Haryana News: ਹਰਿਆਣਾ ਦੇ ਹਿਸਾਰ ’ਚ ਇੱਟਾਂ ਦੇ ਭੱਠੇ ਦੀ ਕੰਧ ਡਿੱਗਣ ਕਾਰਨ 4 ਬੱਚਿਆਂ ਦੀ ਮੌਤ

ਏਜੰਸੀ

ਖ਼ਬਰਾਂ, ਰਾਸ਼ਟਰੀ

Haryana News: ਇਸ ਹਾਦਸੇ ਵਿਚ ਕੰਧ ਹੇਠਾਂ ਦਬੇ ਹੋਰ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ

4 children die after brick kiln wall collapses in Hisar, Haryana

 

Haryana News: ਹਿਸਾਰ ਜ਼ਿਲ੍ਹੇ ਦੇ ਨਾਰਨੌਂਦ ਇਲਾਕੇ ਦੇ ਪਿੰਡ ਬੁਡਾਨਾ ਵਿਚ ਐਤਵਾਰ ਰਾਤ ਕਰੀਬ 1 ਵਜੇ ਇੱਕ ਵੱਡਾ ਹਾਦਸਾ ਵਾਪਰਿਆ। ਇੱਟਾਂ ਦੇ ਭੱਠੇ ਦੇ ਨਾਲ ਲਗਦੀ ਕੰਧ ਡਿੱਗਣ ਕਾਰਨ ਕਰੀਬ 20 ਮਜ਼ਦੂਰ ਅਤੇ ਬੱਚੇ ਇੱਟਾਂ ਹੇਠਾਂ ਦਬ ਗਏ। ਹਾਦਸੇ ਵਿਚ ਚਾਰ ਬੱਚਿਆਂ ਦੀ ਮੌਤ ਹੋ ਗਈ।

ਮ੍ਰਿਤਕਾਂ 'ਚ 3 ਮਹੀਨੇ ਦੀ ਨਿਸ਼ਾ, 9 ਸਾਲਾ ਸੂਰਜ, 9 ਸਾਲਾ ਵਿਵੇਕ ਅਤੇ 5 ਸਾਲਾ ਨੰਦਿਨੀ ਸ਼ਾਮਲ ਹਨ। ਪੰਜ ਸਾਲਾ ਬੱਚੀ ਗੌਰੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। 
ਉਨ੍ਹਾਂ ਨੂੰ ਐਤਵਾਰ ਰਾਤ ਕਰੀਬ 2 ਵਜੇ ਹਿਸਾਰ ਦੇ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਸਾਰੇ ਲੋਕ ਉੱਤਰ ਪ੍ਰਦੇਸ਼ ਦੇ ਅੰਬੇਦਕਰ ਨਗਰ ਜ਼ਿਲ੍ਹੇ ਦੇ ਜਲਾਲਪੁਰ ਦੇ ਬਧਵ ਪਿੰਡ ਦੇ ਰਹਿਣ ਵਾਲੇ ਹਨ।

ਇਸ ਹਾਦਸੇ ਵਿਚ ਕੰਧ ਹੇਠਾਂ ਦਬੇ ਹੋਰ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਉਨ੍ਹਾਂ ਦਾ ਇਲਾਜ ਨਾਰਨੌਂਦ ਸਿਵਲ ਹਸਪਤਾਲ ਅਤੇ ਹਾਂਸੀ ਦੇ ਸਿਵਲ ਹਸਪਤਾਲ ਵਿਚ ਚਲ ਰਿਹਾ ਹੈ।

ਜਾਣਕਾਰੀ ਮੁਤਾਬਕ ਉੱਤਰ ਪ੍ਰਦੇਸ਼ ਦੇ ਕਈ ਮਜ਼ਦੂਰ ਪਰਿਵਾਰ ਨਾਰਨੌਂਦ ਸੈਕਸ਼ਨ ਦੇ ਬੁਢਾਨਾ ਪਿੰਡ 'ਚ ਭੱਠੇ 'ਤੇ ਕੰਮ ਕਰਦੇ ਹਨ। ਇਨ੍ਹੀਂ ਦਿਨੀਂ ਭੱਠੇ 'ਤੇ ਇੱਟਾਂ ਵਿਛਾਉਣ ਅਤੇ ਚਿਮਨੀ ਦੇ ਨੇੜੇ ਗਰੇਟ ਲਗਾਉਣ ਦਾ ਕੰਮ ਚਲ ਰਿਹਾ ਹੈ। 

ਮਜ਼ਦੂਰ ਓਮ ਪ੍ਰਕਾਸ਼ ਨੇ ਦਸਿਆ ਕਿ ਰਾਤ 12 ਵਜੇ ਦੇ ਕਰੀਬ 25 ਦੇ ਕਰੀਬ ਮਜ਼ਦੂਰ ਇੱਟਾਂ ਦੇ ਭੱਠੇ ’ਤੇ ਕੰਮ ਕਰ ਰਹੇ ਸਨ। ਸਾਰੇ ਬੱਚੇ ਭੱਠੇ ਕੋਲ ਕੰਧ ਨਾਲ ਸੁੱਤੇ ਹੋਏ ਸਨ। ਇਹ ਪੱਕੀਆਂ ਇੱਟਾਂ ਦੀ ਕੰਧ ਸੀ ਜੋ ਬੱਚਿਆਂ 'ਤੇ ਡਿੱਗ ਪਈ।

ਤਿੰਨ ਬੱਚਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਤਿੰਨ ਜ਼ਖ਼ਮੀ ਬੱਚਿਆਂ ਨੂੰ ਇੱਟਾਂ ਦੇ ਹੇਠਾਂ ਤੋਂ ਬਾਹਰ ਕੱਢ ਕੇ ਪਹਿਲਾਂ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ। ਉਥੇ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਹਿਸਾਰ ਦੇ ਸਿਵਲ ਹਸਪਤਾਲ ਰੈਫ਼ਰ ਕਰ ਦਿਤਾ ਗਿਆ। ਹਿਸਾਰ ਲਿਜਾਂਦੇ ਸਮੇਂ 3 ਮਹੀਨੇ ਦੀ ਨਿਸ਼ਾ ਦੀ ਵੀ ਰਸਤੇ ਵਿਚ ਹੀ ਮੌਤ ਹੋ ਗਈ।