ਸਮਾਜ ’ਚ ਹਿੰਸਾ ਦੀਆਂ ਘਟਨਾਵਾਂ ਨਾਲ ਦਿਲ ਦੁਖਦੈ, ਅਜਿਹੀਆਂ ਚੁਨੌਤੀਆਂ ਨਾਲ ਲੜਨ ਲਈ ਇਕੱਠੇ ਹੋਵੋ : ਪ੍ਰਧਾਨ ਮੰਤਰੀ ਮੋਦੀ
ਪਹਿਲਾ ਮੌਕਾ ਹੈ ਜਦੋਂ ਦੇਸ਼ ਦੇ ਕਿਸੇ ਪ੍ਰਧਾਨ ਮੰਤਰੀ ਨੇ ਭਾਰਤ ’ਚ ਕੈਥੋਲਿਕ ਚਰਚ ਦੇ ਹੈੱਡਕੁਆਰਟਰ ’ਚ ਇਸ ਤਰ੍ਹਾਂ ਦੇ ਪ੍ਰੋਗਰਾਮ ’ਚ ਹਿੱਸਾ ਲਿਆ : ਪ੍ਰਧਾਨ ਮੰਤਰੀ ਦਫ਼ਤਰ
ਨਵੀਂ ਦਿੱਲੀ : ਕ੍ਰਿਸਮਸ ਦੇ ਤਿਉਹਾਰ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਯਿਸੂ ਮਸੀਹ ਦੀਆਂ ਸਿੱਖਿਆਵਾਂ ’ਤੇ ਚਾਨਣਾ ਪਾਇਆ ਕੀਤਾ ਅਤੇ ਦੇਸ਼ ਵਾਸੀਆਂ ਨੂੰ ਭਾਈਚਾਰੇ ਦੀ ਭਾਵਨਾ ਮਜ਼ਬੂਤ ਕਰਨ ਦਾ ਸੱਦਾ ਦਿਤਾ। ਉਨ੍ਹਾਂ ਕਿਹਾ ਕਿ ਜਦੋਂ ਹਿੰਸਾ ਫੈਲਾਉਣ ਅਤੇ ਸਮਾਜ ਨੂੰ ਵਿਗਾੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ ਤਾਂ ਉਨ੍ਹਾਂ ਦਾ ਦਿਲ ਦੁਖਦਾ ਹੈ।
ਕੌਮੀ ਰਾਜਧਾਨੀ ਦੇ ਕੈਥੋਲਿਕ ਬਿਸ਼ਪਸ ਕਾਨਫਰੰਸ ਆਫ ਇੰਡੀਆ (ਸੀ.ਬੀ.ਸੀ.ਆਈ.) ਵਲੋਂ ਸੀ.ਬੀ.ਸੀ.ਆਈ. ਸੈਂਟਰ ਕੈਂਪਸ ’ਚ ਕਰਵਾਏ ਕ੍ਰਿਸਮਸ ਪ੍ਰੋਗਰਾਮ ’ਚ ਹਿੱਸਾ ਲੈਣ ਤੋਂ ਬਾਅਦ ਅਪਣੇ ਸੰਬੋਧਨ ’ਚ ਪ੍ਰਧਾਨ ਮੰਤਰੀ ਨੇ ਅਜਿਹੀਆਂ ਚੁਨੌਤੀਆਂ ਨਾਲ ਲੜਨ ਲਈ ਇਕੱਠੇ ਹੋਣ ਬਾਰੇ ਵੀ ਗੱਲ ਕੀਤੀ।
ਪ੍ਰਧਾਨ ਮੰਤਰੀ ਦਫ਼ਤਰ (ਪੀ.ਐੱਮ.ਓ.) ਮੁਤਾਬਕ ਇਹ ਪਹਿਲਾ ਮੌਕਾ ਹੈ ਜਦੋਂ ਦੇਸ਼ ਦੇ ਕਿਸੇ ਪ੍ਰਧਾਨ ਮੰਤਰੀ ਨੇ ਭਾਰਤ ’ਚ ਕੈਥੋਲਿਕ ਚਰਚ ਦੇ ਹੈੱਡਕੁਆਰਟਰ ’ਚ ਇਸ ਤਰ੍ਹਾਂ ਦੇ ਪ੍ਰੋਗਰਾਮ ’ਚ ਹਿੱਸਾ ਲਿਆ।
ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਦੇ ਭਵਿੱਖ ਲਈ ਹਰ ਕਿਸੇ ਦੀ ਅਹਿਮ ਭੂਮਿਕਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, ‘‘ਪ੍ਰਭੂ ਯਿਸੂ ਮਸੀਹ ਦੀਆਂ ਸਿੱਖਿਆਵਾਂ ਪਿਆਰ, ਸਦਭਾਵਨਾ ਅਤੇ ਭਾਈਚਾਰੇ ਦਾ ਜਸ਼ਨ ਮਨਾਉਂਦੀਆਂ ਹਨ। ਇਹ ਮਹੱਤਵਪੂਰਨ ਹੈ ਕਿ ਅਸੀਂ ਸਾਰੇ ਇਸ ਭਾਵਨਾ ਨੂੰ ਮਜ਼ਬੂਤ ਕਰਨ ਲਈ ਕੰਮ ਕਰੀਏ।’’
ਜਰਮਨੀ ਦੇ ਕ੍ਰਿਸਮਸ ਬਾਜ਼ਾਰ ’ਚ ਹਾਲ ਹੀ ’ਚ ਵਾਪਰੀ ਇਕ ਘਟਨਾ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ, ‘‘ਜਦੋਂ ਹਿੰਸਾ ਫੈਲਾਉਣ ਅਤੇ ਸਮਾਜ ’ਚ ਵਿਘਨ ਪਾਉਣ ਦੀਆਂ ਕੋਸ਼ਿਸ਼ਾਂ ਹੁੰਦੀਆਂ ਹਨ ਤਾਂ ਮੇਰੇ ਦਿਲ ਨੂੰ ਦੁੱਖ ਹੁੰਦਾ ਹੈ। ਇਹ ਜ਼ਰੂਰੀ ਹੈ ਕਿ ਅਸੀਂ ਅਜਿਹੀਆਂ ਚੁਨੌਤੀ ਆਂ ਨਾਲ ਲੜਨ ਲਈ ਇਕੱਠੇ ਹੋਈਏ।’’
ਕੁੱਝ ਦਿਨ ਪਹਿਲਾਂ ਜਰਮਨੀ ’ਚ ਇਕ ਵੱਡੀ ਘਟਨਾ ਵੇਖਣ ਨੂੰ ਮਿਲੀ ਸੀ, ਜਦੋਂ ਮੈਗਡੇਬਰਗ ਦੇ ਕ੍ਰਿਸਮਸ ਬਾਜ਼ਾਰ ’ਚ ਇਕ ਕਾਰ ਨੇ ਦਾਖਲ ਹੋ ਕੇ ਲੋਕਾਂ ਨੂੰ ਕੁਚਲ ਦਿਤਾ ਸੀ। ਇਸ ਹਾਦਸੇ ’ਚ ਬੱਚਿਆਂ ਸਮੇਤ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ 60 ਤੋਂ ਵੱਧ ਲੋਕ ਜ਼ਖਮੀ ਹੋ ਗਏ।
ਪ੍ਰਧਾਨ ਮੰਤਰੀ ਮੋਦੀ ਨੇ ਭਰੋਸਾ ਜ਼ਾਹਰ ਕੀਤਾ ਕਿ ਸਾਰਿਆਂ ਦੇ ਸਮੂਹਿਕ ਯਤਨਾਂ ਨਾਲ ਅਸੀਂ ਅਪਣੇ ਦੇਸ਼ ਨੂੰ ਅੱਗੇ ਲੈ ਕੇ ਜਾਵਾਂਗੇ। ਉਨ੍ਹਾਂ ਕਿਹਾ ਕਿ ਵਿਕਸਤ ਭਾਰਤ ਸਾਰਿਆਂ ਦਾ ਟੀਚਾ ਹੈ ਅਤੇ ਸਾਨੂੰ ਮਿਲ ਕੇ ਇਸ ਨੂੰ ਪ੍ਰਾਪਤ ਕਰਨਾ ਹੈ।
ਅਪਣੇ ਸੰਬੋਧਨ ’ਚ ਪ੍ਰਧਾਨ ਮੰਤਰੀ ਨੇ ਪੋਪ ਫਰਾਂਸਿਸ ਵਲੋਂ ਕਾਰਡੀਨਲ ਜਾਰਜ ਕਵਾਡ ਨੂੰ ਕਾਰਡੀਨਲ ਦਾ ਖਿਤਾਬ ਦਿਤੇ ਜਾਣ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਜਦੋਂ ਭਾਰਤ ਦਾ ਇਕ ਪੁੱਤਰ ਸਫਲਤਾ ਦੀ ਇਸ ਉਚਾਈ ’ਤੇ ਪਹੁੰਚਦਾ ਹੈ ਤਾਂ ਪੂਰੇ ਦੇਸ਼ ਨੂੰ ਮਾਣ ਹੋਣਾ ਸੁਭਾਵਕ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ ਇਸ ਸਮਾਰੋਹ ’ਚ ਕੇਂਦਰੀ ਮੰਤਰੀ ਜਾਰਜ ਕੁਰੀਅਨ ਦੀ ਅਗਵਾਈ ’ਚ ਇਕ ਉੱਚ ਪੱਧਰੀ ਵਫ਼ਦ ਅਧਿਕਾਰਤ ਤੌਰ ’ਤੇ ਭੇਜਿਆ ਹੈ।