ਦਿੱਲੀ ਅੰਦਰ ਹੋਣ ਵਾਲੀ ਟਰੈਕਟਰ ਪਰੇਡ ਨੂੰ ਲੈ ਕੇ ਕਿਸਾਨਾਂ 'ਚ ਉਤਸ਼ਾਹ,ਕਈ ਸੂਬਿਆਂ ਤੋਂ ਪਹੁੰਚੇ ਕਿਸਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੁਲਿਸ ਨੇ 26 ਜਨਵਰੀ ਨੂੰ ਹੋਣ ਜਾ ਰਹੀ ਕਿਸਾਨਾਂ ਦੀ ਟਰੈਕਟਰ ਰੈਲੀ ਨੂੰ ਮਨਜ਼ੂਰੀ ਦੇ ਦਿੱਤੀ ਹੈ। 

tractor prade

ਨਵੀਂ ਦਿੱਲੀ: ਖ਼ੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਅੰਦੋਲਨ ਲਗਾਤਾਰ ਤੇਜ ਹੁੰਦਾ ਜਾ ਰਿਹਾ ਹੈ। ਬੀਤੇ ਦਿਨੀ 11ਵੇਂ ਗੇੜ ਦੀ ਗੱਲਬਾਤ ਬੇਸਿੱਟਾ ਰਹਿਣ ਬਾਅਦ ਕਿਸਾਨਾਂ ਦਾ ਸਾਰਾ ਧਿਆਨ 26 ਜਨਵਰੀ ਨੂੰ ਦਿੱਲੀ ਅੰਦਰ ਹੋਣ ਵਾਲੀ ਟਰੈਕਟਰ ਪਰੇਡ ‘ਤੇ ਲੱਗ ਗਿਆ ਹੈ। ਇਸ ਪਰੇਡ ਨੂੰ ਲੈ ਕੇ ਕਿਸਾਨਾਂ ਵਿਚ ਭਾਰੀ ਉਤਸ਼ਾਹ ਹੈ, ਖਾਸ ਕਰ ਕੇ ਨੌਜਵਾਨ ਪੀੜ੍ਹੀ ਇਸ ਵਿਚ ਆਪਣੀ ਹਾਜ਼ਰੀ ਲਗਾਉਣ ਲਈ ਉਤਾਵਲੀ ਹੈ। ਵੱਡੀ ਗਿਣਤੀ ਕਿਸਾਨਾਂ ਨੇ ਟਰੈਕਟਰਾਂ ਨੂੰ ਖਾਸ ਤਰੀਕੇ ਨੂੰ ਸਜਾ ਕੇ ਦਿੱਲੀ ਵੱਲ ਨੂੰ ਕੂਚ ਕਰਨੀ ਸ਼ੁਰੂ ਦਿੱਤੀ ਹੈ। ਪੁਲਿਸ ਨੇ 26 ਜਨਵਰੀ ਨੂੰ ਹੋਣ ਜਾ ਰਹੀ ਕਿਸਾਨਾਂ ਦੀ ਟਰੈਕਟਰ ਰੈਲੀ ਨੂੰ ਮਨਜ਼ੂਰੀ ਦੇ ਦਿੱਤੀ ਹੈ। 

ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਦਿੱਲੀ ਵਿੱਚ ਦਾਖਲ ਹੋਣਗੇ ਅਤੇ ਸ਼ਾਂਤੀ ਨਾਲ ਮਾਰਚ ਕਰਨਗੇ। ਪਰੇਡ ਦਾ ਰੂਟ ਕੱਲ੍ਹ ਫਾਈਨਲ ਹੋਵੇਗਾ। ਬਹੁਤ ਸਾਰੇ ਕਿਸਾਨ 26 ਜਨਵਰੀ ਨੂੰ ਦਿੱਲੀ 'ਚ ਹੋਣ ਵਾਲੀ ਟ੍ਰੈਕਟਰ ਪਰੇਡ 'ਚ ਸ਼ਾਮਲ ਹੋਣ ਲਈ ਜਾ ਰਹੇ ਹਨ। ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਵਰਗੇ ਸੂਬਿਆਂ ਤੋਂ ਕਰੀਬ ਪੰਜ ਹਜਾਰ ਟ੍ਰੈਕਟਰ ਲੈ ਕੇ ਕਿਸਾਨ ਦਿੱਲੀ ਦੀ ਸੀਮਾ 'ਤੇ ਇਕ ਦਿਨ 'ਚ ਪਹੁੰਚ ਗਏ। ਉੱਥੇ ਹੀ ਦਿੱਲੀ ਦੇ ਸਾਰੇ ਸੰਪਰਕ ਮਾਰਗ ਪੁਲਿਸ ਨੇ ਸੀਲ ਕਰ ਦਿੱਤੇ ਹਨ। ਪੁਲਿਸ ਦੇ ਮੁਤਾਬਕ ਜੇਕਰ ਕਿਸਾਨ ਸਭ ਚੀਜ਼ਾਂ ਲਿਖਤੀ 'ਚ ਦੇਣਗੇ। ਉਦੋਂ ਉਨ੍ਹਾਂ ਇਜਾਜ਼ਤ ਦਿੱਤੀ ਜਾ ਸਕਦੀ ਹੈ। ਟ੍ਰੈਕਟਰ ਪਰੇਡ ਕਰੀਬ 100 ਕਿਮੀ ਦੀ ਹੋਵੇਗੀ ਤੇ ਇਕ ਰੂਟ ਦੇ ਟ੍ਰੈਕਟਰ ਦੂਜੇ ਰੂਟ ਤੋਂ ਨਹੀਂ ਮਿਲਣਗੇ। ਇਹ ਪਰੇਡ 24 ਘੰਟੇ ਤੋਂ ਲੈਕੇ 72 ਘੰਟੇ ਤਕ ਚੱਲੇਗੀ।

ਦਿੱਲੀ ਜਾਣ ਵਾਲਿਆਂ ਵਿਚ ਕਿਸਾਨੀ ਪਿਛੋਕੜ ਤੋਂ ਇਲਾਵਾ ਬਾਕੀ ਸਭ ਵਰਗਾਂ ਦੇ ਨੌਜਵਾਨ ਵੀ ਸ਼ਾਮਲ ਹਨ। ਹੋਂਦ ਦੀ ਲੜਾਈ ਵਿਚ ਤਬਦੀਲ ਹੋ ਚੁਕੇ ਕਿਸਾਨੀ ਸੰਘਰਸ਼ ਵਿਚ ਹਾਜ਼ਰੀ ਲਗਵਾਉਣ ਨੂੰ ਹਰ ਕੋਈ ‘ਧੰਨ ਭਾਗ’ ਸਮਝ ਰਿਹਾ ਹੈ। ਨੌਜਵਾਨਾਂ ਮੁਤਾਬਕ ਉਹ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੀ ਜਵਾਬ ਦੇਣਗੇ ਕਿ ਅਸੀਂ ਠੰਡ ਅਤੇ ਔਖ ਤੋਂ ਡਰਦੇ ਘਰਾਂ ਵਿਚ ਹੀ ਬੈਠੇ ਰਹੇ ਸਾਂ ਜਦਕਿ 80-80 ਸਾਲ ਦੇ ਬਜ਼ੁਰਗ ਸਭ ਤੋਂ ਮੋਹਰੀ ਭੂਮਿਕਾ ਨਿਭਾਅ ਰਹੇ ਸਨ।