Congress Protest: ਕੇਰਲ ’ਚ ਕਾਂਗਰਸ ਦੇ ਮਾਰਚ ਦੌਰਾਨ ਹਿੰਸਾ, ਪੁਲਿਸ ਨੇ ਪਾਣੀ ਦੀਆਂ ਤੋਪਾਂ ਦੀ ਵਰਤੋਂ ਕੀਤੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੰਸਦ ਮੈਂਬਰ ਅਤੇ ਵਿਧਾਇਕ ਚੁਣੇ ਹੋਏ ਨੁਮਾਇੰਦਿਆਂ ’ਤੇ ਹੋਏ ਇਸ ਹਮਲੇ ਵਿਰੁਧ ਸਬੰਧਤ ਵਿਸ਼ੇਸ਼ ਅਧਿਕਾਰ ਕਮੇਟੀਆਂ ਕੋਲ ਜਾਣਗੇ।’’

Congress Protest

Congress Protest: ਕੇਰਲ ’ਚ ਵਿਰੋਧੀ ਧਿਰ ਕਾਂਗਰਸ ਨੇ ਸਨਿਚਰਵਾਰ ਨੂੰ ਪੁਲਿਸ ਡਾਇਰੈਕਟਰ ਜਨਰਲ ਦੇ ਦਫਤਰ ਵਲ ਮਾਰਚ ਕੀਤਾ। ਪ੍ਰਦਰਸ਼ਨਕਾਰੀਆਂ ਨੇ ਪੁਲਿਸ ਮੁਲਾਜ਼ਮਾਂ ’ਤੇ ਪੱਥਰ ਸੁੱਟੇ, ਜਿਨ੍ਹਾਂ ਨੇ ਭੀੜ ਨੂੰ ਖਿੰਡਾਉਣ ਲਈ ਪਾਣੀ ਦੀਆਂ ਤੋਪਾਂ ਦੀ ਵਰਤੋਂ ਕੀਤੀ। ਕੇਰਲ ਪ੍ਰਦੇਸ਼ ਕਾਂਗਰਸ ਕਮੇਟੀ (ਕੇ.ਪੀ.ਸੀ.ਸੀ.) ਨੇ ਖੱਬੇਪੱਖੀ ਸਰਕਾਰ ਦੇ ਆਊਟਰੀਚ ਪ੍ਰੋਗਰਾਮ ‘ਨਵ ਕੇਰਲ ਸਦਾਸ’ ਦੇ ਵਿਰੁਧ ਅੰਦੋਲਨ ਦੌਰਾਨ ਅਪਣੇ ਵਰਕਰਾਂ ’ਤੇ ਕਥਿਤ ਪੁਲਿਸ ਅਤਿਆਚਾਰਾਂ ਦੇ ਵਿਰੋਧ ’ਚ ਮਾਰਚ ਕਢਿਆ ਸੀ। 

ਜਦੋਂ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਅਤੇ ਪਾਣੀ ਦੀਆਂ ਤੋਪਾਂ ਦਾਗੀਆਂ ਉਸ ਸਮੇਂ ਕੇ.ਪੀ.ਸੀ.ਸੀ. ਮੁਖੀ ਕੇ. ਸੁਧਾਕਰਨ, ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਵੀ.ਡੀ. ਸਤੀਸ਼ਨ, ਸੀਨੀਅਰ ਨੇਤਾ ਰਮੇਸ਼ ਚੇਨੀਥਲਾ, ਤਿਰੂਵਨੰਤਪੁਰਮ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਸਮੇਤ ਸੀਨੀਅਰ ਨੇਤਾ ਡੀ.ਜੀ.ਪੀ. ਦਫ਼ਤਰ ਦੇ ਨੇੜੇ ਇਕ ਅਸਥਾਈ ਮੰਚ ’ਤੇ ਮੌਜੂਦ ਸਨ।

ਸੁਧਾਕਰਨ ਅਤੇ ਚੇਨੀਥਲਾ ਹੰਝੂ ਗੈਸ ਦੇ ਗੋਲਿਆਂ ਤੋਂ ਪ੍ਰਭਾਵਤ ਹੋਏ ਜਿਸ ਤੋਂ ਬਾਅਦ ਕਾਂਗਰਸੀ ਵਰਕਰ ਉਨ੍ਹਾਂ ਨੂੰ ਨੇੜੇ ਖੜੀ ਕਾਰ ਤਕ ਲੈ ਗਏ। ਦੋਹਾਂ  ਨੇਤਾਵਾਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਲਿਜਾਇਆ ਗਿਆ ਹੈ। ਹਸਪਤਾਲ ’ਚ ਮੀਡੀਆ ਨਾਲ ਗੱਲਬਾਤ ਕਰਦਿਆਂ ਸੁਧਾਕਰਨ ਨੇ ਪਾਰਟੀ ਨੇਤਾਵਾਂ ’ਤੇ ਹੋਏ ਹਮਲੇ ਨੂੰ ‘ਅਣਕਿਆਸਿਆ’ ਦਸਿਆ। 

ਉਨ੍ਹਾਂ ਕਿਹਾ, ‘‘ਅਸੀਂ ਸ਼ਾਂਤਮਈ ਢੰਗ ਨਾਲ ਵਿਰੋਧ ਪ੍ਰਦਰਸ਼ਨ ਕਰ ਰਹੇ ਸੀ। ਪੁਲਿਸ ’ਚ ਮੌਜੂਦ ਗੁੰਡਿਆਂ ਨੇ ਬਿਨਾਂ ਕਿਸੇ ਉਕਸਾਵੇ ਦੇ ਹਮਲਾ ਕਰ ਦਿਤਾ। ਇਸ ਦੌਰਾਨ ਸੀਨੀਅਰ ਆਗੂ ਵੀ ਮੌਜੂਦ ਸਨ।’’ ਸਤੀਸ਼ਨ ਨੇ ਪੁਲਿਸ ਦੀ ਆਲੋਚਨਾ ਕਰਦਿਆਂ ਕਿਹਾ ਕਿ ਕੇਰਲ ਦੇ ਇਤਿਹਾਸ ’ਚ ਪਹਿਲੀ ਵਾਰ ਨੇਤਾਵਾਂ ’ਤੇ ਇਸ ਤਰ੍ਹਾਂ ਦਾ ਹਮਲਾ ਹੋਇਆ ਹੈ। 

ਕਾਂਗਰਸ ਨੇਤਾ ਥਰੂਰ ਨੇ ਕਿਹਾ ਕਿ ਅੱਥਰੂ ਗੈਸ ਦਾ ਗੋਲਾ ਸਟੇਜ ਦੇ ਬਿਲਕੁਲ ਪਿੱਛੇ ਫਟਿਆ ਜਿੱਥੇ ਘੱਟੋ-ਘੱਟ ਛੇ ਸੰਸਦ ਮੈਂਬਰ ਅਤੇ ਪਾਰਟੀ ਦੇ ਕਈ ਵਿਧਾਇਕ ਮੌਜੂਦ ਸਨ। ਥਰੂਰ ਨੇ ਕਿਹਾ ਕਿ ਇਹ ਕਾਂਗਰਸ ਪਾਰਟੀ ’ਤੇ ਜਾਣਬੁਝ ਕੇ ਕੀਤਾ ਗਿਆ ਹਮਲਾ ਹੈ। ਉਨ੍ਹਾਂ ਕਿਹਾ, ‘‘ਅਸੀਂ ਜਾਣਨਾ ਚਾਹੁੰਦੇ ਹਾਂ ਕਿ ਕਿਸ ਦੇ ਹੁਕਮਾਂ ’ਤੇ ਪਾਰਟੀ ਨੇਤਾਵਾਂ ’ਤੇ ਹਮਲਾ ਕੀਤਾ ਗਿਆ। ਸਾਨੂੰ ਇਸ ਦੇਸ਼ ’ਚ ਵਿਰੋਧ ਕਰਨ ਦਾ ਅਧਿਕਾਰ ਹੈ। ਸੰਸਦ ਮੈਂਬਰ ਅਤੇ ਵਿਧਾਇਕ ਚੁਣੇ ਹੋਏ ਨੁਮਾਇੰਦਿਆਂ ’ਤੇ ਹੋਏ ਇਸ ਹਮਲੇ ਵਿਰੁਧ ਸਬੰਧਤ ਵਿਸ਼ੇਸ਼ ਅਧਿਕਾਰ ਕਮੇਟੀਆਂ ਕੋਲ ਜਾਣਗੇ।’’

ਚੇਨੀਥਲਾ ਨੇ ਕਿਹਾ ਕਿ ਪੁਲਿਸ ਨੇ ਬਿਨਾਂ ਕਿਸੇ ਕਾਰਨ ਦੇ ਹਮਲਾ ਕੀਤਾ ਅਤੇ ਨੇਤਾਵਾਂ ਨੇ ਸਾਹ ਲੈਣ ’ਚ ਮੁਸ਼ਕਲ ਦੀ ਸ਼ਿਕਾਇਤ ਕੀਤੀ। ਜਿਵੇਂ ਹੀ ਸੁਧਾਕਰਨ ਨੇ ਅਪਣਾ ਭਾਸ਼ਣ ਖਤਮ ਕੀਤਾ, ਪਾਰਟੀ ਮੈਂਬਰਾਂ ਨੇ ਡੀ.ਜੀ.ਪੀ. ਦਫ਼ਤਰ ਦੇ ਨੇੜੇ ਲਗਾਏ ਗਏ ਬੈਰੀਕੇਡਾਂ ’ਤੇ ਚੜ੍ਹਨਾ ਸ਼ੁਰੂ ਕਰ ਦਿਤਾ ਅਤੇ ਸੁਰੱਖਿਆ ਘੇਰਾ ਪਾਰ ਕਰਨ ਦੀ ਕੋਸ਼ਿਸ਼ ਕੀਤੀ। ਸਤੀਸ਼ਨ ਦੇ ਸੰਬੋਧਨ ਦੌਰਾਨ ਪਾਣੀ ਦੀਆਂ ਤੋਪਾਂ ਦੀ ਵਰਤੋਂ ਕੀਤੀ ਗਈ। ਇਸ ਤੋਂ ਬਾਅਦ ਬੈਠਕ ਹਫੜਾ-ਦਫੜੀ ਦੇ ਮਾਹੌਲ ’ਚ ਖਤਮ ਹੋਈ।

(For more news apart from Congress Protest, stay tuned to Rozana Spokesman)