ਗਣਤੰਤਰ ਦਿਵਸ ਪਰੇਡ ਵਿਚ ਇਸ ਵਾਰ ਜਲਿਆਂਵਾਲਾ ਕਾਂਡ ਦੀ ਝਾਕੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

70ਵੇਂ ਗਣਤੰਤਰ ਦਿਵਸ ਦੀ ਪਰੇਡ ਵਿਚ ਰਾਜਪੱਥ 'ਤੇ ਇਤਿਹਾਸਕ ਡੇਅਰਡੈਵਿਲ ਟੀਮ ਤਹਿਤ ਆਸਾਮ ਰਾਈਫ਼ਲਜ਼ ਦੀ ਟੁਕੜੀ ਦੀ ਅਗਵਾਈ ਵਿਚ ਵਿਲੱਖਣ ਨਾਰੀ ਸ਼ਕਤੀ ਦਾ ਪ੍ਰਦਰਸ਼ਨ ਹੋਵੇਗਾ...

Sikh Regiment from Repulic Day Parade

ਨਵੀਂ ਦਿੱਲੀ  : 70ਵੇਂ ਗਣਤੰਤਰ ਦਿਵਸ ਦੀ ਪਰੇਡ ਵਿਚ ਰਾਜਪੱਥ 'ਤੇ ਇਤਿਹਾਸਕ ਡੇਅਰਡੈਵਿਲ ਟੀਮ ਤਹਿਤ ਆਸਾਮ ਰਾਈਫ਼ਲਜ਼ ਦੀ ਟੁਕੜੀ ਦੀ ਅਗਵਾਈ ਵਿਚ ਵਿਲੱਖਣ ਨਾਰੀ ਸ਼ਕਤੀ ਦਾ ਪ੍ਰਦਰਸ਼ਨ ਹੋਵੇਗਾ ਅਤੇ ਇਕੱਲੀ ਮਹਿਲਾ ਅਧਿਕਾਰੀ ਬਾਈਕ 'ਤੇ ਸਟੰਟ ਵਿਖਾਏਗੀ। ਇਸ ਦੇ ਨਾਲ ਹੀ 1919 ਦਾ ਜਲਿਆਂਵਾਲਾ ਕਾਂਡ ਇਸ ਸਾਲ ਗਣਤੰਤਰ ਦਿਵਸ ਪਰੇਡ ਵਿਚ ਪੰਜਾਬ ਦੀ ਸਰਕਾਰੀ ਝਾਕੀ ਦਾ ਵਿਸ਼ਾ ਹੋਵੇਗਾ। ਪੰਜਾਬ ਦੀ ਝਾਕੀ ਲਗਾਤਾਰ ਤੀਜੀ ਵਾਰ ਪਰੇਡ ਵਿਚ ਦਿਸੇਗੀ। ਚੀਫ਼ ਆਫ਼ ਸਟਾਫ਼ ਮੇਜਰ ਜਨਰਲ ਰਾਜਪਾਲ ਪੁਨੀਆ ਨੇ ਇਥੇ ਪੱਤਰਕਾਰ ਸੰਮੇਲਨ ਵਿਚ ਦਸਿਆ

ਕਿ ਪਹਿਲੀ ਵਾਰ ਆਜ਼ਾਦ ਹਿੰਦ ਫ਼ੌਜ ਦੇ 90 ਸਾਲ ਤੋਂ ਜ਼ਿਆਦਾ ਉਮਰ ਦੇ ਚਾਰ ਫ਼ੌਜੀ ਵੀ ਇਸ ਪਰੇਡ ਵਿਚ ਹਿੱਸਾ ਲੈਣਗੇ। ਉਨ੍ਹਾਂ ਕਿਹਾ, 'ਇਹ ਗਣਤੰਤਰ ਦਿਵਸ ਪਰੇਡ ਨਾਰੀ ਸ਼ਕਤੀ ਦਾ ਪ੍ਰਦਰਸ਼ਨ ਵੀ ਹੋਵੇਗਾ ਕਿਉਂਕਿ ਆਸਾਮ ਰਾਈਫ਼ਲ ਦੀ ਮੁਕੰਮਲ ਮਹਿਲਾ ਟੁਕੜੀ ਤੋਂ ਇਲਾਵਾ ਕਈ ਟੁਕੜੀਆਂ ਦੀਆਂ ਔਰਤਾਂ ਅਗਵਾਈ ਕਰਨਗੀਆਂ।' ਜਦ ਪੁਨੀਆ ਨੂੰ ਪੁਛਿਆ ਗਿਆ ਕਿ ਕੀ ਇਸ ਗਣਤੰਤਰ ਦਿਵਸ ਪਰੇਡ ਵਿਚ ਹੁਣ ਤਕ ਔਰਤਾਂ ਦੀ ਸੱਭ ਤੋਂ ਵੱਡੀ ਹਿੱਸੇਦਾਰੀ ਨਜ਼ਰ ਆਵੇਗੀ ਤਾਂ ਉਨ੍ਹਾਂ ਕਿਹਾ, 'ਇਸ ਸਾਲ ਦੀ ਪਰੇਡ ਵਿਚ ਉਨ੍ਹਾਂ ਦੀ ਹਿੱਸੇਦਾਰੀ ਦੇ ਪੱਧਰ ਖ਼ਾਸਕਰ ਆਸਾਮ ਰਾਈਫ਼ਲ ਦੀ ਮਹਿਲਾ ਟੁਕੜੀ ਅਤੇ ਹੋਰ ਟੁਕੜੀਆਂ ਦੀ ਕਮਾਨ

ਔਰਤਾਂ ਦੇ ਹੱਥਾਂ ਵਿਚ ਹੋਣ ਨੂੰ ਵੇਖਦਿਆਂ ਇਹ ਪਰੇਡ ਵਿਚ ਔਰਤਾਂ ਦੀ ਸੱਭ ਤੋਂ ਵੱਡੀ ਭਾਈਵਾਲੀ ਹੈ।' ਸਿਗਨਲ ਕੋਰ ਦੀ ਕਪਤਾਨ ਸ਼ਿਖ਼ਾ ਸੁਰਭੀ ਅਪਣੀ ਟੀਮ ਦੇ ਮਰਦ ਸਾਥੀਆਂ ਨਾਲ ਬਾਈਕ ਸਟੰਟ ਕਰੇਗੀ। 30 ਸਾਲਾ ਮੇਜਰ ਖ਼ੁਸ਼ਬੂ ਕੰਵਰ ਦੇਸ਼ ਦੇ ਸੱਭ ਤੋਂ ਪੁਰਾਣੇ ਅਰਧਸੈਨਿਕ ਬਲ ਆਸਾਮ ਰਾਈਫ਼ਲਜ਼ ਦੀ ਟੁਕੜੀ ਦੀ ਅਗਵਾਈ ਕਰੇਗੀ। ਉਨ੍ਹਾਂ ਕਿਹਾ ਕਿ ਆਸਾਮ ਰਾਈਫ਼ਲ ਦੀ ਮਹਿਲਾ ਟੁਕੜੀ ਦੀ ਅਗਵਾਈ ਕਰਨਾ ਉਸ ਲਈ ਮਾਣ ਵਾਲੀ ਗੱਲ ਹੈ। ਏਜੰਸੀ)