ਰਾਜਨੀਤੀ ਵਿਚ ਆਈ ਪ੍ਰਿਯੰਕਾ, ਬਣੀ ਜਨਰਲ ਸਕੱਤਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੂਰਬੀ ਯੂਪੀ ਦੀ ਇੰਚਾਰਜ ਨਿਯੁਕਤ, ਕਾਂਗਰਸ ਆਗੂਆਂ ਵਲੋਂ ਭਰਵਾਂ ਸਵਾਗਤ......

Priyanka Gandhi

ਨਵੀਂ ਦਿੱਲੀ  :  ਲੋਕ ਸਭਾ ਚੋਣਾਂ ਤੋਂ ਕੁੱਝ ਮਹੀਨੇ ਪਹਿਲਾਂ ਵੱਡਾ ਦਾਅ ਖੇਡਦਿਆਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅਪਣੀ ਭੈਣ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਪਾਰਟੀ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਹੈ ਅਤੇ ਪੂਰਬੀ ਯੂਪੀ ਦੀ ਜ਼ਿੰਮੇਵਾਰੀ ਸੌਂਪੀ ਹੈ। ਇਸ ਨਿਯੁਕਤੀ ਨਾਲ ਹੀ ਪ੍ਰਿਯੰਕਾ ਦਾ ਸਰਗਰਮ ਰਾਜਨੀਤੀ ਵਿਚ ਦਾਖ਼ਲਾ ਹੋ ਗਿਆ ਹੈ। ਰਾਹੁਲ ਨੇ ਪਾਰਟੀ ਵਿਚ ਵੱਡਾ ਬਦਲਾਅ ਕਰਦਿਆਂ ਅਪਣੀ ਭੈਣ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਪਾਰਟੀ ਜਨਰਲ ਸਕੱਤਰ ਨਿਯੁਕਤ ਕੀਤਾ। ਪਾਰਟੀ ਦੇ ਬਿਆਨ ਮੁਤਾਬਕ ਜਯੋਤੀਰਾਦਿਤਯ ਸਿੰਧੀਆ ਨੂੰ ਜਨਰਲ ਸਕੱਤਰ-ਇੰਚਾਰਜ (ਉੱਤਰ ਪ੍ਰਦੇਸ਼-ਪੱਛਮ) ਬਣਾਇਆ ਗਿਆ ਹੈ।

ਪ੍ਰਿਯੰਕਾ ਫ਼ਰਵਰੀ ਦੇ ਪਹਿਲੇ ਹਫ਼ਤੇ ਵਿਚ ਕਾਰਜਭਾਰ ਸੰਭਾਲੇਗੀ। ਪਾਰਟੀ ਦੇ ਸੀਨੀਅਰ ਆਗੂ ਕੇ ਸੀ ਵੇਣੂਗੋਪਾਲ ਨੂੰ ਪਾਰਟੀ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਜੋ ਪਹਿਲਾਂ ਵਾਂਗ ਕਰਨਾਟਕ ਦੇ ਇੰਚਾਰਜ ਦੀ ਭੂਮਿਕਾ ਨਿਭਾਉਂਦੇ ਰਹਿਣਗੇ। ਪ੍ਰਿਯੰਕਾ ਹਿੰਦੀ ਪੱਟੀ ਯੂਪੀ ਵਿਚ ਅਪਣੇ ਭਰਾ ਰਾਹੁਲ ਗਾਂਧੀ ਦੀ ਮਦਦ ਕਰੇਗੀ ਜਿਥੇ ਲੋਕ ਸਭਾ ਦੀਆਂ ਸੱਭ ਤੋਂ ਜ਼ਿਆਦਾ 80 ਸੀਟਾਂ ਹਨ। ਪ੍ਰਿਯੰਕਾ ਗਾਂਧੀ ਦੀ ਨਿਯਕੁਤੀ ਦਾ ਕਈ ਕਾਂਗਰਸੀ ਆਗੂਆਂ ਨੇ ਸਵਾਗਤ ਕੀਤਾ ਹੈ।

ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਪ੍ਰਿਯੰਕਾ ਗਾਂਧੀ ਦੇ ਸਰਗਰਮ ਰਾਜਨੀਤੀ ਵਿਚ ਆਉਣ ਨਾਲ ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ।  ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਦਾ ਮੋਦੀ ਸਰਕਾਰ ਦੇ 'ਕੁਸ਼ਾਸਨ' ਦਾ ਅੰਤ ਕਰਨ ਦਾ ਏਜੰਡਾ ਵੀ ਇਸ ਨਾਲ ਮਜ਼ਬੂਤ ਹੋਵੇਗਾ। ਪ੍ਰਿਯੰਕਾ ਗਾਂਧੀ ਦੇ ਪਤੀ ਰਾਬਰਟ ਵਾਡਰਾ ਨੇ ਕਿਹਾ ਕਿ ਇਹ ਚੰਗੀ ਖ਼ਬਰ ਹੈ। ਉਹ ਜ਼ਿੰਦਗੀ ਦੇ ਹੋਰ ਮੋੜ 'ਤੇ ਅਪਣੀ ਪਤਨੀ ਨਾਲ ਹਨ। ਉਹ ਇਸ ਨਿਯੁਕਤੀ 'ਤੇ ਪ੍ਰਿਯੰਕਾ ਨੂੰ ਵਧਾਈ ਦਿੰਦੇ ਹਨ।      (ਏਜੰਸੀ)