ਕੁੱਝ ਲੋਕਾਂ ਲਈ ਪਰਵਾਰ ਹੀ ਪਾਰਟੀ : ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਮਹੂਰੀਅਤ ਭਾਜਪਾ ਦੇ ਲਹੂ ਵਿਚ ਦੌੜਦੀ ਹੈ ਜਦਕਿ ਹੋਰਾਂ ਦੇ ਮਾਮਲਿਆਂ ਵਿਚ ਪਰਵਾਰ ਨਾਲ ਹੀ ਪਾਰਟੀ.........
ਮੁੰਬਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਮਹੂਰੀਅਤ ਭਾਜਪਾ ਦੇ ਲਹੂ ਵਿਚ ਦੌੜਦੀ ਹੈ ਜਦਕਿ ਹੋਰਾਂ ਦੇ ਮਾਮਲਿਆਂ ਵਿਚ ਪਰਵਾਰ ਨਾਲ ਹੀ ਪਾਰਟੀ ਬਣਦੀ ਹੈ। ਉਨ੍ਹਾਂ ਦੀ ਇਹ ਟਿਪਣੀ ਗਾਂਧੀ ਪਰਵਾਰ ਦੀ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਦੇ ਰਸਮੀ ਰੂਪ ਵਿਚ ਰਾਜਨੀਤੀ ਵਿਚ ਆਉਣ ਦੇ ਕੁੱਝ ਘੰਟੇ ਬਾਅਦ ਆਈ।
ਮਹਾਰਾਸ਼ਟਰ ਦੇ ਬਾਰਾਮਤੀ, ਗੜਚਿਰੌਲੀ, ਹਿੰਗੋਲੀ, ਨਾਂਦੇੜ ਅਤੇ ਨੰਦੂਰਬਾਰ ਦੇ ਬੂਥ ਪੱਧਰ ਦੇ ਭਾਜਪਾ ਕਾਰਕੁਨਾਂ ਨਾਲ ਸੰਵਾਦ ਕਰਦਿਆਂ ਮੋਦੀ ਨੇ ਕਿਹਾ ਕਿ ਹੋਰਾਂ ਦੇ ਮਾਮਲਿਆਂ ਵਿਚ ਪਰਵਾਰ ਹੀ ਪਾਰਟੀ ਹੈ ਜਿਸ ਦੇ ਉਲਟ ਭਾਜਪਾ ਵਿਚ ਪਾਰਟੀ ਹੀ ਪਰਵਾਰ ਹੈ।
ਪ੍ਰਿਯੰਕਾ ਗਾਂਧੀ ਦਾ ਅਸਿੱਧਾ ਜ਼ਿਕਰ ਕਰਦਿਆਂ ਮੋਦੀ ਨੇ ਕਿਹਾ ਕਿ ਭਾਜਪਾ ਵਿਚ ਫ਼ੈਸਲੇ ਇਸ ਆਧਾਰ 'ਤੇ ਨਹੀਂ ਕੀਤੇ ਜਾਂਦੇ ਕਿ ਇਕ ਵਿਅਕਤੀ ਜਾਂ ਇਕ ਪਰਵਾਰ ਕੀ ਸੋਚਦਾ ਹੈ। ਉਨ੍ਹਾਂ ਕਿਹਾ, 'ਸਾਡੀ ਪਾਰਟੀ ਵਿਚ ਫ਼ੈਸਲੇ ਇਸ ਆਧਾਰ 'ਤੇ ਕੀਤੇ ਜਾਂਦੇ ਹਨ ਕਿ ਪਾਰਟੀ ਕਾਰਕੁਨ ਕੀ ਚਾਹੁੰਦੇ ਹਨ।' ਮੋਦੀ ਨੇ ਇਹ ਵੀ ਕਿਹਾ ਕਿ ਭਾਜਪਾ ਜਮਹੂਰੀ ਸਭਿਆਚਾਰ ਅਤੇ ਕਦਰਾਂ-ਕੀਮਤਾਂ ਤੋਂ ਚਲਦੀ ਹੈ। ਉਨ੍ਹਾਂ ਕਿਹਾ, 'ਜਮਹੂਰੀਅਤ ਭਾਜਪਾ ਦੇ ਲਹੂ ਵਿਚ ਦੌੜਦਾ ਹੈ। ਇਹੋ ਕਾਰਨ ਹੈ ਕਿ ਦੇਸ਼ ਦੇ ਲੋਕ ਖ਼ੁਦ ਨੂੰ ਇਸ ਪਾਰਟੀ ਦੇ ਕਰੀਬ ਮਹਿਸੂਸ ਕਰਦੇ ਹਨ।' (ਏਜੰਸੀ)
ਪ੍ਰਿਯੰਕਾ ਇਕ ਫ਼ੀ ਸਦੀ ਵੀ ਚੁਨੌਤੀ ਨਹੀਂ : ਭਾਜਪਾ
ਲਖਨਊ : ਪ੍ਰਿਯੰਕਾ ਵਾਡਰਾ ਨੂੰ ਕਾਂਗਰਸ ਦਾ ਜਨਰਲ ਸਕੱਤਰ ਨਿਯੁਕਤ ਕੀਤੇ ਜਾਣ 'ਤੇ ਭਾਜਪਾ ਨੇ ਕਿਹਾ ਕਿ ਪ੍ਰਿਯੰਕਾ ਇਕ ਫ਼ੀ ਸਦ ਚੁਨੌਤੀ ਨਹੀਂ ਹੈ ਅਤੇ ਕਾਂਗਰਸ ਦਾ ਫ਼ੈਸਲਾ ਦਰਸਾਉਂਦਾ ਹੈ ਕਿ ਉਹ ਹਾਲੇ ਵੀ ਪਰਵਾਰ ਤੋਂ ਉਪਰ ਨਹੀਂ ਉਠ ਸਕੀ। ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਮਹਿੰਦਰ ਨਾਥ ਪਾਂਡੇ ਨੇ ਕਿਹਾ, 'ਕਿਹੜੀ ਪਾਰਟੀ ਕਿਸ ਨੂੰ ਜ਼ਿੰਮੇਵਾਰੀ ਦਿੰਦੀ ਹੈ, ਇਹ ਉਹ ਪਾਰਟੀ ਦਾ ਅੰਦਰੂਨੀ ਮਾਮਲਾ ਹੈ। ਅਸੀਂ ਜ਼ਿਆਦਾ ਟਿਪਣੀ ਨਹੀਂ ਕਰਨਾ ਚਾਹੁੰਦੇ। ਇਹ ਸਹੀ ਹੈ ਕਿ ਕਾਂਗਰਸ ਹਾਲੇ ਵੀ ਪਰਵਾਰ ਤੋਂ ਉਪਰ ਨਹੀਂ ਉਠ ਸਕੀ।
ਪ੍ਰਿਯੰਕਾ ਇਕ ਫ਼ੀ ਸਦੀ ਵੀ ਚੁਨੌਤੀ ਨਹੀਂ ਹੈ।' ਉਨ੍ਹਾਂ ਕਿਹਾ ਕਿ ਯੂਪੀ ਵਿਚ ਕਾਂਗਰਸ ਜਨਤਾ ਦਾ ਵਿਸ਼ਵਾਸ ਖੋ ਚੁਕੀ ਹੈ। ਪ੍ਰਿਯੰਕਾ ਆ ਵੀ ਜਾਵੇ ਤਾਂ ਵੀ ਕੁੱਝ ਨਹੀਂ ਹੋਣ ਵਾਲਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਸਾਫ਼-ਸੁਥਰੀ ਸਰਕਾਰ ਚੱਲ ਰਹੀ ਹੈ। ਜਿਹੜੇ ਲੋਕ ਸੱਤਾ ਤੋਂ ਦੂਰ ਹੋ ਗਏ ਹਨ, ਉਹ ਹਰ ਤਰ੍ਹਾਂ ਦੇ ਤਜਰਬੇ ਕਰ ਕੇ ਮੋਦੀ ਨੂੰ ਰੋਕਣ ਦਾ ਯਤਨ ਕਰ ਰਹੇ ਹਨ ਪਰ ਮੋਦੀ ਦਾ ਜਦ ਤਿੱਖਾ ਵਿਰੋਧ ਹੁੰਦਾ ਹੈ ਤਾਂ ਜਨਤਾ ਤੇਜ਼ੀ ਨਾਲ ਮੋਦੀ ਨਾਲ ਜੁੜਦੀ ਹੈ। (ਏਜੰਸੀ)