚੇ ਹਨ, 3 ਲੜਕੀਆਂ ਅਤੇ 2 ਲੜਕੇ। ਗੁਮਾਨ ਸਿੰਘ ਦੇ ਦੋ ਵੱਡੇ ਭਰਾ ਵੀ ਹਨ। ਇੱਕ ਵੱਡਾ ਭਰਾ ਅਮਰ ਸਿੰਘ ਫੌਜ ਵਿਚੋਂ ਸੇਵਾਮੁਕਤ ਹੈ। ਉਸ ਦੇ ਦੇਹਾਂਤ ਦੀ ਖ਼ਬਰ ਮਿਲਦਿਆਂ ਹੀ ਉਨ੍ਹਾਂ ਦੇ ਪਿੰਡ ਜੋਗਾ ਸਮੇਤ ਪੂਰੇ ਜ਼ਿਲ੍ਹੇ ਵਿੱਚ ਸੋਗ ਦੀ ਲਹਿਰ ਹੈ।