ਪ੍ਰਿਯੰਕਾ ਦੇ ਆਉਣ ਨਾਲ ਯੂਪੀ ਵਿਚ ਆਵੇਗੀ ਨਵੀਂ ਸੋਚ : ਰਾਹੁਲ ਗਾਂਧੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਿਯੰਕਾ ਤੇ ਸਿੰਧੀਆ ਨੂੰ 'ਮਿਸ਼ਨ ਯੂਪੀ' ਦੇ ਦਿਤਾ ਹੈ, ਅਸੀਂ ਫ਼ਰੰਟਫ਼ੁਟ 'ਤੇ ਖੇਡਾਂਗੇ......

Rahul Gandhi

ਅਮੇਠੀ  : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਪਾਰਟੀ ਦਾ ਅਹੇਦਦਾਰ ਬਣਾਉਣ ਮਗਰੋਂ ਕਿਹਾ ਕਿ ਪ੍ਰਿਯੰਕਾ ਦੇ ਆਉਣ ਨਾਲ ਯੂਪੀ ਵਿਚ ਨਵੇਂ ਤਰੀਕੇ ਦੀ ਸੋਚ ਆਵੇਗੀ ਅਤੇ ਰਾਜਨੀਤੀ ਵਿਚ ਹਾਂਪੱਖੀ ਤਬਦੀਲੀ ਆਵੇਗੀ। ਰਾਹੁਲ ਨੇ ਕਿਹਾ, 'ਮੈਂ ਯੂਪੀ ਵਿਚ ਪ੍ਰਿਯੰਕਾ ਗਾਂਧੀ ਅਤੇ ਸਿੰਧੀਆ ਨੂੰ ਮਿਸ਼ਨ ਦਿਤਾ ਹੈ ਕਿ ਉਹ ਰਾਜ ਵਿਚ ਕਾਂਗਰਸ ਦੀ ਸੱਚੀ ਵਿਚਾਰਧਾਰਾ ਯਾਨੀ ਗ਼ਰੀਬਾਂ ਅਤੇ ਕਮਜ਼ੋਰ ਲੋਕਾਂ ਦੀ ਵਿਚਾਰਧਾਰਾ- ਸਾਰਿਆਂ ਨੂੰ ਅੱਗੇ ਲੈ ਕੇ ਵਧਣ ਦੀ ਵਿਚਾਰਧਾਰਾ ਨੂੰ ਅੱਗੇ ਵਧਾਉਣ। ਉਨ੍ਹਾਂ ਕਿਹਾ, 'ਅਸੀਂ ਕਦੇ ਵੀ ਬੈਕਫ਼ੁਟ 'ਤੇ ਨਹੀਂ ਖੇਡਾਂਗੇ। ਅਸੀਂ ਰਾਜਨੀਤੀ ਜਨਤਾ ਲਈ, ਵਿਕਾਸ ਲਈ ਕਰਦੇ ਹਾਂ।

ਜਿਵੇਂ ਮੌਕਾ ਮਿਲੇਗਾ, ਅਸੀਂ ਫ਼ਰੰਟਫ਼ੁਟ 'ਤੇ ਖੇਡਾਂਗੇ।' ਉਨ੍ਹਾਂ ਕਿਹਾ ਕਿ ਉਹ ਬਸਪਾ ਮੁਖੀ ਮਾਇਆਵਤੀ ਅਤੇ ਸਮਾਜਵਾਦੀ ਮੁਖੀ ਅਖਿਲੇਸ਼ ਯਾਦਵ ਦਾ ਪੂਰਾ ਆਦਰ ਕਰਦੇ ਹਾਂ। ਉਨ੍ਹਾਂ ਕਿਹਾ ਕਿ ਪ੍ਰਿਯੰਕਾ ਤੇ ਸਿੰਧੀਆ ਨੂੰ 'ਮਿਸ਼ਨ ਯੂਪੀ' ਦੇ ਦਿਤਾ ਹੈ। ਕਾਂਗਰਸ ਅਤੇ ਸਮਾਜਵਾਦੀ-ਬਸਪਾ ਦੀ ਵਿਚਾਰਧਾਰਾ ਵਿਚ ਕਾਫ਼ੀ ਸਮਾਨਤਾਵਾਂ ਹਨ। ਸਾਡੀ ਲੜਾਈ ਭਾਜਪਾ ਵਿਰੁਧ ਹੈ।

ਰਾਹੁਲ ਨੇ ਕਿਹਾ ਕਿ ਸਮਾਜਵਾਦੀ ਅਤੇ ਬਸਪਾ ਨਾਲ ਸਾਡਾ ਜਿਥੇ ਵੀ ਸਹਿਯੋਗ ਹੋ ਸਕਦਾ ਹੈ, ਅਸੀਂ ਕਰਨ ਨੂੰ ਤਿਆਰ ਹਾਂ। ਜਿਥੇ ਵੀ ਅਸੀਂ ਭਾਜਪਾ ਨੂੰ ਹਰਾਉਣ ਲਈ ਇਕੱਠੇ ਕੰਮ ਕਰ ਸਕਦੇ ਹਾਂ, ਅਸੀਂ ਕਰਾਂਗੇ। ਉਨ੍ਹਾਂ ਕਿਹਾ, 'ਪਰ ਕਾਂਗਰਸ ਪਾਰਟੀ ਦੀ ਥਾਂ ਬਣਾਉਣ ਦਾ ਕੰਮ ਸਾਡਾ ਹੈ। ਅਸੀਂ ਇਹ ਜਗ੍ਹਾ ਬਣਾਉਣ ਲਈ ਵੱਡਾ ਕਦਮ ਚੁਕਿਆ ਹੈ। ਮੈਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ ਕਿ ਮੇਰੀ  ਭੈਣ ਜੋ ਬਹੁਤ ਮਿਹਨਤੀ ਹੈ, ਹੁਣ ਸਾਡੇ ਨਾਲ ਕੰਮ ਕਰੇਗੀ।'      (ਏਜੰਸੀ)