ਤੈਅ ਸਮੇਂ ਤੋਂ ਛੇ ਦਿਨ ਪਹਿਲਾਂ ਖਤਮ ਹੋਇਆ ਸੰਸਦ ਦਾ ਸਰਦ ਰੁੱਤ ਇਜਲਾਸ
7 ਦਸੰਬਰ ਨੂੰ ਸ਼ੁਰੂ ਹੋਏ ਇਸ ਸੈਸ਼ਨ ਦੀ ਮਿਆਦ 29 ਦਸੰਬਰ ਤੱਕ ਤੈਅ ਕੀਤੀ ਗਈ ਸੀ
ਨਵੀਂ ਦਿੱਲੀ: ਸੰਸਦ ਦਾ ਸਰਦ ਰੁੱਤ ਇਜਲਾਸ ਤੈਅ ਸਮੇਂ ਤੋਂ ਛੇ ਦਿਨ ਪਹਿਲਾਂ ਹੀ ਖਤਮ ਕਰ ਦਿੱਤਾ ਗਿਆ। ਸ਼ੁੱਕਰਵਾਰ ਨੂੰ ਰਾਜ ਸਭਾ ਅਤੇ ਲੋਕ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ। 7 ਦਸੰਬਰ ਨੂੰ ਸ਼ੁਰੂ ਹੋਏ ਇਸ ਸੈਸ਼ਨ ਦੀ ਮਿਆਦ 29 ਦਸੰਬਰ ਤੱਕ ਤੈਅ ਕੀਤੀ ਗਈ ਸੀ ਪਰ ਇਹ ਤੈਅ ਸਮੇਂ ਤੋਂ ਪਹਿਲਾਂ ਹੀ ਖਤਮ ਕਰ ਦਿੱਤਾ ਗਿਆ। ਦਰਅਸਲ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਸਥਿਤ ਯਾਂਗਤਸੇ 'ਚ ਚੀਨੀ ਫੌਜ ਨਾਲ ਹੋਏ ਸੰਘਰਸ਼ 'ਤੇ ਚਰਚਾ ਦੀ ਮੰਗ 'ਤੇ ਵਿਰੋਧੀ ਧਿਰ ਅੜੀ ਰਹੀ।
ਇਸ ਨੂੰ ਲੈ ਕੇ ਉਪਰਲੇ ਸਦਨ ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਨੇ ਵੀਰਵਾਰ ਨੂੰ ਹੰਗਾਮਾ ਕੀਤਾ ਸੀ। ਇਸ ਦੇ ਨਾਲ ਹੀ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਅੱਜ ਲੋਕ ਸਭਾ ਵਿਚ ਮੁਲਤਵੀ ਮਤੇ ਦਾ ਨੋਟਿਸ ਦਿੱਤਾ ਸੀ। ਤਿਵਾੜੀ ਨੇ ਅਸਲ ਕੰਟਰੋਲ ਰੇਖਾ (LAC) 'ਤੇ ਤਣਾਅ ਦੀ ਸਥਿਤੀ 'ਤੇ ਚੀਨ ਨਾਲ ਗੱਲਬਾਤ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਮੂਲ ਕਾਰਜਕ੍ਰਮ ਮੁਤਾਬਕ ਸੰਸਦ ਦਾ ਸਰਦ ਰੁੱਤ ਸੈਸ਼ਨ 7 ਦਸੰਬਰ ਤੋਂ ਸ਼ੁਰੂ ਹੋ ਕੇ 29 ਦਸੰਬਰ ਤੱਕ ਚੱਲਣਾ ਸੀ ਪਰ ਕ੍ਰਿਸਮਿਸ ਕਾਰਨ ਕਈ ਮੈਂਬਰਾਂ ਨੇ ਸੈਸ਼ਨ ਨੂੰ ਜਲਦੀ ਮੁਲਤਵੀ ਕਰਨ ਦੀ ਅਪੀਲ ਕੀਤੀ ਸੀ।
ਲੋਕ ਸਭਾ ਦੀ ਕਾਰਜ ਉਤਪਾਦਕਤਾ 97 ਫੀਸਦ ਰਹੀ
ਸੰਸਦ ਦੇ ਸਰਦ ਰੁੱਤ ਇਜਲਾਸ ਦੌਰਾਨ ਲੋਕ ਸਭਾ ਦੀ ਉਤਪਾਦਕਤਾ 97 ਫੀਸਦ ਰਹੀ ਅਤੇ 13 ਬੈਠਕਾਂ ਵਿਚ 68 ਘੰਟੇ 42 ਮਿੰਟ ਕੰਮ ਹੋਇਆ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਹੇਠਲੇ ਸਦਨ ਵਿਚ ਕਿਹਾ ਕਿ 17ਵੀਂ ਲੋਕਸਭਾ ਦਾ 10ਵਾਂ ਸੈਸ਼ਨ ਸਮਾਪਤ ਹੋ ਰਿਹਾ ਹੈ, ਜਿਸ ਦੀ ਸ਼ੁਰੂਆਤ 7 ਦਸੰਬਰ ਨੂੰ ਹੋਈ ਸੀ। ਉਹਨਾਂ ਦੱਸਿਆ ਕਿ ਸੈਸ਼ਨ ਵਿਚ ਨਵੇਂ ਚੁਣੇ ਗਏ ਮੈਂਬਰ ਵਜੋਂ ਸਮਾਜਵਾਦੀ ਪਾਰਟੀ ਦੀ ਡਿੰਪਲ ਯਾਦਵ ਨੇ ਸਹੁੰ ਚੁੱਕੀ।
ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਸੈਸ਼ਨ ਦੌਰਾਨ ਮਹੱਤਵਪੂਰਨ ਵਿੱਤੀ ਅਤੇ ਵਿਧਾਨਕ ਕੰਮਕਾਜ ਪੂਰਾ ਹੋ ਗਿਆ। ਇਸ ਦੌਰਾਨ ਲੋਕ ਸਭਾ ਨੇ ਵਿੱਤੀ ਸਾਲ 2022-23 ਲਈ 3.25 ਲੱਖ ਕਰੋੜ ਰੁਪਏ ਦੀਆਂ ਗ੍ਰਾਂਟਾਂ ਲਈ ਪੂਰਕ ਮੰਗਾਂ ਅਤੇ 2019-20 ਲਈ ਗ੍ਰਾਂਟਾਂ ਲਈ ਵਾਧੂ ਮੰਗਾਂ ਨੂੰ ਮਨਜ਼ੂਰੀ ਦਿੱਤੀ। ਇਸ 'ਤੇ 10 ਘੰਟੇ 53 ਮਿੰਟ ਤੱਕ ਚਰਚਾ ਹੋਈ। ਸੈਸ਼ਨ ਦੌਰਾਨ 9 ਸਰਕਾਰੀ ਬਿੱਲ ਪੇਸ਼ ਕੀਤੇ ਗਏ ਅਤੇ ਸਦਨ ਵੱਲੋਂ ਸੱਤ ਬਿੱਲ ਪਾਸ ਕੀਤੇ ਗਏ। ਇਸ ਤੋਂ ਇਲਾਵਾ ਮੈਂਬਰਾਂ ਨੇ ਸਿਫ਼ਰ ਕਾਲ ਦੌਰਾਨ ਜਨਤਕ ਮਹੱਤਵ ਦੇ 374 ਮੁੱਦੇ ਉਠਾਏ। ਇਸ ਦੇ ਨਾਲ ਹੀ ਨਿਯਮ 377 ਦੇ ਤਹਿਤ ਮੈਂਬਰਾਂ ਨੇ 298 ਮੁੱਦੇ ਉਠਾਏ। ਸੈਸ਼ਨ ਵਿਚ ਸਥਾਈ ਕਮੇਟੀਆਂ ਦੀਆਂ 36 ਰਿਪੋਰਟਾਂ ਰੱਖੀਆਂ ਗਈਆਂ ਅਤੇ ਮੰਤਰੀਆਂ ਨੇ ਅਹਿਮ ਵਿਸ਼ਿਆਂ ’ਤੇ 23 ਬਿਆਨ ਦਿੱਤੇ।
ਰਾਜ ਸਭਾ ਵਿਚ 64 ਘੰਟੇ 50 ਮਿੰਟ ਹੋਇਆ ਕੰਮਕਾਜ
ਰਾਜ ਸਭਾ ਦੇ ਸਰਦ ਰੁੱਤ ਸੈਸ਼ਨ ਦੀ ਬੈਠਕ ਸ਼ੁੱਕਰਵਾਰ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ, ਜਿਸ ਦੌਰਾਨ ਸਦਨ ਦਾ 102 ਫੀਸਦੀ ਕੰਮਕਾਜ ਹੋਇਆ। ਸਦਨ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਕਰਨ ਤੋਂ ਪਹਿਲਾਂ ਚੇਅਰਮੈਨ ਜਗਦੀਪ ਧਨਖੜ ਨੇ ਆਪਣੇ ਰਵਾਇਤੀ ਸੰਬੋਧਨ ਵਿਚ ਦੱਸਿਆ ਕਿ ਇਸ ਦੌਰਾਨ ਕੰਮਕਾਜ 63 ਘੰਟੇ 20 ਮਿੰਟ ਨਿਰਧਾਰਤ ਕੀਤਾ ਗਿਆ ਸੀ, ਜਦਕਿ ਕੰਮਕਾਜ 64 ਘੰਟੇ 50 ਮਿੰਟ ਤੱਕ ਚੱਲਿਆ। ਉਹਨਾਂ ਕਿਹਾ ਕਿ ਇਸ ਦੌਰਾਨ ਸਦਨ ਵਿਚ ਕਈ ਅਹਿਮ ਬਿੱਲਾਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਪਾਸ ਕੀਤੇ ਗਏ ਅਤੇ ਕਈ ਅਹਿਮ ਮੁੱਦਿਆਂ 'ਤੇ ਸਦਨ ਵਿਚ ਚਰਚਾ ਕੀਤੀ ਗਈ।